ਪੰਜਾਬ, 05 ਜੁਲਾਈ 2025: ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਤਾਨੀਆ ਬਹੁਤ ਮੁਸ਼ਕਿਲ ਦੌਰ ‘ਚੋਂ ਗੁਜ਼ਰ ਰਹੀ ਹੈ। ਸ਼ੁੱਕਰਵਾਰ ਦੁਪਹਿਰ ਯਾਨੀ 4 ਜੁਲਾਈ ਨੂੰ ਉਨ੍ਹਾਂ ਦੇ ਪਿਤਾ ਡਾ. ਅਨਿਲ ਜੀਤ ਸਿੰਘ ਕੰਬੋਜ ਨੂੰ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਕੋਟ ਈਸੇ ਖਾਨ ‘ਚ ਸਥਿਤ ਉਨ੍ਹਾਂ ਦੇ ਕਲੀਨਿਕ ਹਰਬੰਸ ਨਰਸਿੰਗ ਹੋਮ ‘ਚ ਗੋਲੀ ਮਾਰ ਦਿੱਤੀ। ਇਸ ਹਮਲੇ ‘ਚ ਉਹ ਗੰਭੀਰ ਜ਼ਖਮੀ ਹਨ | ਇਸ ਸਮੇਂ ਇੱਕ ਨਿੱਜੀ ਹਸਪਤਾਲ ‘ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਦੋ ਅਣਪਛਾਤੇ ਹਮਲਾਵਰ ਮੋਟਰਸਾਈਕਲ ‘ਤੇ ਕਲੀਨਿਕ ‘ਚ ਪਹੁੰਚੇ ਅਤੇ ਮਰੀਜ਼ ਹੋਣ ਦਾ ਦਿਖਾਵਾ ਕਰਕੇ ਅੰਦਰ ਦਾਖਲ ਹੋਏ। ਮਰੀਜ਼ਾਂ ਦੀ ਜਾਂਚ ਕਰ ਰਹੇ ਡਾ. ਕੰਬੋਜ ਨੂੰ ਨੇੜਿਓਂ ਦੋ ਗੋਲੀਆਂ ਮਾਰੀਆਂ ਗਈਆਂ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ, ਹਮਲਾਵਰ ਭੱਜ ਗਏ।
ਮੋਗਾ ਦੇ ਪੁਲਿਸ ਸੁਪਰਡੈਂਟ ਨੇ ਕਿਹਾ ਕਿ “ਹਮਲਾਵਰ ਪੂਰੀ ਤਰ੍ਹਾਂ ਤਿਆਰ ਹੋ ਕੇ ਆਏ ਸਨ। ਇਹ ਕੋਈ ਅਚਾਨਕ ਘਟਨਾ ਨਹੀਂ ਸੀ, ਸਗੋਂ ਇੱਕ ਯੋਜਨਾਬੱਧ ਹਮਲਾ ਸੀ।” ਪੁਲਿਸ ਨੇ ਇਹ ਵੀ ਖੁਲਾਸਾ ਕੀਤਾ ਕਿ ਡਾ. ਕੰਬੋਜ ਨੂੰ ਕੁਝ ਸਮੇਂ ਤੋਂ ਧਮਕੀਆਂ ਮਿਲ ਰਹੀਆਂ ਸਨ, ਪਰ ਉਨ੍ਹਾਂ ਨੇ ਕੋਈ ਅਧਿਕਾਰਤ ਸ਼ਿਕਾਇਤ ਦਰਜ ਨਹੀਂ ਕਰਵਾਈ ਸੀ।
ਹਮਲੇ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਕਲੀਨਿਕ ਅਤੇ ਆਲੇ ਦੁਆਲੇ ਦੇ ਖੇਤਰ ਨੂੰ ਸੀਲ ਕਰ ਦਿੱਤਾ। ਫੋਰੈਂਸਿਕ ਮਾਹਰਾਂ ਨੂੰ ਮੌਕੇ ‘ਤੇ ਬੁਲਾਇਆ ਗਿਆ ਹੈ ਅਤੇ ਹਮਲਾਵਰਾਂ ਦੀ ਪਛਾਣ ਕਰਨ ਲਈ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮਾਮਲੇ ਦੀ ਜਬਰੀ ਵਸੂਲੀ ਜਾਂ ਨਿੱਜੀ ਦੁਸ਼ਮਣੀ ਵਰਗੇ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ।
ਅਦਾਕਾਰਾ ਤਾਨੀਆ ਨੇ ਘਟਨਾ ਤੋਂ ਬਾਅਦ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਇੱਕ ਭਾਵਨਾਤਮਕ ਸੰਦੇਸ਼ ਸਾਂਝਾ ਕੀਤਾ। ਉਨ੍ਹਾਂ ਲਿਖਿਆ ਕਿ “ਤਾਨੀਆ ਅਤੇ ਉਸਦੇ ਪਰਿਵਾਰ ਵੱਲੋਂ, ਅਸੀਂ ਇਹ ਸਾਂਝਾ ਕਰਨਾ ਚਾਹੁੰਦੇ ਹਾਂ ਕਿ ਇਹ ਸਮਾਂ ਸਾਡੇ ਲਈ ਬਹੁਤ ਮੁਸ਼ਕਿਲ ਅਤੇ ਭਾਵਨਾਤਮਕ ਹੈ। ਅਸੀਂ ਮੀਡੀਆ ਅਤੇ ਆਮ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਸਾਡੀ ਨਿੱਜਤਾ ਦਾ ਸਤਿਕਾਰ ਕਰੋ ਅਤੇ ਸਾਨੂੰ ਇਸ ਸਥਿਤੀ ਤੋਂ ਉਭਰਨ ਲਈ ਸਮਾਂ ਦਿਓ।
Read More: ਕੈਨੇਡਾ ‘ਚ ਲੁਧਿਆਣਾ ਜ਼ਿਲ੍ਹੇ ਦੇ ਨੌਜਵਾਨ ਦਾ ਗੋਲੀ ਮਾਰ ਕੇ ਕ.ਤ.ਲ