ਚੰਡੀਗੜ੍ਹ, 11 ਜਨਵਰੀ 2026: ਪੰਜਾਬ ਸਰਕਾਰ ਵੱਲੋਂ ਉੱਚ-ਪੱਧਰੀ ਡਿਫੈਂਸ ਸਕਿੱਲਜ਼ ਕਨਕਲੇਵ (ਰੱਖਿਆ ਹੁਨਰ ਸੰਮੇਲਨ) ਕਰਵਾਇਆ, ਜਿਸ ‘ਚ ਰੱਖਿਆ, ਏਅਰੋਸਪੇਸ ਅਤੇ ਰਣਨੀਤਕ ਖੇਤਰਾਂ ਲਈ ਹੁਨਰ ਵਿਕਾਸ ‘ਤੇ ਧਿਆਨ ਕੇਂਦਰਿਤ ਕੀਤਾ। ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਦੀ ਪ੍ਰਧਾਨਗੀ ਹੇਠ ਕਰਵਾਏ ਇਸ ਸੰਮੇਲਨ ਨੇ ਰੱਖਿਆ ਨਿਰਮਾਣ ਖੇਤਰ ‘ਚ ਦੇਸ਼ ਨੂੰ ਆਤਮ-ਨਿਰਭਰ ਬਣਾਉਣ ਲਈ ਪੰਜਾਬ ਨੂੰ ਅਹਿਮ ਸਰੋਤ ਵਜੋਂ ਉਭਾਰਨ ਵਾਲੇ ਪਲੇਟਫਾਰਮ ਵਜੋਂ ਭੂਮਿਕਾ ਨਿਭਾਈ।
ਇਸ ਸੰਮੇਲਨ ‘ਚ ਰੱਖਿਆ ਸਕੱਤਰ (ਭਾਰਤ ਸਰਕਾਰ) ਰਾਜੇਸ਼ ਕੁਮਾਰ ਸਿੰਘ, ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਪ੍ਰਮੁੱਖ ਸਕੱਤਰ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਲਕਨੰਦਾ ਦਿਆਲ ਅਤੇ ਸੀਨੀਅਰ ਨੀਤੀ ਘਾੜ੍ਹਿਆਂ, ਪ੍ਰਮੁੱਖ ਡਿਫੈਂਸ ਪੀ.ਐਸ.ਯੂਜ਼ ਅਤੇ ਮੂਲ ਉਪਕਰਣ ਨਿਰਮਾਤਾਵਾਂ (ਓ.ਈ.ਐਮ.) ਤੋਂ ਉੱਘੇ ਉਦਯੋਗਪਤੀਆਂ, ਪ੍ਰਮੁੱਖ ਅਕਾਦਮਿਕ ਸੰਸਥਾਵਾਂ ਦੇ ਮੁਖੀਆਂ ਅਤੇ ਹੁਨਰ ਮਾਹਰਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਸੰਮੇਲਨ ਦਾ ਉਦੇਸ਼ ਇਕ ਅਜਿਹਾ ਉਦਯੋਗ ਪੱਖੀ ਹੁਨਰ ਵਿਕਾਸ ਈਕੋਸਿਸਟਮ ਸਿਰਜਣਾ ਸੀ ਜੋ ਆਧੁਨਿਕ ਯੁੱਧ ਅਤੇ ਏਅਰੋਸਪੇਸ ਸਬੰਧੀ ਉਭਰ ਰਹੀਆਂ ਤਕਨੀਕੀ ਮੰਗਾਂ ਨੂੰ ਪੂਰਾ ਕਰਦਾ ਹੈ।
ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਅਜੋਕੇ ਯੁੱਗ ਦੀਆਂ ਯੁੱਗ ਤਕਨੀਕਾਂ ਨੂੰ ਵੇਖਦਿਆਂ ਬਹਾਦਰੀ ਨੂੰ ਅਤਿ-ਆਧੁਨਿਕ ਹੁਨਰਾਂ ਨਾਲ ਲੈਸ ਕੀਤਾ ਜਾਣਾ ਚਾਹੀਦਾ ਹੈ। ਇਹ ਸੰਮੇਲਨ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸੂਬੇ ਨੂੰ ਇੱਕ ਅਜਿਹੇ ਹੱਬ ‘ਚ ਬਦਲਣ ਦੀ ਵਚਨਬੱਧਤਾ ਨੂੰ ਦਹੁਰਾਉਂਦਾ ਹੈ | ਇਸ ਤਹਿਤ ਪੰਜਾਬ ਨਾ ਸਿਰਫ਼ ਸੈਨਿਕ ਪੈਦਾ ਕਰੇ ਬਲਕਿ ਦੇਸ਼ ਨੂੰ ਰੱਖਿਆ ਨਿਰਮਾਣ ‘ਚ ‘ਆਤਮਨਿਰਭਰ’ ਬਣਾਉਣ ਲਈ ਹੁਨਰਮੰਦ ਟੈਕਨਾਲੋਜਿਸਟ ਅਤੇ ਇੰਜੀਨੀਅਰ ਵੀ ਪੈਦਾ ਕਰੇ।
ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦੀ ਆਬਾਦੀ ਦਾ ਮਹਿਜ਼ 2 ਫ਼ੀਸਦੀ ਹਿੱਸਾ ਹੈ, ਇਸ ਦੇ ਬਾਵਜੂਦ ਦੇਸ਼ ਦੀ ਸੈਨਾ ‘ਚ ਸੂਬੇ ਦਾ ਯੋਗਦਾਨ 12 ਫ਼ੀਸਦੀ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਰੱਖਿਆ ਖੇਤਰ ‘ਚ ਪੰਜਾਬ ਦੀ ਇੱਕ ਵਿਲੱਖਣ ਪਛਾਣ ਹੈ ਅਤੇ ਰੱਖਿਆ ਉਦਯੋਗ ‘ਚ ਨਿਵੇਸ਼ ਨੂੰ ਆਕਰਸ਼ਿਤ ਕਰਨ ਦੀਆਂ ਅਥਾਹ ਸਮਰੱਥਾਵਾਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੋਹਾਲੀ ਅਤੇ ਅੰਮ੍ਰਿਤਸਰ ‘ਚ ਕੌਮਾਂਤਰੀ ਹਵਾਈ ਅੱਡੇ ਅਤੇ ਭਾਰਤ ਦੇ ਸਭ ਤੋਂ ਵੱਡੇ ਹਵਾਈ ਸੈਨਾ ਬੇਸਾਂ ‘ਚੋਂ ਇੱਕ ਆਦਮਪੁਰ ‘ਚ ਸਥਿਤ ਹੈ।
ਅਮਨ ਅਰੋੜਾ ਨੇ ਕਿਹਾ ਕਿ ਭਵਿੱਖ ‘ਚ ਰੱਖਿਆ ਖੇਤਰ ‘ਚ ਹੁਨਰ ਵਿਕਾਸ ਸਬੰਧੀ ਦੇਸ਼ ਦੀ ਡਿਜੀਟਲ, ਮਨੋਵਿਗਿਆਨਕ ਅਤੇ ਭਾਵਨਾਤਮਕ ਤੌਰ ‘ਤੇ ਸੇਵਾ ਕਰਨ ਦੀ ਸਭ ਤੋਂ ਵੱਧ ਸਮਰੱਥਾ ਪੰਜਾਬ ਕੋਲ ਹੀ ਹੈ। ਉਨ੍ਹਾਂ ਨੇ ਇਨ੍ਹਾਂ ਸੰਭਾਵਨਾਵਾਂ ਤੋਂ ਭਰਪੂਰ ਲਾਭ ਲੈਣ ਅਤੇ ਪੰਜਾਬ ਨੂੰ ਦੇਸ਼ ਦੀ ਮਜ਼ਬੂਤ ਢਾਲ ਵਜੋਂ ਸਥਾਪਤ ਕਰਨ ਲਈ ਉਦਯੋਗ ਜਗਤ ਅਤੇ ਕੇਂਦਰ ਸਰਕਾਰ ਦਰਮਿਆਨ ਮਿਲ ਕੇ ਨੀਤੀਆਂ ਘੜ੍ਹਨ ਦੀ ਲੋੜ ‘ਤੇ ਜ਼ੋਰ ਦਿੱਤਾ।
