ਮੋਹਾਲੀ, 8 ਜੁਲਾਈ, 2025: ਆਪਣੀ ਮਨਮੋਹਕ ਆਵਾਜ਼ ਅਤੇ ਸੁਪਰਹਿੱਟ ਗੀਤਾਂ ‘ਦੂਜੀ ਵਾਰ ਪਿਆਰ’, ‘ਮੰਮੀ ਨੂੰ ਪਸੰਦ’, ਅਤੇ ‘ਉਡਦੀ ਫਿਰਾਂ’ ਲਈ ਮਸ਼ਹੂਰ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਐਤਵਾਰ ਨੂੰ ਵਾਤਾਵਰਣ ਚੈਂਪੀਅਨ ਬਣੀ, ਜਦੋਂ ਉਹਨਾਂ ਨੇ ਰਾਉਂਡਗਲਾਸ ਫਾਊਂਡੇਸ਼ਨ ਦੇ ਦ ਬਿਲੀਅਨ ਟ੍ਰੀ ਪ੍ਰੋਜੈਕਟ ਲਈ ਨਬੀਪੁਰ ਪਿੰਡ ‘ਚ 4,100 ਪੌਦੇ ਲਗਾਏ।
ਸੁਨੰਦਾ ਸ਼ਰਮਾ ਨੇ ਰਾਉਂਡਗਲਾਸ ਫਾਊਂਡੇਸ਼ਨ ਦੀ ਟੀਮ ਨਾਲ ਗ੍ਰਾਊਂਡ ‘ਤੇ ਗੱਲਬਾਤ ਕੀਤੀ ਅਤੇ ਦੱਸਿਆ ਕਿ ਉਹ ਦ ਬਿਲੀਅਨ ਟ੍ਰੀ ਪ੍ਰੋਜੈਕਟ ਦਾ ਸਮੱਰਥਨ ਕਰਨ ਕਿਉਂ ਆਈ ਹੈ | ਉਨ੍ਹਾਂ ਕਿਹਾ ਕਿ “ਮੈਂ ਵਾਤਾਵਰਣ ਸਬੰਧੀ ਮੁੱਦਿਆਂ ਬਾਰੇ ਬਹੁਤ ਸੋਚਦੀ ਹਾਂ ਅਤੇ ਹਮੇਸ਼ਾ ਪੰਜਾਬ ਦੀ ਵਾਤਾਵਰਣ ਸਬੰਧੀ ਚੁਣੌਤੀਆਂ ਨਾਲ ਨਜਿੱਠਣ ‘ਤੇ ਕੇਂਦਰਿਤ ਪਹਿਲਾਂ ਦਾ ਸਮੱਰਥਨ ਕਰਨ ਦੇ ਮੌਕਿਆਂ ਦੀ ਭਾਲ ਕਰਦੀ ਹਾਂ। ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਅੱਜ ਇੱਥੇ ਆ ਕੇ ਇਹ ਰੁੱਖ ਲਗਾ ਸਕੀ ਅਤੇ ਮੈਂ ਭਵਿੱਖ ‘ਚ ਪੰਜਾਬ ‘ਚ ਹੋਰ ਰੁੱਖ ਲਗਾਉਣ ਦੇ ਲਈ ਰਾਉਂਡਗਲਾਸ ਫਾਉਂਡੇਸ਼ਨ ਦੇ ਨਾਲ ਹੱਥ ਮਿਲਾ ਕੇ ਇਸ ਉਦੇਸ਼ ਦਾ ਸਮੱਰਥਨ ਕਰਨ ਲਈ ਉਤਸੁਕ ਹਾਂ।”
ਸੁਨੰਦਾ ਸ਼ਰਮਾ ਰਾਉਂਡਗਲਾਸ ਫਾਊਂਡੇਸ਼ਨ ਦੇ ਦ ਬਿਲੀਅਨ ਟ੍ਰੀ ਪ੍ਰੋਜੈਕਟ (TBTP) ਦਾ ਸਮਰਥਨ ਕਰਨ ਵਾਲੇ ਨਵੀਨਤਮ ਸੈਲੀਬ੍ਰਿਟੀ ਹਨ, ਜਿਸਦਾ ਉਦੇਸ਼ ਪੰਜਾਬ ‘ਚ 1 ਬਿਲੀਅਨ ਜਾਂ 100 ਕਰੋੜ ਦੇਸੀ ਰੁੱਖ ਲਗਾਉਣਾ ਹੈ। ਦਿਲਜੀਤ ਦੋਸਾਂਝ, ਨੀਰੂ ਬਾਜਵਾ, ਰਾਗੇਸ਼ਵਰੀ, ਬੱਬੂ ਮਾਨ, ਗੁਰਪ੍ਰੀਤ ਘੁੱਗੀ ਅਤੇ ਜੈਸਮੀਨ ਭਸੀਨ ਪੰਜਾਬ ਅਤੇ ਭਾਰਤ ਦੇ ਮਨੋਰੰਜਨ ਉਦਯੋਗ ਦੇ ਕੁਝ ਹੋਰ ਵੱਡੇ ਨਾਮ ਹਨ ਜਿਨ੍ਹਾਂ ਨੇ ਇਸ ਅਭਿਲਾਸ਼ੀ ਪ੍ਰੋਜੈਕਟ ਲਈ ਸਮੇਂ-ਸਮੇਂ ‘ਤੇ ਆਪਣਾ ਸਮਰਥਨ ਦਿੱਤਾ ਹੈ।
