ਐੱਸ.ਏ.ਐੱਸ.ਨਗਰ 30 ਸਤੰਬਰ 2023: ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ, ਜੱਜ, ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਮਹੀਨਾ ਅਕਤੂਬਰ, 2023 ਦੌਰਾਨ ਪੂਰੇ ਪੰਜਾਬ ਵਿਚ “ਪੰਜਾਬ ਅਗੇਂਸਟ ਡਰੱਗ ਅਡਿਕਸ਼ਨ” ਮੁਹਿੰਮ ਚਲਾਈ ਜਾਵੇਗੀ।
ਇਸ ਮੁਹਿੰਮ ਦੀ ਸ਼ੁਰੂਆਤ ਵਜੋਂ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ.ਨਗਰ ਵਲੋਂ ਵਾਕਾਥਾਨ ਦਾ ਆਯੋਜਨ ਕੀਤਾ ਗਿਆ, ਜਿਸ ਨੂੰ ਹਰਪਾਲ ਸਿੰਘ, ਜਿਲ੍ਹਾ ਅਤੇ ਸੈਸ਼ਨਜ਼ ਜੱਜ, ਐੱਸ.ਏ.ਐੱਸ.ਨਗਰ ਅਤੇ ਮਨਜਿੰਦਰ ਸਿੰਘ, ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਝੰਡੀ ਦਿਖਾਈ ਗਈ।
ਇਹ ਵਾਕਾਥਾਨ ਜੋ ਕਿ ਸਟੇਟ ਅਥਾਰਟੀ ਦੇ ਮੁੱਖ ਦਫ਼ਤਰ ਸੈਕਟਰ-69 ਤੋਂ ਸ਼ੁਰੂ ਹੋ ਕੇ ਰੀਹੈਬਿਲੀਟੇਸ਼ਨ ਸੈਂਟਰ, ਸੈਕਟਰ-66, ਮੋਹਾਲੀ ਵਿਖੇ ਸਮਾਪਤ ਹੋਈ, ਵਿਚ ਜੁਡੀਸ਼ੀਅਲ ਅਧਿਕਾਰੀ, ਪੁਲਿਸ ਅਧਿਕਾਰੀ, ਜਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀ, ਸਿਹਤ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀ, ਆਰਮੀ ਲਾਅ ਕਾਲਜ ਦੇ ਵਿਦਿਆਰਥੀ ਅਤੇ ਸਮਾਜ ਦੇ ਵੱਖ ਵੱਖ ਖੇਤਰਾਂ ਨਾਲ ਸਬੰਧਤ ਵਿਅਕਤੀਆਂ ਵਲੋਂ ਭਾਗ ਲਿਆ ਗਿਆ। ਇਸ ਵਾਕਾਥਾਨ ਦਾ ਮਕਸਦ ਲੋਕਾਂ ਵਿਚ ਇਹ ਸੰਦੇਸ਼ ਪਹੁੰਚਾਉਣਾ ਸੀ ਕਿ ਕਾਨੂੰਨੀ ਸੇਵਾਵਾਂ ਅਥਾਰਟੀ ਨਸ਼ੇ ਦੇ ਆਦੀ ਵਿਅਕਤੀਆਂ ਦੇ ਮੁੜ ਵਸੇਬੇ ਅਤੇ ਉਨ੍ਹਾਂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਲਈ ਉਨ੍ਹਾਂ ਦੇ ਨਾਲ ਹੈ।
