ਪਟਿਆਲਾ, 01 ਜਨਵਰੀ 2024: ਪੰਜਾਬੀ ਯੂਨੀਵਰਸਿਟੀ (Punjabi University) ਵਿਖੇ ਗ਼ੈਰ ਵਾਜਿਬ ਮੰਗਾਂ ਲਈ ਬਜ਼ਿੱਦ ਮੁੱਖ ਗੇਟ ਉੱਤੇ ਬੈਠੇ ਧਰਨਾਕਾਰੀ ਸੁਰੱਖਿਆ ਮੁਲਾਜ਼ਮਾਂ ਦੇ ਗ਼ਲਤ ਵਿਹਾਰ ਅਤੇ ਅਢੁਕਵੇਂ ਵਤੀਰੇ ਸੰਬੰਧੀ ਯੂਨੀਵਰਸਿਟੀ ਅਥਾਰਟੀ ਵੱਲੋਂ ਅਨੁਸ਼ਾਸਨੀ ਕਾਰਵਾਈ ਕਰਦਿਆਂ ਪੁਲਿਸ ਸ਼ਿਕਾਇਤ ਦਰਜ ਕਰਵਾਈ ਗਈ ਹੈ। ਯੂਨੀਵਰਸਿਟੀ ਵਿਖੇ ਪੜ੍ਹਨ-ਪੜ੍ਹਾਉਣ ਦੇ ਮਾਹੌਲ ਨੂੰ ਬਰਕਰਾਰ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਸੰਭਾਵੀ ਅਣਸੁਖਾਵੀਂ ਘਟਨਾ ਦੇ ਮੱਦੇਨਜ਼ਰ ਇਹਤਿਆਤੀ ਕਦਮ ਵਜੋਂ ਇਹ ਕਾਰਵਾਈ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਪ੍ਰਸ਼ਾਸ਼ਨ ਵੱਲੋਂ ਧਰਨਾਕਾਰੀ ਸੁਰੱਖਿਆ ਮੁਲਾਜ਼ਮਾਂ ਨਾਲ਼ ਵਾਰ-ਵਾਰ ਗੱਲਬਾਤ ਕੀਤੀ ਗਈ ਸੀ। ਗੱਲਬਾਤ ਦੌਰਾਨ ਉਨ੍ਹਾਂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਸੀ ਕਿ ਕਾਨੂੰਨ ਅਨੁਸਾਰ ਜੋ ਵੀ ਲਾਭ ਉੱਚਿਤ ਹੋਵੇਗਾ ਉਹ ਉਨ੍ਹਾਂ ਨੂੰ ਜ਼ਰੂਰ ਦਿੱਤਾ ਜਾਵੇਗਾ। ਉਹਨਾਂ ਵੱਲੋਂ ਉਠਾਈਆਂ ਜਾ ਰਹੀਆਂ ਮੰਗਾਂ ਕਾਨੂੰਨੀ ਤੌਰ ਉੱਤੇ ਗ਼ੈਰ-ਵਾਜਬ ਹਨ। ਨਾਲ਼ ਹੀ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਸੁਰੱਖਿਆ ਸੰਬੰਧੀ ਸੇਵਾਵਾਂ ਕਿਸੇ ਵੀ ਅਦਾਰੇ ਦੀਆਂ ਲਾਜ਼ਮੀ ਸੇਵਾਵਾਂ ਵਾਲ਼ੀ ਸ਼ਰੇਣੀ ਵਿੱਚ ਆਉਂਦੀਆਂ ਹਨ। ਇਸ ਲਈ ਇਹ ਸੇਵਾਵਾਂ ਹਰ ਹਾਲਤ ਵਿੱਚ ਜਾਰੀ ਰਹਿਣੀਆਂ ਲਾਜ਼ਮੀ ਹੁੰਦੀਆਂ ਹਨ।
