ਪੰਜਾਬ, 21 ਅਗਸਤ 2025: Punjab Weather News: ਪੰਜਾਬ ਦੇ ਨਾਲ ਲੱਗਦੇ ਪਹਾੜੀ ਇਲਾਕਿਆਂ ‘ਚ ਮੀਂਹ ਪੈ ਰਿਹਾ ਹੈ, ਪਰ ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਤੋਂ ਮੀਂਹ ਦਾ ਨਵਾਂ ਦੌਰ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਸ ਮੀਂਹ ਤੋਂ ਬਾਅਦ ਸੂਬੇ ‘ਚ ਤਾਪਮਾਨ ਡਿੱਗ ਜਾਵੇਗਾ। ਹਾਲਾਂਕਿ ਹੁਣ ਤੱਕ ਪੰਜਾਬ ‘ਚ ਆਮ ਨਾਲੋਂ ਘੱਟ ਮੀਂਹ ਪਿਆ ਹੈ, ਪਰ ਆਉਣ ਵਾਲੇ ਦਿਨਾਂ ‘ਚ ਚੰਗਾ ਮੀਂਹ ਪੈਣ ਦੀ ਉਮੀਦ ਹੈ।
ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ‘ਚ ਲਗਾਤਾਰ ਪੈ ਰਹੇ ਮੀਂਹ ਦਾ ਅਸਰ ਪੰਜਾਬ ‘ਤੇ ਵੀ ਪੈ ਰਿਹਾ ਹੈ। ਪੌਂਗ ਡੈਮ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚ ਗਿਆ ਹੈ। ਡੈਮ ਤੋਂ ਪਾਣੀ ਲਗਾਤਾਰ ਛੱਡਿਆ ਜਾ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਣੀ ਦੇ ਪੱਧਰ ਨੂੰ ਕੰਟਰੋਲ ‘ਚ ਰੱਖਣ ਲਈ ਡੈਮ ‘ਚ ਡਿਸਚਾਰਜ ਅਤੇ ਇਨਫਲੋ ਬਰਾਬਰ ਰੱਖਿਆ ਗਿਆ ਹੈ।
ਵੀਰਵਾਰ ਨੂੰ ਪੌਂਗ ਡੈਮ ਦਾ ਪਾਣੀ ਦਾ ਪੱਧਰ 1383.3 ਫੁੱਟ ਦਰਜ ਕੀਤਾ ਗਿਆ ਸੀ। ਉਸ ਸਮੇਂ ਡਿਸਚਾਰਜ ਅਤੇ ਇਨਫਲੋ ਦੀ ਮਾਤਰਾ 59,835 ਕਿਊਸਿਕ ਸੀ। ਪਾਣੀ ਦੇ ਪੱਧਰ ‘ਚ ਲਗਾਤਾਰ ਵਾਧੇ ਦੇ ਮੱਦੇਨਜ਼ਰ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ‘ਚ ਅਲਰਟ ਜਾਰੀ ਕੀਤਾ ਗਿਆ ਹੈ | ਜਿਕਰਯੋਗ ਹੈ ਕਿ ਗੁਰਦਾਸਪੁਰ, ਫਾਜ਼ਿਲਕਾ, ਹੁਸ਼ਿਆਰਪੁਰ ਅਤੇ ਸੁਲਤਾਨਪੁਰ ਲੋਧੀ ‘ਚ ਹੜ੍ਹ ਵਰਗੀ ਸਥਿਤੀ ਕਾਰਨ ਹਾਲਾਤ ਖ਼ਰਾਬ ਹਨ | ਲੋਕਾਂ ਦੇ ਘਰ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਫਸਲਾਂ ਵੀ ਬਰਬਾਦ ਹੋ ਗਈਆਂ ਹਨ |
ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਹੇਠ ਪ੍ਰਸ਼ਾਸਨ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ। ਕਿਸੇ ਵੀ ਲਾਪਰਵਾਹੀ ਤੋਂ ਬਚਣ ਲਈ, ਹਰ ਘੰਟੇ ਰਿਪੋਰਟ ਕਰਨ ਦੀ ਪ੍ਰਣਾਲੀ ਲਾਗੂ ਕੀਤੀ ਗਈ ਹੈ। ਸੰਵੇਦਨਸ਼ੀਲ ਪਿੰਡਾਂ ‘ਚ ਅਧਿਕਾਰੀ ਤਾਇਨਾਤ ਕੀਤੇ ਹਨ ਤਾਂ ਜੋ ਲੋੜ ਪੈਣ ‘ਤੇ ਤੁਰੰਤ ਮੱਦਦ ਮੁਹੱਈਆ ਕਰਵਾਈ ਜਾ ਸਕੇ।
Read More: ਪੰਜਾਬ ਮੌਸਮ: 10 ਜ਼ਿਲ੍ਹਿਆਂ ‘ਚ ਹਲਕਾ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