ਚੰਡੀਗੜ੍ਹ, 26 ਨਵੰਬਰ 2024: ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਪਤਨੀ ਡਾਕਟਰ ਨਵਜੋਤ ਕੌਰ ਦੇ ਕੈਂਸਰ ਦਾ ਆਯੁਰਵੈਦਿਕ ਤਰੀਕਿਆਂ ਨਾਲ ਇਲਾਜ ਦਾ ਦਾਅਵਾ ਚਰਚਾ ‘ਚ ਆ ਗਿਆ ਸੀ | ਜਿਸਦਾ ਕਿ ਕੁਝ ਡਾਕਟਰਾਂ ਵੱਲੋਂ ਦਾਅਵਿਆਂ ਦਾ ਖੰਡਨ ਕੀਤਾ ਗਿਆ | ਇਸ ਦੌਰਾਨ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚਐਸ ਫੁਲਕਾ (HS Phulka) ਨੇ ਵੀ ਸ਼ੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਕੇ ਪ੍ਰਤੀਕਿਰਿਆ ਦਿੱਤੀ ਹੈ | ਫੁਲਕਾ ਨੇ ਨਵਜੋਤ ਸਿੰਘ ਸਿੱਧੂ ਦਾ ਵੀ ਆਪਣੇ ਸੰਘਰਸ਼ ਦਾ ਤਜਰਬਾ ਲੋਕਾਂ ਨਾਲ ਸਾਂਝਾ ਕਰਨ ਲਈ ਧੰਨਵਾਦ ਕੀਤਾ ਹੈ।
ਸੀਨੀਅਰ ਵਕੀਲ ਐਚ.ਐਸ. ਫੁਲਕਾ (HS Phulka) ਨੇ ਕਿਹਾ ਕਿ ਨਵਜੋਤ ਸਿੱਧੂ ਸਹੀ ਹੈ, ਖੁਰਾਕ ਸਭ ਤੋਂ ਵਧੀਆ ਦਵਾਈ ਹੈ। ਅਸੀਂ ਕੋਵਿਡ ਨੂੰ ਸਿਰਫ਼ ਖੁਰਾਕ ਰਾਹੀਂ ਹੀ ਠੀਕ ਕੀਤਾ ਹੈ। ਐਲੋਪੈਥੀ ਦੀ ਕੋਈ ਦਵਾਈ ਨਹੀਂ ਲਈ। ਇਹ ਸਿਰਫ਼ ਉਦੋਂ ਨਹੀਂ ਹੈ ਜਦੋਂ ਤੁਸੀਂ ਬਿਮਾਰ ਹੋ, ਸਗੋਂ ਆਪਣੀ ਰੈਗੂਲਰ ਡਾਈਟ ਨੂੰ ਅਜਿਹਾ ਬਣਾਓ ਕਿ ਇਹ ਦਵਾਈ ਦੀ ਤਰ੍ਹਾਂ ਕੰਮ ਕਰੇ ਅਤੇ ਸਰੀਰ ਨੂੰ ਤੰਦਰੁਸ਼ਤ ਰੱਖਿਆ ਜਾ ਸਕੇ ।
ਫੁਲਕਾ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਆਪਣਾ ਅਨੁਭਵ ਸਾਂਝਾ ਕਰ ਰਹੇ ਹਨ ਅਤੇ ਮੈਂ ਆਪਣਾ ਅਨੁਭਵ ਸਾਂਝਾ ਕਰ ਰਿਹਾ ਹਾਂ। ਖੁਰਾਕ ਨੇ ਸਾਨੂੰ ਚੰਗੀ ਸਿਹਤ ਬਣਾਈ ਰੱਖਣ ਅਤੇ ਦਵਾਈਆਂ ਤੋਂ ਬਚਣ ‘ਚ ਕਿਵੇਂ ਮੱਦਦ ਕੀਤੀ ਹੈ। ਸਰੀਰ ਨੂੰ ਸਿਹਤਮੰਦ ਰੱਖਣ ‘ਚ ਖੁਰਾਕ ਦੀ ਭੂਮਿਕਾ ਚੰਗੀ ਤਰ੍ਹਾਂ ਜਾਣੀ ਜਾਂਦੀ ਹੈ ਅਤੇ ਦਸਤਾਵੇਜ਼ੀ ਤੌਰ ‘ਤੇ ਹੈ।
ਉਨ੍ਹਾਂ ਕਿਹਾ ਕਿ ਸਵੇਰ ਦੀ ਚਾਹ ਨਾਲ ਦਿਨ ਦੀ ਸ਼ੁਰੂਆਤ ਕਰਨਾ ਸਰੀਰ ਲਈ ਜ਼ਹਿਰੀਲਾ ਹੁੰਦਾ ਹੈ। ਅਸੀਂ ਦਿਨ ਦੀ ਸ਼ੁਰੂਆਤ ਪਾਣੀ ਅਤੇ ਫਿਰ ਨਿੰਬੂ ਅਤੇ ਫਿਰ ਫਲਾਂ ਨਾਲ ਕਰਦੇ ਹਾਂ। ਚਾਹ ਫਲਾਂ ਤੋਂ ਬਾਅਦ ਹੀ ਪੀਣੀ ਚਾਹੀਦੀ ਹੈ। ਜ਼ਿਆਦਾ ਖੰਡ, ਆਟਾ, ਰਿਫਾਇੰਡ ਤੇਲ, ਤਲੇ ਹੋਏ ਭੋਜਨਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਇਨ੍ਹਾਂ ਤੋਂ ਬਿਨਾਂ ਵੀ ਭੋਜਨ ਬਹੁਤ ਸਵਾਦ ਬਣ ਸਕਦਾ ਹੈ। ਆਪਣੀ ਖੁਰਾਕ ‘ਚ ਫਲਾਂ ਅਤੇ ਸਬਜ਼ੀਆਂ ਦੇ 5 ਤੋਂ 7 ਹਿੱਸੇ ਸ਼ਾਮਲ ਕਰਨਾ ਚਾਹੀਦਾ ਹੈ। ਸਰੀਰ ‘ਚ ਆਪਣੇ ਆਪ ਨੂੰ ਠੀਕ ਕਰਨ ਦੀ ਸ਼ਕਤੀ ਹੈ। ਦਵਾਈ ਦੀ ਵਰਤੋਂ ਆਖਰੀ ਉਪਾਅ ਹੋਣੀ ਚਾਹੀਦੀ ਹੈ, ਪਹਿਲੀ ਨਹੀਂ।
ਇਸਤੋਂ ਪਹਿਲਾਂ ਡਾਕਟਰ ਨਵਜੋਤ ਕੌਰ ਨੇ ਕਿਹਾ ਸੀ ਕਿ ਮੈਂ ਡਾਕਟਰ ਹੋਣ ਦੇ ਨਾਤੇ ਸੋਚਦੀ ਸੀ ਕਿ ਇਲਾਜ ਪਹਿਲਾਂ ਆਉਂਦਾ ਹੈ ਅਤੇ ਆਯੁਰਵੈਦ ਆਖਰੀ ਆਉਂਦਾ ਹੈ। ਉਨ੍ਹਾਂ ਨੇ ਸੋਚਿਆ ਕਿ ਮੈਂ ਬਿਮਾਰ ਹਾਂ ਅਤੇ ਮੈਨੂੰ ਕਈ ਤਰ੍ਹਾਂ ਦੀਆਂ ਚੀਜ਼ਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਕੁਝ ਸਮੇਂ ਬਾਅਦ ਮੈਨੂੰ ਚੰਗਾ ਮਹਿਸੂਸ ਹੋਣ ਲੱਗਾ। ਮੈਂ ਇਹ ਚੀਜ਼ਾਂ ਖਾਣ ਲੱਗ ਪਈਆਂ। ਮੇਰਾ ਭਾਰ ਘਟਣ ਲੱਗਾ। ਸਰੀਰ ‘ਚ ਸੋਜ ਠੀਕ ਹੋਣ ਲੱਗੀ।
ਨਵਜੋਤ ਸਿੱਧੂ ਦੇ ਦਾਅਵੇ ਤੋਂ ਬਾਅਦ ਟਾਟਾ ਮੈਮੋਰੀਅਲ ਹਸਪਤਾਲ ਨੂੰ ਐਡਵਾਈਜ਼ਰੀ ਜਾਰੀ ਕਰਨੀ ਪਈ। ਉਨ੍ਹਾਂ ਨਵਜੋਤ ਸਿੰਘ ਸਿੱਧੂ ਦੇ ਦਾਅਵਿਆਂ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ ।
ਇਸ ਐਡਵਾਈਜ਼ਰੀ ਮੁਤਾਬਕ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਸਾਬਕਾ ਕ੍ਰਿਕਟਰ ਨੇ ਆਪਣੀ ਪਤਨੀ ਦੇ ਬ੍ਰੈਸਟ ਕੈਂਸਰ ਦੇ ਇਲਾਜ ਬਾਰੇ ਜਾਣਕਾਰੀ ਦਿੱਤੀ ਹੈ। ਇਸ ਵੀਡੀਓ ‘ਚ ਕਿਹਾ ਗਿਆ ਹੈ ਕਿ ਉਸਦੀ ਪਤਨੀ ਦਾ ਕੈਂਸਰ ਡੇਅਰੀ ਉਤਪਾਦ, ਚੀਨੀ ਛੱਡਣ ਅਤੇ ਹਲਦੀ ਅਤੇ ਨਿੰਮ ਦੇ ਸੇਵਨ ਨਾਲ ਠੀਕ ਹੋ ਜਾਂਦਾ ਹੈ। ਇਹਨਾਂ ਦਾਅਵਿਆਂ ਲਈ ਕੋਈ ਠੋਸ ਵਿਗਿਆਨਕ ਸਬੂਤ ਨਹੀਂ ਹੈ। ਕੈਂਸਰ ਦੇ ਇਲਾਜ ‘ਚ ਹਲਦੀ, ਨਿੰਮ ਜਾਂ ਹੋਰ ਘਰੇਲੂ ਉਪਚਾਰਾਂ ਦੀ ਵਰਤੋਂ ‘ਤੇ ਅਧਿਐਨ ਜਾਰੀ ਹਨ।
ਉਨ੍ਹਾਂ ਨੇ ਜਨਤਾ ਨੂੰ ਇਹਨਾਂ ਗੈਰ-ਪ੍ਰਮਾਣਿਤ ਘਰੇਲੂ ਉਪਚਾਰਾਂ ਦੀ ਪਾਲਣਾ ਕਰਨ ਤੋਂ ਪਹਿਲਾਂ ਸਹੀ ਡਾਕਟਰੀ ਸਲਾਹ ਲੈਣ ਦੀ ਅਪੀਲ ਕੀਤੀ। ਇਸਦੇ ਨਾਲ ਹੀ ਜੇਕਰ ਕੈਂਸਰ ਦੇ ਲੱਛਣ ਦਿਖਾਈ ਦਿੰਦੇ ਹਨ, ਤਾਂ ਕਿਸੇ ਯੋਗ ਡਾਕਟਰ ਜਾਂ ਕੈਂਸਰ ਮਾਹਰ ਨਾਲ ਸੰਪਰਕ ਕਰੋ।