ਸੁਰੱਖਿਆ ਸੇਵਾਵਾਂ ਦੇ ਇਸ ਖਾਸੇ ਦੇ ਮੱਦੇਨਜ਼ਰ ਸਾਰੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਬੇਸ਼ੱਕ ਆਪਣੇ ਹੱਕਾਂ ਲਈ ਅਵਾਜ਼ ਉਠਾਉਂਦੇ ਰਹਿਣ ਪਰ ਨਾਲ਼ ਆਪਣੇ ਫਰਜ਼ਾਂ ਨੂੰ ਪਹਿਚਾਣਦੇ ਹੋਏ ਆਪਣਾ ਕੰਮ ਕਾਜ ਵੀ ਜਾਰੀ ਰੱਖਣ ਤਾਂ ਕਿ ਅਦਾਰੇ ਨੂੰ ਸੁਰੱਖਿਆ ਪੱਖੋਂ ਕਿਸੇ ਵੀ ਕਿਸਮ ਦੇ ਖਦਸ਼ੇ ਦਾ ਸਾਹਮਣਾ ਨਾ ਕਰਨਾ ਪਵੇ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਪ੍ਰਸ਼ਾਸਨ ਵੱਲੋਂ ਮਜ਼ਬੂਰੀਵੱਸ ਅਨੁਸ਼ਾਸਨੀ ਕਾਰਵਾਈ ਕਰਨ ਬਾਰੇ ਵੀ ਕਿਹਾ ਗਿਆ ਸੀ।
ਇਨ੍ਹਾਂ ਧਰਨਾਕਾਰੀਆਂ ਵੱਲੋਂ ਇਸ ਗੱਲ ਨੂੰ ਨਾ ਸਮਝਦੇ ਹੋਏ ਆਪਣਾ ਧਰਨਾ ਓਸੇ ਰੂਪ ਵਿੱਚ ਜਾਰੀ ਰੱਖਿਆ ਗਿਆ। ਕੰਮ-ਕਾਜ ਠੱਪ ਕਰ ਕੇ ਰੱਖਿਆ ਅਤੇ ਰੋਸ ਮਾਰਚ ਵੀ ਕੱਢਿਆ ਗਿਆ ਜਿਸ ਦੌਰਾਨ ਉੱਚੀ ਆਵਾਜ਼ ਵਿੱਚ ਵਾਈਸ ਚਾਂਸਲਰ ਅਤੇ ਰਜਿਸਟਰਾਰ ਖਿਲਾਫ਼ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ। ਯੂਨੀਵਰਸਿਟੀ ਵਿੱਚ ਚੱਲ ਰਹੀਆਂ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਬਾਰੇ ਪਤਾ ਹੋਣ ਦੇ ਬਾਵਜੂਦ ਵਾਰ-ਵਾਰ ਮੁੱਖ ਗੇਟ ਨੂੰ ਬੰਦ ਕਰਕੇ ਪੜ੍ਹਨ-ਪੜ੍ਹਾਉਣ ਦੇ ਕੰਮਾਂ ਵਿੱਚ ਵਿਘਨ ਪਾਇਆ ਗਿਆ।
ਇਹ ਕਰਮਚਾਰੀ ਹਾਲੇ ਵੀ ਆਪਣੀਆਂ ਉਨ੍ਹਾਂ ਗ਼ੈਰ-ਵਾਜਿਬ ਮੰਗਾਂ ਲਈ ਬਜ਼ਿੱਦ ਹਨ ਜਿਨਾਂ ਨੂੰ ਨਿਯਮਾਂ ਤਹਿਤ ਮੰਨਿਆ ਨਹੀਂ ਜਾ ਸਕਦਾ। ਇਸ ਲਈ ਯੂਨੀਵਰਸਿਟੀ ਅਥਾਰਟੀ (Punjabi University) ਵੱਲੋਂ ਅਨੁਸ਼ਾਸਨੀ ਕਾਰਵਾਈ ਕਰਦਿਆਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਯੂਨੀਵਰਸਿਟੀ ਦੀ ਸੁਰੱਖਿਆ ਦੀ ਅਹਿਮੀਅਤ ਨੂੰ ਦੇਖਦੇ ਹੋਏ ਯੋਗ ਬਦਲਵੇਂ ਇੰਤਜ਼ਾਮ ਕੀਤੇ ਜਾਣਗੇ। ਯੂਨੀਵਰਸਿਟੀ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ।