ਚੰਡੀਗੜ੍ਹ, 11 ਨਵੰਬਰ 2024: ਪੰਜਾਬ ਕਲਾ ਪਰਿਸ਼ਦ ਵੱਲੋਂ ਅੱਜ ਕਲਾ ਭਵਨ ਸੈਕਟਰ-16 ਵਿਖੇ ‘ਪੰਜਾਬੀ ਮਾਹ’ (Punjabi Maah) ਦੌਰਾਨ “ਬਹੁ-ਸਥਾਨੀ ਨੈੱਟਵਰਕ ਚੇਤਨਾ ਅਤੇ ਪੰਜਾਬੀ ਭਾਸ਼ਾ” ਤੇ ਇਕ-ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਜਿਸਦੇ ਮੁੱਖ ਵਕਤਾ ਉੱਘੇ ਸਿੱਖਿਆ ਸ਼ਾਸਤਰੀ ਸ਼ੁਭ ਪ੍ਰੇਮ ਬਰਾੜ ਸਨ ਅਤੇ ਅਸ਼ਵਨੀ ਚੈਟਲੇ ਇਸ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ |
ਇਸ ਸੈਮੀਨਾਰ ਦੀ ਪ੍ਰਧਾਨਗੀ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਹੋਰਾਂ ਵੱਲੋਂ ਕੀਤੀ ਗਈ । ਸਭ ਤੋਂ ਪਹਿਲਾ ਸੰਸਥਾ ਦੇ ਉੱਪ ਚੇਅਰਮੈਨ ਡਾ. ਯੋਗਰਾਜ ਹੋਰਾਂ ਨੇ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਪੰਜਾਬੀ ਦੀ ਬਿਹਤਰੀ ਲਈ ਇਹ ਮਹੀਨਾ ‘ਪੰਜਾਬੀ ਮਾਹ’ ਵਜੋਂ ਮਨਾਇਆ ਜਾ ਰਿਹਾ ਹੈ |
ਉਨਾਂ ਦੱਸਿਆ ਕਿ ਅਸੀਂ ਪਰੰਪਰਾ ਤੋਂ ਹੱਟ ਕੇ “ਲੈਕਚਰ” ਸ਼ੂਰੂ ਕਰ ਰਹੇ ਹਾਂ। ਇਸਦੇ ਨਾਲ ਹੀ ਦੂਜੀਆਂ ਭਾਸ਼ਾਵਾਂ ਤੋਂ ਅਨੁਵਾਦ ਅਤੇ ਸ਼ਾਹਮੁਖੀ ਲਿਪੀਅੰਤਰ ‘ਤੇ ਵੀ ਕੰਮ ਕੀਤਾ ਜਾਵੇਗਾ। ਇਸ ਮੌਕੇ ਉੱਘੇ ਚਿੰਤਕ ਅਮਰਜੀਤ ਗਰੇਵਾਲ ਨੇ ਪਹੁੰਚੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ |
ਇਸ ਮੌਕੇ ਅਮਰਜੀਤ ਗਰੇਵਾਲ ਨੇ ਕਿਹਾ ਕਿ ਸਾਨੂੰ ਸ਼ੁਭ ਪ੍ਰੇਮ ਬਰਾੜ ਹੀ ਢੁੱਕਵਾਂ ਨਾਮ ਮਿਲਿਆ ਹੈ, ਜਿਹੜਾ ਬਹੁ-ਸਥਾਨੀ ਚੇਤਨਾ ਬਾਰੇ ਵਧੀਆ ਕਹਿ ਸਕਦੇ ਹਨ। ਉਹਨਾਂ ਇਸ ਵਿਲੱਖਣ ਵਿਸ਼ੇ ਨੂੰ ਇਕ ਚੁਣੌਤੀ ਦੱਸਿਆ ਹੈ। ਇਸ ਉਪਰੰਤ ਸ਼ੁਭ ਪ੍ਰੇਮ ਬਰਾੜ ਨੇ ਆਪਣੇ ਭਾਸ਼ਨ ਦਾ ਆਰੰਭ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਦੀ ਧਰਤੀ ‘ਤੇ ਅਸੀਂ ਰਹਿ ਰਹੇ ਹਾਂ ਉਸ ‘ਤੇ ਮੂਵਮੈਂਟ ਨਜ਼ਰ ਆ ਰਹੀ ਹੈ।
