ਪੰਜਾਬ, 28 ਜਨਵਰੀ 2026: Punjab Weather News: ਅੱਜ ਸਵੇਰੇ ਯਾਨੀ 28 ਜਨਵਰੀ ਨੂੰ ਪੰਜਾਬ ਦੇ ਮੋਹਾਲੀ ਅਤੇ ਚੰਡੀਗੜ੍ਹ ਸਮੇਤ ਕਈਂ ਜ਼ਿਲ੍ਹਿਆਂ ‘ਚ ਸੰਘਣੀ ਧੁੰਦ ਪਈ। ਇਸ ਸਮੇਂ ਦੌਰਾਨ ਲੋਕਾਂ ਨੂੰ ਆਪਣੀਆਂ ਲਾਈਟਾਂ ਜਗਾ ਕੇ ਗੱਡੀ ਚਲਾਉਣੀ ਪਈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ ਪੰਜਾਬ ਦੇ ਤਿੰਨ ਜ਼ਿਲ੍ਹਿਆਂ, ਜਿਨ੍ਹਾਂ ‘ਚ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ‘ਚ ਕੁਝ ਥਾਵਾਂ ‘ਤੇ ਹਲਕੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। 30 ਜਨਵਰੀ ਤੱਕ ਸੰਘਣੀ ਧੁੰਦ ਅਤੇ ਸੀਤ ਲਹਿਰ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ |
ਪੰਜਾਬ ‘ਚ ਕੱਲ੍ਹ ਪਏ ਮੀਂਹ ਅਤੇ ਗੜੇਮਾਰੀ ਕਾਰਨ ਵੱਧ ਤੋਂ ਵੱਧ ਤਾਪਮਾਨ 3.1 ਡਿਗਰੀ ਘੱਟ ਗਿਆ। ਤਾਪਮਾਨ ਹੁਣ ਆਮ ਨਾਲੋਂ ਲਗਭੱਗ 4.9 ਡਿਗਰੀ ਘੱਟ ਗਿਆ ਹੈ, ਜਿਸ ਨਾਲ ਠੰਢ ਹੋਰ ਤੇਜ਼ ਹੋ ਗਈ ਹੈ। ਸਭ ਤੋਂ ਘੱਟ ਤਾਪਮਾਨ 7.7 ਡਿਗਰੀ ਲੁਧਿਆਣਾ ‘ਚ ਦਰਜ ਕੀਤਾ ਗਿਆ।
ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਸੁਰੇਂਦਰ ਪਾਲ ਨੇ ਦੱਸਿਆ ਕਿ ਅੱਜ, 31 ਜਨਵਰੀ ਅਤੇ 1 ਫਰਵਰੀ ਨੂੰ ਪੰਜਾਬ ਅਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ‘ਚ ਹਲਕਾ ਮੀਂਹ ਪੈ ਸਕਦਾ ਹੈ | 2 ਫਰਵਰੀ ਨੂੰ ਵੀ ਸੂਬੇ ਦੇ ਕੁਝ ਇਲਾਕਿਆਂ ‘ਚ ਮੀਂਹ ਪੈਣ ਦੀ ਸੰਭਾਵਨਾ ਹੈ। ਅਗਲੇ ਦੋ ਦਿਨਾਂ ਦੌਰਾਨ ਘੱਟੋ-ਘੱਟ ਤਾਪਮਾਨ 3 ਤੋਂ 5 ਡਿਗਰੀ ਸੈਲਸੀਅਸ ਤੱਕ ਡਿੱਗਣ ਦੀ ਉਮੀਦ ਹੈ। ਇਸ ਸਮੇਂ ਤੋਂ ਬਾਅਦ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਆਉਣ ਦੀ ਉਮੀਦ ਨਹੀਂ ਹੈ।
ਦੂਜੇ ਪਾਸੇ ਹਿਮਾਚਲ ਪ੍ਰਦੇਸ਼ ‘ਚ ਬੀਤੀ ਰਾਤ ਉੱਚੇ ਪਹਾੜਾਂ ‘ਤੇ ਬਰਫ਼ਬਾਰੀ ਹੋਈ, ਜਦੋਂ ਕਿ ਹੇਠਲੇ ਇਲਾਕਿਆਂ ‘ਚ ਭਾਰੀ ਮੀਂਹ ਪਿਆ। ਰਾਤ 10:30 ਵਜੇ ਸਪਿਤੀ ‘ਚ ਬਰਫ਼ੀਲਾ ਤੂਫ਼ਾਨ ਆਇਆ। ਚੰਬਾ, ਲਾਹੌਲ-ਸਪਿਤੀ ਅਤੇ ਕੁੱਲੂ ਦੇ ਦੂਰ-ਦੁਰਾਡੇ ਇਲਾਕਿਆਂ ‘ਚ ਭਾਰੀ ਬਰਫ਼ਬਾਰੀ ਹੋਈ। ਮਨਾਲੀ ਅਤੇ ਭਰਮੌਰ ਦੇ ਮਸ਼ਹੂਰ ਸੈਲਾਨੀ ਸਥਾਨਾਂ ‘ਚ 1.5 ਫੁੱਟ ਤੱਕ ਬਰਫ਼ਬਾਰੀ ਹੋਈ।
Read More: Punjab Weather News: ਚੰਡੀਗੜ੍ਹ ਤੇ ਮੋਹਾਲੀ ਸਮੇਤ ਕਈਂ ਥਾਵਾਂ ‘ਤੇ ਤੇਜ਼ ਹਵਾਵਾਂ ਦੇ ਨਾਲ ਪਿਆ ਮੀਂਹ




