ਪੰਜਾਬ, 21 ਜੁਲਾਈ 2025: Punjab Weather Today: ਅੱਜ ਮੋਹਾਲੀ ਸਮੇਤ ਪੰਜਾਬ ਭਰ ਦੀਆਂ ਕਈਂ ਥਾਵਾਂ ‘ਤੇ ਹਲਕੇ ਮੀਂਹ ਨਾਲ ਮੌਸਮ ਬਦਲ ਗਿਆ ਹੈ ਅਤੇ ਸੂਬੇ ‘ਚ ਅਗਲੇ ਦੋ ਦਿਨਾਂ ਤੱਕ ਸੂਬੇ ‘ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਚੇਤਾਵਨੀ ਦਿੱਤੀ ਹੈ ਕਿ 21 ਅਤੇ 22 ਜੁਲਾਈ ਨੂੰ ਪੰਜਾਬ ਦੇ ਕਈ ਹਿੱਸਿਆਂ ‘ਚ ਭਾਰੀ ਮੀਂਹ ਪੈ ਸਕਦਾ ਹੈ। ਇਸ ਕਾਰਨ ਸੂਬੇ ਦੇ ਪੰਜ ਜ਼ਿਲ੍ਹਿਆਂ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਪਠਾਨਕੋਟ ‘ਚ ਔਰੇਂਜ ਫਲੈਸ਼ ਅਲਰਟ ਜਾਰੀ ਕੀਤਾ ਹੈ।
ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਮੁਤਾਬਕ ਪੰਜਾਬ ਦੇ ਕੁੱਲ 12 ਜ਼ਿਲ੍ਹਿਆਂ ‘ਚ ਦਰਮਿਆਨੀ ਤੋਂ ਭਾਰੀ ਮੀਂਹ ਪੈ ਸਕਦਾ ਹੈ। ਖਾਸ ਕਰਕੇ ਪਠਾਨਕੋਟ, ਨਵਾਂਸ਼ਹਿਰ, ਮੋਹਾਲੀ, ਹੁਸ਼ਿਆਰਪੁਰ, ਰੂਪਨਗਰ ਅਤੇ ਫਤਿਹਗੜ੍ਹ ਸਾਹਿਬ ਵਰਗੇ ਜ਼ਿਲ੍ਹਿਆਂ ‘ਚ 12 ਸੈਂਟੀਮੀਟਰ ਜਾਂ ਇਸ ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਨੂੰ ‘ਭਾਰੀ ਮੀਂਹ’ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ।
ਇਸ ਦੌਰਾਨ ਸੋਮਵਾਰ ਸਵੇਰ ਤੋਂ ਹੀ ਮੋਹਾਲੀ ਅਤੇ ਆਸ ਪਾਸ ਦੇ ਇਲਾਕਿਆਂ ‘ਚ ਹਲਕਾ ਮੀਂਹ ਜਾਰੀ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਇਸਦੇ ਨਾਲ ਹੀ ਕਪੂਰਥਲਾ, ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ ਅਤੇ ਗੁਰਦਾਸਪੁਰ ਵਰਗੇ ਹੋਰ ਜ਼ਿਲ੍ਹਿਆਂ ‘ਚ ਦਰਮਿਆਨੀ ਮੀਂਹ ਪੈਣ ਦੀ ਸੰਭਾਵਨਾ ਹੈ, ਜਦੋਂ ਕਿ ਬਾਕੀ ਇਲਾਕਿਆਂ ‘ਚ ਹਲਕਾ ਮੀਂਹ ਪੈ ਸਕਦਾ ਹੈ |
ਇਸਦੇ ਨਾਲ ਹੀ ਮੌਸਮ ਵਿਭਾਗ ਨੇ ਲੋਕਾਂ ਨੂੰ ਅਗਲੇ ਦੋ ਦਿਨਾਂ ਲਈ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ, ਖਾਸ ਕਰਕੇ ਉਨ੍ਹਾਂ ਇਲਾਕਿਆਂ ‘ਚ ਜਿੱਥੇ ਭਾਰੀ ਮੀਂਹ ਦੀ ਚੇਤਾਵਨੀ ਹੈ। ਪ੍ਰਸ਼ਾਸਨ ਨੂੰ ਵੀ ਤਿਆਰ ਰਹਿਣ ਲਈ ਕਿਹਾ ਗਿਆ ਹੈ ਤਾਂ ਜੋ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਿਆ ਜਾ ਸਕੇ।
Read More: ਪੰਜਾਬ ਮੀਂਹ ਅਲਰਟ: ਮੀਂਹ ਸਬੰਧੀ ਪੀਲਾ ਅਲਰਟ ਜਾਰੀ, ਪਵੇਗਾ ਭਾਰੀ ਮੀਂਹ