July 4, 2024 5:44 pm
Rain

Punjab Weather: ਪੰਜਾਬ ਭਰ ’ਚ ਆਉਣ ਵਾਲੇ ਦਿਨਾਂ ਦੌਰਾਨ ਮੀਂਹ ਪੈਣ ਦੀ ਸੰਭਾਵਨਾ

ਚੰਡੀਗੜ੍ਹ, 30 ਜੂਨ 2023: ਪੰਜਾਬ ’ਚ ਮੌਨਸੂਨ ਨੇ ਸਮੇਂ ਤੋਂ ਪਹਿਲਾਂ ਦਸਤਕ ਦੇ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਜ਼ਿਆਦਾਤਰ ਖੇਤਰਾਂ ’ਚ ਮੌਨਸੂਨ ਦੀ ਆਮਦ ਹੋ ਗਈ ਹੈ। ਬੀਤੇ ਦਿਨ ਵੀਰਵਾਰ ਨੂੰ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਬਠਿੰਡਾ ਤੇ ਮਾਨਸਾ ਨੂੰ ਛੱਡ ਕੇ ਬਾਕੀ ਥਾਵਾਂ ’ਤੇ ਭਰਵਾਂ ਮੀਂਹ (Rain) ਪਿਆ ਹੈ, ਪਹਾੜੀ ਇਲਾਕਿਆਂ ਆਲ ਲੱਗਦੇ ਜਿਵੇਂ ਚੰਡੀਗੜ੍ਹ ਰੋਪੜ ਵਿੱਚ ਵੀ ਕਾਫ਼ੀ ਮੀਂਹ ਪਿਆ | ਇਸ ਤੋਂ ਇਲਾਵਾ ਮਾਝਾ ਤੇ ਦੁਆਬਾ ਵਿੱਚ ਮੌਸਮ ਹੁੰਮਸ ਭਰਿਆ ਰਿਹਾ। ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ’ਚ 30 ਜੂਨ ਤੇ ਪਹਿਲੀ ਤੋਂ 3 ਜੁਲਾਈ ਤੱਕ ਕੁਝ ਥਾਵਾਂ ’ਤੇ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਵੀਰਵਾਰ ਨੂੰ ਮੌਨਸੂਨ ਦੇ ਪਹਿਲੇ ਮੀਂਹ (Rain) ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ, ਉੱਥੇ ਹੀ ਕਈ ਪੰਜਾਬ ਦੇ ਕਈ ਸ਼ਹਿਰਾਂ ਨੂੰ ਜਲ-ਥਲ ਕਰ ਦਿੱਤਾ। ਇਸ ਦੌਰਾਨ ਸੜਕਾਂ ’ਤੇ ਪਾਣੀ ਭਰਨ ਕਾਰਨ ਰਾਹਗੀਰਾਂ ਨੂੰ ਆਵਾਜਾਈ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | ਇਸ ਮੀਂਹ ਨਾਲ ਕਿਸਾਨਾਂ ਤੇ ਪਾਵਰਕੌਮ ਨੇ ਸੁੱਖ ਦਾ ਸਾਹ ਲਿਆ ਹੈ। ਵੀਰਵਾਰ ਨੂੰ ਪੰਜਾਬ ’ਚ ਦੁਪਹਿਰ ਸਮੇਂ ਮੀਂਹ ਪੈਣ ਤੋਂ ਪਹਿਲਾਂ ਬਿਜਲੀ ਦੀ ਮੰਗ 13 ਹਜ਼ਾਰ ਮੈਗਾਵਾਟ ਦੇ ਕਰੀਬ ਦਰਜ ਸੀ ਪਰ ਸ਼ਾਮ ਸਮੇਂ ਕੁਝ ਹਿੱਸਿਆਂ ’ਚ ਮੀਂਹ ਪੈਣ ਤੋਂ ਬਾਅਦ ਬਿਜਲੀ ਦੀ ਮੰਗ ਘੱਟ ਕੇ 11 ਹਜ਼ਾਰ ਮੈਗਾਵਾਟ ਦੇ ਕਰੀਬ ਰਹਿ ਗਈ।