ਇਹ ਮੁਹਿੰਮ ਮਿਤੀ 1 ਅਕਤੂਬਰ 2023 ਤੋਂ ਲੈ ਕੇ 31 ਅਕਤੂਬਰ 2023 ਤੱਕ ਜਿਲ੍ਹੇ ਦੇ ਵੱਖ-ਵੱਖ ਪਿੰਡਾਂ/ਸ਼ਹਿਰਾਂ ਵਿਚ ਚਲਾਈ ਜਾਵੇਗੀ। ਇਸ ਦੌਰਾਨ ਸਿਹਤ, ਸਿੱਖਿਆ ਅਤੇ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਰੈਲੀਆਂ, ਵਾਕਾਥਾਨ, ਵਰਕਸ਼ਾਪ ਅਤੇ ਸੈਮੀਨਾਰਾਂ ਦਾ ਆਯੋਜਨ ਕੀਤਾ ਜਾਵੇਗਾ। ਸਕੂਲਾਂ ਅਤੇ ਕਾਲਜਾਂ ਵਿਚ ਡੈਕਲਾਮੇਸ਼ਨ, ਡਿਬੇਟ, ਪੋਸਟਰ ਮੇਕਿੰਗ ਅਤੇ ਚਾਰਟ ਮੇਕਿੰਗ ਆਦਿ ਮੁਕਾਬਲੇ ਕਰਵਾਏ ਜਾਣਗੇ।
ਇਸ ਤੋਂ ਇਲਾਵਾ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਨੂੰ ਉਜਾਗਰ ਕਰਦੇ ਨੁੱਕੜ ਨਾਟਕਾਂ ਦਾ ਵੀ ਆਯੋਜਨ ਕੀਤਾ ਜਾਵੇਗਾ। ਜੇਕਰ ਕੋਈ ਵਿਅਕਤੀ ਜਿਹੜਾ ਕਿ ਨਸ਼ਿਆਂ ਦਾ ਆਦੀ ਹੋਵੇ, ਆਪਣਾ ਇਲਾਜ ਕਰਵਾਉਣਾ ਚਾਹੁੰਦਾ ਹੈ, ਤਾਂ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਉਸ ਦੇ ਇਲਾਜ ਦਾ ਪ੍ਰਬੰਧ ਰੀਹੈਬਲੀਟੇਸ਼ਨ ਸੈਂਟਰ ਵਿਚ ਮੁਫਤ ਵਿਚ ਕਰਵਾਉਣ ਦਾ ਪ੍ਰਬੰਧ ਕਰੇਗਾ ਅਤੇ ਉਸ ਦੀ ਪਹਿਚਾਣ ਵੀ ਗੁਪਤ ਰੱਖੀ ਜਾਵੇਗੀ। ਇਸ ਦੌਰਾਨ ਹਾਜ਼ਰ ਵਿਅਕਤੀਆਂ ਵਲੋਂ ਨਸ਼ੇ ਨਾ ਕਰਨ ਦਾ ਪ੍ਰਣ ਕੀਤਾ ਗਿਆ।
ਵਾਕਾਥਾਨ ਵਿਚ ਸ੍ਰੀਮਤੀ ਸਮ੍ਰਿਤੀ ਧੀਰ, ਵਧੀਕ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਬਲਜਿੰਦਰ ਸਿੰਘ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ.ਨਗਰ, ਅਨੀਸ਼ ਗੋਇਲ, ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ, ਐੱਸ.ਏ.ਐੱਸ.ਨਗਰ, ਜਗਜੀਤ ਸਿੰਘ, ਜੇ.ਐਮ.ਆਈ.ਸੀ., ਐਮ.ਕੇ ਸਿੰਗਲਾ, ਜੇ.ਐਮ.ਆਈ.ਸੀ, ਹਰਸਿਮਰਨ ਸਿੰਘ ਬੱਲ, ਡੀ.ਐਸ.ਪੀ, ਡਾ.ਪੂਜਾ ਗਰਗ, ਮਨੋਰੋਗ ਮਾਹਿਰ, ਕੁਲਵੰਤ ਸਿੰਘ, ਚੇਅਰਮੈਨ, ਚਾਈਲਡ ਵੈਲਫੇਅਰ ਕਮੇਟੀ ਅਤੇ ਆਰਮੀ ਲਾਅ ਕਾਲਜ ਦੇ ਵਿਦਿਆਰਥੀਆਂ ਨੇ ਭਾਗ ਲਿਆ।