ਪੰਜਾਬ ਸਰਕਾਰ ਦੀ ਰੱਖਿਆ ਹੁਨਰ ਸੰਮੇਲਨ ਕਰਵਾਉਣ ਲਈ ਸ਼ਲਾਘਾ ਕਰਦਿਆਂ ਭਾਰਤ ਸਰਕਾਰ ਦੇ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਨੇ ਇਸ ਪਹਿਲ ਨੂੰ ਭਾਰਤ ਨੂੰ ਆਲਮੀ ਪੱਧਰ ‘ਤੇ ਰੱਖਿਆ ਨਿਰਮਾਣ ਕੇਂਦਰ ਵਜੋਂ ਉਭਾਰਨ ਦੀ ਦਿਸ਼ਾ ਵੱਲ ਵਿਸ਼ੇਸ਼ ਕਦਮ ਦੱਸਿਆ। ਉਨ੍ਹਾਂ ਸਕਿੱਲ ਈਕੋ-ਸਿਸਟਮ ਨੂੰ ਹੋਰ ਮਜ਼ਬੂਤ ਕਰਨ ਅਤੇ ਇੱਕ ਵਿਲੱਖਣ ਉਦਯੋਗਿਕ ਅਧਾਰ ਤਿਆਰ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਰੱਖਿਆ ਨਿਰਮਾਣ ਖੇਤਰ ‘ਚ ਅਥਾਹ ਸੰਭਾਵਨਾਵਾਂ ਹਨ ਕਿਉਂਕਿ ਸੂਬੇ ਕੋਲ ਅਮੀਰ ਫ਼ੌਜੀ ਪਰੰਪਰਾ ਤੇ ਸੱਭਿਆਚਾਰ ਹੈ।
ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਅਤੇ ਅਲਕਨੰਦਾ ਦਿਆਲ ਨੇ ਸੂਬੇ ‘ਚ ਰੱਖਿਆ ਨਿਰਮਾਣ ਖੇਤਰ ‘ਚ ਆਉਣ ਵਾਲੇ ਨਿਵੇਸ਼ਕਾਂ ਨੂੰ ਨਿਰਵਿਘਨ ਸਹੂਲਤ ਅਤੇ ਪੂਰਨ ਸਮਰਥਨ ਦਾ ਭਰੋਸਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕੌਮੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ‘ਚ ਰੱਖਿਆ, ਏਅਰੋਸਪੇਸ ਅਤੇ ਰਣਨੀਤਕ ਖੇਤਰਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਇਸ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ। ਮੁੱਖ ਸਕੱਤਰ ਸਿਨਹਾ ਨੇ ਕਿਹਾ ਕਿ ਇਹ ਸੰਮੇਲਨ ਭਾਰਤ ਦੇ ਰੱਖਿਆ ਖੇਤਰ ‘ਚ ਨਵੀਨਤਾ ਅਤੇ ਸਵੈ-ਨਿਰਭਰਤਾ ਨੂੰ ਵਧਾਉਣ ‘ਚ ਸਹਾਈ ਹੋਵੇਗਾ।
