ਲੁਧਿਆਣਾ, 17 ਫ਼ਰਵਰੀ 2023: ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ਅੰਤਰ-ਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਪੰਜਾਬੀ ਮਾਤ ਭਾਸ਼ਾ ਮੇਲਾ 21 ਫ਼ਰਵਰੀ, 2023, ਦਿਨ ਮੰਗਲਵਾਰ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ। ਉਪਰੋਕਤ ਜਾਣਕਾਰੀ ਦਿੰਦਿਆਂ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਹੋਰਾਂ ਦੱਸਿਆ ਕਿ ਇਸ ਦਿਨ ਅਕਾਦਮੀ ਵਲੋਂ ਅੰਤਰ-ਕਾਲਜ ਸਾਹਿਤਕ ਮੁਕਾਬਲੇ ਕਰਵਾਏ ਜਾਂਦੇ ਹਨ।
ਪੰਜਾਬੀ ਸਾਹਿਤ ਅਕਾਦਮੀ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਸਾਹਿਤਕ ਮੁਕਾਬਲਿਆਂ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬੀ ਕਹਾਣੀ/ਕਾਵਿ ਸਿਰਜਣ ਮੁਕਾਬਲਾ, ਲੋਕ ਗੀਤ ਮੁਕਾਬਲਾ, ਸੱਭਿਆਚਾਰਕ ਪ੍ਰਸ਼ਨੋਤਰੀ (ਕੁਇਜ਼), ਪੰਜਾਬੀ ਕਵਿਤਾ ਪੋਸਟਰ ਮੁਕਾਬਲਾ, ਪੰਜਾਬੀ ਕਾਵਿ-ਉਚਾਰਣ ਮੁਕਾਬਲਾ, ਅਖਾਣ ਤੇ ਮੁਹਾਵਰੇ ਭਰਪੂਰ ਵਾਰਤਾਲਾਪ ਮੁਕਾਬਲਾ, ਕੈਲੀਗ੍ਰਾਫ਼ੀ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਦਸਿਆ ਉਪਰੋਕਤ ਅੱਠ ਮੁਕਾਬਲਿਆਂ ਦੇ ਨਤੀਜਿਆਂ ਦੇ ਆਧਾਰ ’ਤੇ ਸਭ ਤੋਂ ਜ਼ਿਆਦਾ ਅੰਕ ਹਾਸਿਲ ਕਰਨ ਵਾਲੀ ਸੰਸਥਾ ਨੂੰ ਪੰਜਾਬੀ ਸਾਹਿਤ ਅਕਾਦਮੀ ਵਲੋਂ ਮਾਤ-ਭਾਸ਼ਾ ਟਰਾਫ਼ੀ ਪ੍ਰਦਾਨ ਕੀਤੀ ਜਾਵੇਗੀ। ਪਹਿਲਾ, ਦੂਸਰਾ, ਤੀਸਰਾ ਦਰਜਾ, ਵਿਸ਼ੇਸ਼ ਇਨਾਮ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਪੁਸਤਕਾਂ ਦੇ ਰੂਪ ਵਿਚ ਇਨਾਮ ਦਿੱਤੇ ਜਾਣਗੇ।
ਪੰਜਾਬੀ ਮਾਤ-ਭਾਸ਼ਾ ਮੇਲੇ ਮੌਕੇ ਮਾਤਾ ਜਸਵੰਤ ਕੌਰ ਸਰਬੋਤਮ ਮੌਲਿਕ ਬਾਲ ਪੁਸਤਕ ਪੁਰਸਕਾਰ-2021 ਮਾਸਟਰ ਲਖਵਿੰਦਰ ਸਿੰਘ ਨੂੰ ਪ੍ਰਦਾਨ ਕੀਤਾ ਜਾਵੇਗਾ। ਇਸ ਸਨਮਾਨ ਵਿਚ ਦਸ ਹਜ਼ਾਰ ਰੁਪਏ ਦੀ ਰਾਸ਼ੀ, ਦੋਸ਼ਾਲਾ, ਪੁਸਤਕਾਂ ਦਾ ਸੈੱਟ ਅਤੇ ਸ਼ੋਭਾ ਪੱਤਰ ਭੇਟਾ ਕੀਤਾ ਜਾਵੇਗਾ। ਪੰਜਾਬੀ ਮਾਤ-ਭਾਸ਼ਾ ਮੇਲੇ ਦੇ ਸੰਯੋਜਕ ਤ੍ਰੈਲੋਚਨ ਲੋਚੀ ਅਤੇ ਸਹਿ ਸੰਯੋਜਕ ਡਾ. ਗੁਰਚਰਨ ਕੌਰ ਕੋਚਰ ਨੇ ਦੱਸਿਆ ਕਿ ਲਗਪਗ 20 ਕਾਲਜਾਂ ਵਲੋਂ ਇਸ ਪੰਜਾਬੀ ਮਾਤ-ਭਾਸ਼ਾ ਮੇਲੇ ਵਿਚ ਸ਼ਿਰਕਤ ਕਰਨ ਦੀ ਅਗਾਊਂ ਪ੍ਰਵਾਨਗੀ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਲਗਪਗ ਦੋ ਸੌ ਤੋਂ ਲੈ ਕੇ ਢਾਈ ਸੌ ਦੇ ਕਰੀਬ ਵੱਖ-ਵੱਖ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀ ਇਸ ਮੇਲੇ ਵਿਚ ਭਾਗ ਲੈ ਰਹੇ ਹਨ।
ਉਨ੍ਹਾਂ ਨੇ ਦੱਸਿਆ ਕਿ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਸਵੇਰੇ 9 ਵਜੇ ਤੋਂ 10 ਵਜੇ ਤੱਕ ਰਜਿਸਟ੍ਰੇਸ਼ਨ ਪੰਜਾਬੀ ਭਵਨ, ਲੁਧਿਆਣਾ ਵਿਖੇ ਹੋਵੇਗੀ। ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਅਤੇੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਹੋਰਾਂ ਪੰਜਾਬ ਦੇ ਸਮੂਹ ਕਾਲਜਾਂ ਨੂੰ ਇਸ ਮੇਲੇ ਵਿਚ ਸ਼ਾਮਲ ਹੋਣ ਦਾ ਹਾਰਦਿਕ ਸੱਦਾ ਦਿੱਤਾ ਹੈ।