ਪੰਜਾਬ, 22 ਅਗਸਤ 2025: ਪੰਜਾਬੀ ਸੰਗੀਤ ਇੰਡਸਟਰੀ ਦੇ ਸੁਪਰਸਟਾਰ ਗਾਇਕ ਕਰਨ ਔਜਲਾ ਨੇ ਆਪਣਾ 2025 ਦਾ ਯੂਰਪ ਟੂਰ ਰੱਦ ਕਰ ਦਿੱਤਾ ਹੈ। ਭਾਵੇਂ ਪ੍ਰਸ਼ੰਸਕ ਇਸ ਫੈਸਲੇ ਤੋਂ ਨਿਰਾਸ਼ ਹਨ, ਪਰ ਔਜਲਾ ਨੇ ਸਪੱਸ਼ਟ ਕੀਤਾ ਹੈ ਕਿ ਉਹ ਆਪਣੇ ਦਰਸ਼ਕਾਂ ਨੂੰ ਹੁਣ ਤੱਕ ਦਾ ਸਭ ਤੋਂ ਵਧੀਆ ਸ਼ੋਅ ਦੇਣ ਲਈ ਹੋਰ ਸਮਾਂ ਲੈਣਾ ਚਾਹੁੰਦਾ ਹੈ।
ਗਾਇਕ ਕਰਨ ਔਜਲਾ ਨੇ ਆਪਣੇ ਬਿਆਨ ‘ਚ ਕਿਹਾ ਕਿ ਮੈਨੂੰ ਬਹੁਤ ਦੁੱਖ ਹੈ ਕਿ ਮੈਨੂੰ ਇਹ ਸ਼ੋਅ ਰੱਦ ਕਰਨਾ ਪਿਆ। ਮੈਂ ਯੂਰਪ ‘ਚ ਆਪਣੇ ਪ੍ਰਸ਼ੰਸਕਾਂ ਨੂੰ ਮਿਲਣ ਲਈ ਬੇਸਬਰੀ ਨਾਲ ਉਡੀਕ ਕਰ ਰਿਹਾ ਸੀ, ਪਰ ਮੈਂ ਤੁਹਾਨੂੰ ਆਪਣੇ ਕਰੀਅਰ ਦਾ ਸਭ ਤੋਂ ਵੱਡਾ ਅਤੇ ਯਾਦਗਾਰੀ ਸ਼ੋਅ ਦੇਣਾ ਚਾਹੁੰਦਾ ਹਾਂ। ਇਸ ਲਈ ਮੈਂ ਥੋੜ੍ਹਾ ਹੋਰ ਸਮਾਂ ਲੈ ਰਿਹਾ ਹਾਂ ਤਾਂ ਜੋ ਇਹ ਹੋਰ ਵੀ ਵੱਡਾ ਅਤੇ ਸ਼ਾਨਦਾਰ ਹੋ ਸਕੇ। ਮੈਂ ਛੇਤੀ ਹੀ ਇੱਕ ਨਵੇਂ ਪੱਧਰ ਦੇ ਸ਼ੋਅ ਨਾਲ ਵਾਪਸ ਆਵਾਂਗਾ।
ਹਾਲਾਂਕਿ ਪੂਰਾ ਯੂਰਪ ਦੌਰਾ ਰੱਦ ਕਰ ਦਿੱਤਾ ਗਿਆ ਹੈ, ਪ੍ਰਬੰਧਕਾਂ ਨੇ ਪੁਸ਼ਟੀ ਕੀਤੀ ਹੈ ਕਿ ਮਾਲਟਾ ਫੈਸਟ ਨਿਰਧਾਰਤ ਸਮੇਂ ਮੁਤਾਬਕ ਹੋਵੇਗਾ। ਹੁਣ ਯੂਰਪ ‘ਚ ਪ੍ਰਸ਼ੰਸਕਾਂ ਨੂੰ ਕਰਨ ਔਜਲਾ ਦੇ ਨਵੇਂ ਸ਼ਡਿਊਲ ਦੀ ਉਡੀਕ ਕਰਨੀ ਪਵੇਗੀ। ਗਾਇਕ ਨੇ ਵਾਅਦਾ ਕੀਤਾ ਹੈ ਕਿ ਜਦੋਂ ਵੀ ਉਹ ਵਾਪਸ ਆਵੇਗਾ, ਸ਼ੋਅ ਪਹਿਲਾਂ ਨਾਲੋਂ ਵੀ ਵੱਡਾ ਅਤੇ ਅਭੁੱਲ ਅਨੁਭਵ ਲੈ ਕੇ ਆਵੇਗਾ।
ਜਿਕਰਯੋਗ ਹੈ ਕਿ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਹਾਲ ਹੀ ‘ਚ ਗਾਇਕ ਕਰਨ ਔਜਲਾ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਦੇ ਗੀਤ ਐਮਐਫ ਗਬਰੂ ‘ਤੇ ਜਵਾਬ ਮੰਗਿਆ ਸੀ। ਕਰਨ ਔਜਲਾ ਦੇ ਗੀਤ ‘ਐਮਐਫ ਗਬਰੂ’ ‘ਤੇ ਵੀ ਔਰਤਾਂ ਲਈ ਅਣਉਚਿਤ ਸ਼ਬਦਾਂ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਗਿਆ ਸੀ |
Read More: ਭਾਰਤ ਪਹੁੰਚੇ ਪੰਜਾਬੀ ਗਾਇਕ ਕਰਨ ਔਜਲਾ, ਪੰਜਾਬ ਮਹਿਲਾ ਕਮਿਸ਼ਨ ਅੱਗੇ ਹੋਣਗੇ ਪੇਸ਼