TBTP ਦੇ ਅਧੀਨ ਪੰਜਾਬ ‘ਚ 31 ਲੱਖ ਤੋਂ ਵੱਧ ਦੇਸੀ ਰੁੱਖ ਲਗਾਏ ਹਨ, ਜੋ 980 ਏਕੜ ਬੰਜਰ ਅਤੇ ਪਰਤੀ ਜ਼ਮੀਨ ਨੂੰ ਕਵਰ ਕਰਦੇ ਹਨ | ਇਹ ਖੇਤਰ 742 ਫੁੱਟਬਾਲ ਦੇ ਮੈਦਾਨਾਂ ਦੇ ਬਰਾਬਰ ਹੈ।
ਦੇਸੀ ਪ੍ਰਜਾਤੀ ਹੋਣ ਕਰਕੇ, ਇਹਨਾਂ ਰੁੱਖਾਂ ਦੇ ਜੀਵਿਤ ਰਹਿਣ ਦੀ ਦਰ ਲਗਭਗ 90 ਫੀਸਦੀ ਹੈ ਅਤੇ ਇਹ ਛੋਟੇ–ਛੋਟੇ ਜੰਗਲ ਬਣ ਗਏ ਹਨ, ਜਿਹਨਾਂ ‘ਚ ਪੰਛੀਆਂ, ਤਿਤਲੀਆਂ, ਕੀੜੇ-ਮਕੌੜਿਆਂ ਅਤੇ ਪੰਜਾਬ ਦੀ ਜੈਵ ਵਿਭਿੰਨਤਾ ਲਈ ਮਹੱਤਵਪੂਰਨ ਹੋਰ ਜੀਵ-ਜੰਤੂਆਂ ਦੀ ਭਰਮਾਰ ਹੈ। ਇਹ ਛੋਟੇ ਜੰਗਲ ਭੂਮੀਗਤ ਪਾਣੀ ਨੂੰ ਰੀਚਾਰਜ ਕਰਦੇ ਹਨ, ਪ੍ਰਦੂਸ਼ਣ ਘਟਾ ਕੇ ਹਵਾ ਦੀ ਗੁਣਵੱਤਾ ‘ਚ ਸੁਧਾਰ ਕਰਦੇ ਹਨ, ਅਤੇ ਜਲਵਾਯੂ ਪਰਿਵਰਤਨ ਵਿਰੁੱਧ ਲੜਾਈ ਵਿੱਚ ਕੁਦਰਤੀ ਸਹਿਯੋਗੀ ਬਣਦੇ ਹਨ।
ਇੱਕ ਅਜਿਹੇ ਸੂਬੇ ‘ਚ ਜਿੱਥੇ ਪਿਛਲੇ 50 ਸਾਲਾਂ ਵਿੱਚ ਹਰਿਆਲੀ ਨਾਟਕੀ ਢੰਗ ਨਾਲ ਘੱਟ ਹੋ ਗਈ ਹੈ, ਪੰਜਾਬ ਦੇ ਭੂਗੋਲਿਕ ਖੇਤਰ ਦਾ ਸਿਰਫ਼ 3.67% ਹਿੱਸਾ ਜੰਗਲਾਂ ਨਾਲ ਢੱਕਿਆ ਹੋਇਆ ਹੈ – 30 ਲੱਖ ਜਾਂ 30 ਲੱਖ ਤੋਂ ਵੱਧ ਰੁੱਖ ਲਗਾਉਣਾ ਕਿਸੇ ਸ਼ਾਂਤ ਇਨਕਲਾਬ ਤੋਂ ਘੱਟ ਨਹੀਂ ਹੈ।
ਦ ਬਿਲੀਅਨ ਟ੍ਰੀ ਪ੍ਰੋਜੈਕਟ ਗਿਣਤੀ:-
• 1,635 ਪਿੰਡਾਂ ‘ਚ 31, 99, 783 ਪੌਦੇ ਲਗਾਏ ਗਏ |
• 1,546 ਛੋਟੇ ਜੰਗਲ
• 465 ਪਾਰਕ
• 27 ਫਲਾਂ ਦੇ ਬਗੀਚੇ
• 37,000 ਟਨ ਕਾਰਬਨ ਵੱਖ ਕੀਤੀ |
• ਮਨਰੇਗਾ ਦੇ ਤਹਿਤ 16,000 ਨੌਕਰੀਆਂ ਦਾ ਨਿਰਮਾਣ ਹੋਇਆ |
Read More: ਹਰਿਆਣਾ ‘ਚ ਮਾਨਸੂਨ ਤੋਂ ਪਹਿਲਾਂ KMP ਐਕਸਪ੍ਰੈਸਵੇਅ ਦੋਵੇਂ ਪਾਸੇ ਲਗਾਏ ਜਾਣਗੇ ਪੌਦੇ: ਰਾਓ ਨਰਬੀਰ ਸਿੰਘ