ਉਨ੍ਹਾਂ ਕਿਹਾ ਕਿ “ਪਲੇਸ” ਉਹ ਹੈ, ਜਿੱਥੇ ਸਾਡਾ ਵਸੇਵਾ ਹੈ, ਜਿੱਥੇ ਲੋਕ ਰਹਿੰਦੇ ਹਨ | ਜਿਸ ਥਾਂ ਨਾਲ ਸਾਡੀ ਜ਼ਜ਼ਬਾਤੀ ਸਾਂਝ ਹੈ। ਉਹਨਾਂ ਅੱਗੇ ਜੋੜਿਆ ਕਿ “ਪਲੇਸ” ਉਹ ਹੈ ਜੋ ਸਾਡੀ ਯਾਦਾਸ਼ਤ ਬਣਾਉਂਦੀ ਹੈ | ਉਹਦੀ ਇਕ ਸਿੰਬੋਲਿਕ ਮਹੱਤਤਾ ਹੈ। ਉਹਨਾਂ ਸਪੇਸ ਤੇ ਪਲੇਸ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਉਹਨਾਂ ਮਨੁੱਖ ਨੂੰ ਇਕ ਗਲੋਬ ਦਾ ਬਸ਼ਿੰਦਾ ਦੱਸਿਆ।ਇਸ ਤੋਂ ਬਾਅਦ ਸਰੋਤਿਆਂ ‘ਚੋਂ ਡਾ. ਆਤਮਜੀਤ ਨੇ ਆਪਣੀ ਗੱਲ ਕਹਿੰਦੇ ਹੋਏ ਕਿਹਾ ਕਿ ਮੈਂ ਸ਼ੁਭਪ੍ਰੇਮ ਦੇ ਭਾਸ਼ਣ ਨਾਲ ਜ਼ਿਆਦਾਤਰ ਸਹਿਮਤ ਹਾਂ |ਉਨ੍ਹਾਂ ਨੇ ਕਈ ਮਹੱਤਵਪੂਰਨ ਸਵਾਲ ਚੁੱਕੇ ।
ਨਿਰਲੇਪ ਸਿੰਘ, ਮਨੀਸ਼ ਅਤੈ ਸਿੰਘ ਹੋਰਾਂ ਨੇ ਵੀ ਆਪਣੀਆਂ ਸੰਖੇਪ ਟਿੱਪਣੀਆਂ ਦਰਜ਼ ਕੀਤੀਆਂ।ਮੁੱਖ ਮਹਿਮਾਨ ਵਜੋਂ ਅਸ਼ਵਨੀ ਚੈਟਲੇ ਨੇ ਅੱਜ ਦੇ ਭਾਸ਼ਣ ਨੂੰ ਆਪਣੇ ਲਈ ਨਵੀਂ ਦਿਸ਼ਾ ਦੱਸਿਆ | ਉਨ੍ਹਾਂ ਅੱਗੇ ਕਿਹਾ ਕਿ ਇਸ ਵਿਚਾਰ ਨੂੰ ਇੱਥੇ ਨਹੀਂ ਛੱਡਣਾ। ਆਪਣੇ ਪ੍ਰਧਾਨਗੀ ਭਾਸ਼ਣ ‘ਚ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਕਿਹਾ ਅੱਜ ਦਾ ਸਮਾਗਮ ਬੜਾ ਮਹੱਤਵਪੂਰਨ ਰਿਹਾ |
ਉਨ੍ਹਾਂ ਨੇ ਕਿਹਾ ਕਿ ਅਸੀਂ ਪੰਜਾਬੀ ਭਾਸ਼ਾ ਨੂੰ ਨਵੇਂ ਸਾਧਨਾ ‘ਚ ਲੈ ਕੇ ਜਾਵਾਂਗੇ | ਵਿਦਿਆਰਥੀਆ ਅਤੇ ਆਮ ਜਨਾ ਨਾਲ ਜੋੜਾਂਗੇ। ਸਮਾਗਮ ਦੇ ਅਖੀਰ ‘ਚ ਪੰਜਾਬ ਸਾਹਿਤ ਅਕਾਦਮੀ ਦੇ ਮੀਤ ਪ੍ਰਧਾਨ ਅਰਵਿੰਦਰ ਸਿੰਘ ਢਿੱਲੋਂ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਸਮਾਗਮ ‘ਚ ਪ੍ਰੀਤਮ ਰੁਪਾਲ, ਡਾ. ਸੁਰਿੰਦਰ ਗਿੱਲ, ਨਿੰਦਰ ਘੁਗਿਆਣਵੀ, ਅਵਤਾਰ ਸਿੰਘ ਪਤੰਗ, ਭੁਪਿੰਦਰ ਮਲਿਕ, ਜੈ ਸਿੰਘ ਛਿੱਬੜ, ਗੁਲ ਚੌਹਾਨ, ਬਲੀਜੀਤ ਦਵਿੰਦਰ ਦਮਨ, ਜਸ਼ਨਪ੍ਰੀਤ, ਏਕਤਾ, ਡਾ. ਸੁਖਦੇਵ ਸਿੰਘ ਸਿਰਸਾ, ਗੁਰਪ੍ਰੀਤ ਖੋਖਰ, ਨਾਟਕਕਾਰ ਰਾਜਵਿੰਦਰ ਸਮਰਾਲਾ, ਅਦਾਕਾਰਾ ਕਮਲਪ੍ਰੀਤ ਕੌਰ, ਸ਼ਾਇਰ ਰਮਨ ਸੰਧੂ, ਅਰਵਿੰਦਰ ਢਿੱਲੋਂ, ਦੀਪਕ ਚਨਾਰਥਲ, ਮਨਮੋਹਨ ਕਲਸੀ, ਲਾਭ ਸਿੰਘ ਖੀਵਾ, ਆਦਿ ਸ਼ਾਮਲ ਹੋਏ।