July 7, 2024 3:57 pm
Punjabi University

ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਯੂਨੀਵਰਸਿਟੀ ਦੇ ਸੈਨੇਟ ਮੈਂਬਰ ਤੇ ਪੰਜਾਬ ਦੇ ਸਿਹਤ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਐਲਾਨ

ਪਟਿਆਲਾ, 21 ਮਾਰਚ 2023: ਪੰਜਾਬੀ ਯੂਨੀਵਰਸਿਟੀ (Punjabi University) ਪਟਿਆਲਾ ਦੀਆਂ ਵਿਦਿਆਰਥੀ, ਅਧਿਆਪਕ ਅਤੇ ਕਰਮਚਾਰੀ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦੁਆਰਾ ਬਜਟ ਵਿੱਚ ਗਰਾਂਟ ਘਟਾਉਣ ਦੇ ਮੁੱਦੇ ਤੇ ਚੱਲ ਰਿਹਾ ਸੰਘਰਸ਼ ਅੱਜ 9ਵੇਂ ਦਿਨ ਵੀ ਜਾਰੀ ਰਿਹਾ। ਅੱਜ ਕਲਾਸਾਂ ਅਤੇ ਕੰਮ-ਕਾਜ ਛੱਡ ਕੇ ਯੂਨੀਵਰਸਿਟੀ ਵਿਚ ਫਿਰ ਰੋਹ ਭਰਭੂਰ ਮਾਰਚ ਕੱਢਿਆ ਗਿਆ। ਮੋਰਚੇ ਵੱਲੋਂ ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦੇ ਹੋਏ ਅਮਨਦੀਪ ਸਿੰਘ ਖਿਉਵਾਲੀ ਵੱਲੋਂ ਕਿਹਾ ਗਿਆ ਕਿ 9 ਦਿਨ ਬੀਤ ਜਾਣ ਬਾਅਦ ਵੀ ਪੰਜਾਬ ਸਰਕਾਰ ਵੱਲੋਂ ਮੋਰਚੇ ਨਾਲ ਕੋਈ ਗੱਲ-ਬਾਤ ਨਹੀਂ ਕੀਤੀ ਗਈ |

ਪੰਜਾਬੀ ਯੂਨੀਵਰਸਿਟੀ (Punjabi University) ਦੇ ਸੰਕਟ ਸੰਬੰਧੀ ਸਿੱਖਿਆ ਮੰਤਰੀ ਵੱਲੋਂ ਬਿਆਨ ਤੱਕ ਨਹੀਂ ਦਿੱਤਾ ਗਿਆ। ਹੁਣ ਮੋਰਚੇ ਵੱਲੋਂ ਤਿੱਖੇ ਐਕਸ਼ਨ ਕੀਤੇ ਜਾਣਗੇ। ਇਹ ਨਿਰੰਤਰ ਜਾਰੀ ਰਹਿਣਗੇ ਅਤੇ ਇਸਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ। ਇਸ ਕੜੀ ਤਹਿਤ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ 23 ਮਾਰਚ ਨੂੰ ਪੰਜਾਬੀ ਯੂਨੀਵਰਸਿਟੀ ਦੇ ਸੈਨੇਟ ਮੈਂਬਰ ਅਤੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਅੱਜ ਦੇ ਪ੍ਰੋਗਰਾਮ ਤਹਿਤ ਸ਼ੋਸ਼ਲ ਸਾਇੰਸ ਵਿਭਾਗਾਂ ਦੇ ਵਿਦਿਆਰਥੀ ਅਧਿਆਪਕਾਂ ਅਤੇ ਕਰਮਾਚਾਰੀਆਂ ਵੱਲੋਂ ਇਕੱਠ ਕੀਤਾ ਗਿਆ।