ਇਸ ਦੌਰਾਨ ਪੰਜਾਬ ਸਰਕਾਰ ਨੇ ਸੋਸਾਇਟੀ ਆਫ਼ ਇੰਡੀਅਨ ਡਿਫੈਂਸ ਮੈਨੂਫੈਕਚਰਰਜ਼ (ਐਸ.ਆਈ.ਡੀ.ਐਮ.), ਨੈੱਸਕਾਮ, ਮਾਈਕ੍ਰੋਸਾਫਟ, ਆਈ.ਬੀ.ਐਮ. ਅਤੇ 1ਐਮ 1 ਬੀ (1 ਬਿਲੀਅਨ ਫਾਰ 1 ਮਿਲੀਅਨ) ਵਰਗੀਆਂ ਪ੍ਰਮੁੱਖ ਸੰਸਥਾਵਾਂ ਨਾਲ ਸਮਝੌਤੇ ਵੀ ਸਹੀਬੱਧ ਕੀਤੇ, ਜਿਸ ਦਾ ਉਦੇਸ਼ ਰੱਖਿਆ ਅਤੇ ਏਰੋਸਪੇਸ ‘ਚ ਉੱਚ-ਮੁੱਲ ਵਾਲੀਆਂ ਭੂਮਿਕਾਵਾਂ ਲਈ ਪੰਜਾਬ ਦੇ ਨੌਜਵਾਨਾਂ ਦੀ ਰੋਜ਼ਗਾਰਯੋਗਤਾ ਅਤੇ ਤਕਨੀਕੀ ਮੁਹਾਰਤ ਨੂੰ ਵਧਾਉਣਾ ਹੈ।
ਇਸ ਸੰਮੇਲਨ ‘ਚ ਆਈ.ਆਈ.ਟੀ. ਦਿੱਲੀ, ਆਈ.ਆਈ.ਟੀ. ਰੋਪੜ, ਆਈ.ਆਈ.ਟੀ. ਇੰਦੌਰ, ਪੰਜਾਬ ਇੰਜੀਨੀਅਰਿੰਗ ਕਾਲਜ ਅਤੇ ਚੰਡੀਗੜ੍ਹ ਯੂਨੀਵਰਸਿਟੀ ਵਰਗੇ ਸੰਸਥਾਨਾਂ ਦੇ ਨਾਲ-ਨਾਲ ਭਾਰਤ ਫੌਰਜ ਲਿਮਟਿਡ, ਮਹਿੰਦਰਾ ਡਿਫੈਂਸ ਸਿਸਟਮਜ਼, ਐਲ ਐਂਡ ਟੀ ਡਿਫੈਂਸ, ਟਾਟਾ ਐਡਵਾਂਸਡ ਸਿਸਟਮਜ਼ ਲਿਮਟਿਡ ਅਤੇ ਸਫਰਾਨ ਇੰਡੀਆ ਸਮੇਤ ਰੱਖਿਆ ਉਦਯੋਗ ਦੇ ਅਨੇਕਾਂ ਦਿੱਗਜਾਂ ਵੱਲੋਂ ਸ਼ਮੂਲੀਅਤ ਦੇਖਣ ਨੂੰ ਮਿਲੀ। ਇਸ ਸਮਾਗਮ ‘ਚ ਖ਼ਾਸ ਤੌਰ ‘ਤੇ ਹਰਿਆਣਾ, ਗੁਜਰਾਤ, ਤੇਲੰਗਾਨਾ, ਤਾਮਿਲਨਾਡੂ, ਕਰਨਾਟਕ ਅਤੇ ਯੂ.ਪੀ. ਡਿਫੈਂਸ ਇੰਡਸਟਰੀਅਲ ਕੋਰੀਡੋਰ ਸਮੇਤ ਹੋਰਨਾਂ ਸੂਬਿਆਂ ਦੇ ਨੁਮਾਇੰਦੇ ਸ਼ਾਮਲ ਹੋਏ |
Read More: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਕੇਂਦਰ ਸਰਕਾਰ ਤੋਂ ਵਿਸ਼ੇਸ਼ ਵਿੱਤੀ ਪੈਕੇਜ ਦੀ ਮੰਗ




