ਚੰਡੀਗੜ੍, 03 ਮਈ 2023: ਪੰਜਾਬੀ ਦੇ ਸਿਰਮੌਰ ਨਾਵਲਕਾਰ ਬੂਟਾ ਸਿੰਘ ਸ਼ਾਦ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਉਹ ਆਪਣੇ ਭਤੀਜੇ ਕੋਲ ਰਹਿ ਰਹੇ ਸਨ ਅਤੇ ਲੰਬੇ ਸਮੇਂ ਤੋਂ ਬਿਮਾਰੀ ਕਾਰਨ ਜ਼ੇਰੇ ਇਲਾਜ਼ ਸਨ | ਉਨ੍ਹਾਂ ਦੇ ਸਦੀਵੀ ਵਿਛੋੜੇ ਨਾਲ ਕਲਾ ਤੇ ਸਾਹਿਤ ਜਗਤ ਵਿੱਚ ਸੋਗ ਦੀ ਲਹਿਰ ਹੈ।
ਬੂਟਾ ਸਿੰਘ ਸ਼ਾਦ ਪੰਜਾਬੀ ਨਾਵਲਕਾਰੀ ਵਿੱਚ ਮਾਲਵੇ ਦੇ ਨਾਵਲਨਿਗ਼ਾਰ ਤੇ ਕਹਾਣੀਕਾਰ ਹੋਣ ਦੇ ਨਾਲ-ਨਾਲ ਉਮਦਾ ਫ਼ਿਲਮਸਾਜ਼, ਨਿਰਦੇਸ਼ਕ, ਅਦਾਕਾਰ ਅਤੇ ਸੰਵਾਦਕਾਰ ਵੀ ਸਨ। ਮੁੰਬਈ ਵਿੱਚ ਲਗਭਗ 47 ਸਾਲ ਗੁਜ਼ਾਰਨ ਤੋਂ ਬਾਅਦ ਬੂਟਾ ਸਿੰਘ ਸ਼ਾਦ ਅੱਜ ਕੱਲ੍ਹ ਆਪਣੇ ਭਤੀਜੇ ਕੋਲ ਪਿੰਡ ਕੂਮਥਲਾਂ, ਜ਼ਿਲ੍ਹਾ ਸਿਰਸਾ (ਹਰਿਆਣਾ) ਵਿੱਚ ਰਹਿ ਰਹੇ ਸਨ। ਬੂਟਾ ਸਿੰਘ ਸ਼ਾਦ ਦੇ ਭਤੀਜੇ ਨੈਬ ਸਿੰਘ ਬਰਾੜ ਮੁਤਾਬਕ ਭਾਵੇਂ ਉਹ ਸਰੀਰਿਕ ਤੌਰ ’ਤੇ ਢਿੱਲੇ ਰਹਿੰਦੇ ਸਨ, ਪਰ ਆਪਣੇ ਆਉਣ ਵਾਲੇ ਨਵੇਂ ਨਾਵਲ ਨੂੰ ਪੂਰਾ ਕਰ ਵਿੱਚ ਰੁਝੇ ਰਹਿੰਦੇ ਸਨ।
ਜਿਕਰਯੋਗ ਹੈ ਕਿ ਬੂਟਾ ਸਿੰਘ ਸ਼ਾਦ ਦਾ ਪੰਜਾਬੀ ਸਾਹਿਤ ਦੇ ਨਾਲ-ਨਾਲ ਫ਼ਿਲਮੀ ਦੁਨੀਆਂ ਵਿਚ ਵੀ ਅਹਿਮ ਯੋਗਦਾਨ ਹੈ। ਬੂਟਾ ਸਿੰਘ ‘ਸ਼ਾਦ’ ਨੇ ਪਿੰਡ ਤੋਂ ਹੀ ਦਸਵੀਂ ਕੀਤੀ ਫਿਰ ਰਾਜਿੰਦਰਾ ਕਾਲਜ ਬਠਿੰਡਾ ਤੋਂ ਗ੍ਰੇਜੁਏਸ਼ਨ ਅਤੇ ਐਮ. ਏ. ਅੰਗਰੇਜ਼ੀ, ਡੀ. ਏ. ਵੀ. ਕਾਲਜ ਦੇਹਰਾਦੂਨ ਤੋਂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਗੁਰੂ ਕਾਸ਼ੀ ਕਾਲਜ, ਤਲਵੰਡੀ ਸਾਬੋ, ਬਰਜਿੰਦਰਾ ਕਾਲਜ, ਫ਼ਰੀਦਕੋਟ, ਗੁਰੂ ਨਾਨਕ ਕਾਲਜ, ਕਿੱਲਿਆਂਵਾਲੀ (ਡੱਬਵਾਲੀ), ਖ਼ਾਲਸਾ ਕਾਲਜ ਫ਼ਾਰ ਵਿਮੈਨ, ਸਿੱਧਵਾਂ ਖੁਰਦ ਵਿਖੇ ਬਤੌਰ ਅਧਿਆਪਕ ਵੀ ਰਹੇ। ਅਧਿਆਪਨ ਕਿੱਤੇ ਦੌਰਾਨ ਹੀ ਸ਼ਾਦ ਨੂੰ ਫ਼ਿਲਮਾਂ ਨਾਲ ਗਹਿਰੀ ਦਿਲਚਸਪੀ ਹੋ ਗਈ ਸੀ। ਇਸੇ ਸ਼ੌਕ ਦੇ ਚੱਲਦਿਆਂ ਉਨ੍ਹਾਂ ਨੇ ਫ਼ਿਲਮੀ ਦੁਨੀਆਂ ਵਿੱਚ ਕਦਮ ਰੱਖਿਆ ਸੀ |
ਬੂਟਾ ਸਿੰਘ ਸ਼ਾਦ ਨੇ ਪੰਜਾਬੀ ਮਾਂ ਬੋਲੀ ਦੇ ਝੋਲੀ ਦਰਜਨ ਨਾਵਲ ਪਾਏ। ਬਤੌਰ ਫ਼ਿਲਮ ਨਿਰਦੇਸ਼ਕ ਹੁੰਦਿਆਂ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਬਣਾਈਆਂ। ਅਪਣੀ ਪੜ੍ਹਾਈ ਦੌਰਾਨ ਸ਼ਾਦ ਨੇ ਅਖ਼ਬਾਰਾਂ ਅਤੇ ਮੈਗਜ਼ੀਨਾਂ ਲਈ ਕਹਾਣੀਆਂ ਅਤੇ ਨਾਵਲ ਵੀ ਲਿਖੇ। ਬੂਟਾ ਸਿੰਘ ਸ਼ਾਦ ਨੇ 6 ਛੋਟੀਆਂ ਕਹਾਣੀਆਂ ਦੀਆਂ ਕਿਤਾਬਾਂ ਅਤੇ ਦੋ ਦਰਜਨ ਤੋਂ ਵੱਧ ਨਾਵਲ ਵੀ ਲਿਖੇ ਹਨ |