ਆਗੂਆਂ ਵਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਯੂਨੀਵਰਸਿਟੀ (Punjabi University) ਪ੍ਰਤੀ ਸੁਹਿਰਦ ਪੰਹੁਚ ਅਪਣਾਉਣ ਦੀ ਬਜਾਏ ਅੜੀਅਲ ਰਵਈਆ ਅਪਣਾ ਰਹੀ ਹੈ। ਪੰਜਾਬ ਸਰਕਾਰ ਇਕ ਪਾਸੇ ਸਿੱਖਿਆ ਦੇ ਮੁੱਦੇ ਨੂੰ ਤਰਜੀਹ ਤੇ ਰੱਖਣ ਦੇ ਐਲਾਨ ਕਰ ਰਹੀ ਹੈ ਜਦਕਿ ਯੂਨੀਵਰਸਿਟੀ ਨੂੰ ਆਪਣੇ ਬਣਦੇ ਹੱਕ ਲੈਣ ਲਈ ਸੜਕਾਂ ਤੇ ਉਤਰਨਾ ਪੈ ਰਿਹਾ ਹੈ। ਭ੍ਰਿਸ਼ਟਾਚਾਰ ਅਤੇ ਗਰਾਂਟ ਨਾ ਦੇਣ ਕਾਰਨ ਜੋ ਵੀ ਮਹੌਲ ਪੈਦਾ ਹੋਇਆ ਹੈ | ਉਸ ਵਿੱਚ ਸਭ ਤੋਂ ਵੱਧ ਨੁਕਸਾਨ ਵਿਦਿਆਰਥੀਆਂ ਦਾ ਹੀ ਹੋ ਰਿਹਾ ਹੈ। ਯੂਨੀਵਰਸਿਟੀ ਸਮੇਂ ਤੇ ਵਿਦਿਆਰਥੀਆਂ ਦੇ ਨਤੀਜੇ ਨਹੀਂ ਐਲਾਨ ਪਾ ਰਹੀ। ਨਾ ਹੀ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਭਰਿਆ ਜਾ ਰਿਹਾ ਹੈ। ਇਸੇ ਤਰਾਂ ਕਲਾਸਾਂ ਲਈ ਕਮਰਿਆਂ ਅਤੇ ਹੋਸਟਲਾਂ ਦੀ ਸਖ਼ਤ ਜ਼ਰੂਰਤ ਦੇ ਬਾਵਜੂਦ ਵਿੱਤੀ ਘਾਟੇ ਕਰਕੇ ਨਹੀਂ ਬਣਾਏ ਜਾ ਰਹੇ।

ਆਗੂਆਂ ਵੱਲੋਂ ਕਿਹਾ ਗਿਆ ਕਿ ਜਿੰਨਾਂ ਸਮਾਂ ਸਰਕਾਰ ਵੱਲੋਂ ਨੀਤੀਗਤ ਫੈਸਲੇ ਤਹਿਤ 150 ਕਰੋੜ ਦਾ ਕਰਜ਼ਾ ਮਾਫ਼ ਨਹੀਂ ਕੀਤਾ ਜਾਂਦਾ ਅਤੇ ਪੂਰਾ ਬਜਟ ਜਾਰੀ ਕਰਨ ਦਾ ਲਿਖਤੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ ਉਹਨਾਂ ਸਮਾਂ ਮੋਰਚਾ ਜਾਰੀ ਰਹੇਗਾ। ਅੱਜ ਦੇ ਪ੍ਰੋਗਰਾਮ ਵਿੱਚ ਡਾ. ਰਾਜਦੀਪ ਸਿੰਘ, ਅਮਨਦੀਪ ਸਿੰਘ ਖਿਉਵਾਲੀ, ਗੁਰਪ੍ਰੀਤ ਸਿੰਘ, ਡਾ. ਚਰਨਜੀਤ, ਗਗਨਦੀਪ ਸ਼ਰਮਾ, ਡਾ. ਗੁਰਸੇਵਕ ਲੰਬੀ, ਰਸ਼ਪਿੰਦਰ ਜਿੰਮੀਂ, ਹਰਦੀਪ ਸ਼ਰਮਾ ਅਤੇ ਪ੍ਰੀਤ ਕਾਂਸ਼ੀ ਵੱਲੋਂ ਸੰਬੋਧਨ ਕੀਤਾ ਗਿਆ।