ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ 2026

ਪੰਜਾਬ ਰਾਜ ਸੂਚਨਾ ਕਮਿਸ਼ਨ ਵੱਲੋਂ ਪੰਜਾਬੀ ਭਾਸ਼ਾ ਦੀ ਮਹੱਤਤਾ ਨੂੰ ਦਰਸਾਉਂਦਾ ਸਾਹਿਤਕ ਬਰੋਸ਼ਰ ਜਾਰੀ

ਚੰਡੀਗੜ੍ਹ, 20 ਫਰਵਰੀ 2026: ਹਰ ਸਾਲ 21 ਫਰਵਰੀ ਨੂੰ ਮਨਾਇਆ ਜਾਣ ਵਾਲਾ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਦੀ ਮਹੱਤਤਾ ਨੂੰ ਮਾਨਤਾ ਦੇਣ ਅਤੇ ਮਾਂ ਬੋਲੀ ਪੰਜਾਬੀ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਅੱਜ ਪੰਜਾਬ ਦੇ ਮੁੱਖ ਸੂਚਨਾ ਕਮਿਸ਼ਨਰ ਇੰਦਰਪਾਲ ਸਿੰਘ ਧੰਨਾ ਵੱਲੋਂ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ, ਵਰਿੰਦਰਜੀਤ ਸਿੰਘ ਬਿਲਿੰਗ, ਡਾ. ਭੁਪਿੰਦਰ ਸਿੰਘ ਬਾਠ, ਸੰਦੀਪ ਸਿੰਘ ਧਾਲੀਵਾਲ, ਪੂਜਾ ਗੁਪਤਾ ਅਤੇ ਆਈ.ਏ.ਐਸ. ਡੀ.ਕੇ. ਤਿਵਾੜੀ, ਵਧੀਕ ਮੁੱਖ ਸਕੱਤਰ ਪੰਜਾਬ ਸਰਕਾਰ ਦੀ ਮੌਜੂਗੀ ‘ਚ ਪੰਜਾਬੀ ਭਾਸ਼ਾ ਦੀ ਮਹੱਤਤਾ ਨੂੰ ਦਰਸਾਉਂਦਾ ਸਾਹਿਤਕ ਬਰੋਸ਼ਰ ਜਾਰੀ ਕੀਤਾ ਹੈ |

ਇਹ ਸਾਹਿਤਕ ਬਰੋਸ਼ਰ ਰਾਜ ਸੂਚਨਾ ਕਮਿਸ਼ਨਰ, ਪੰਜਾਬ ਹਰਪ੍ਰੀਤ ਸੰਧੂ ਵੱਲੋਂ ਲਿਖਿਆ ਹੈ, ਜੋ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ-2026 ਦੇ ਥੀਮ ‘ਬਹੁ-ਭਾਸ਼ਾਈ ਸਿੱਖਿਆ ’ਤੇ ਨੌਜਵਾਨਾਂ ਦੀ ਆਵਾਜ਼’ ਨੂੰ ਉਜਾਗਰ ਕਰਦੇ ਹੋਏ ਸਮਾਜ ਦੇ ‘ਚ ਮਾਂ ਬੋਲੀ ‘‘ਪੰਜਾਬੀ’’ ਨੂੰ ਮਾਨਤਾ ਦੇਣ ਅਤੇ ਸ਼ਾਨ ਬਹਾਲੀ ਦੀ ਲੋੜ ’ਤੇ ਜ਼ੋਰ ਦਿੰਦਾ ਹੈ।

ਇਸ ਬਾਰੇ ਹਰਪ੍ਰੀਤ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਪਿਕਟੋਰੀਅਲ (ਤਸਵੀਰਾਂ ਸਹਿਤ) ਬਰੋਸ਼ਰ ਨੈਲਸਨ ਮੰਡੇਲਾ ਵੱਲੋਂ ਕਹੇ ਗਏ ਮਿਗਨਾਤੀਸੀ ਸ਼ਬਦਾਂ,‘‘ ਜੇ ਤੁਸੀਂ ਕਿਸੇ ਸ਼ਖਸ ਨਾਲ ਉਸ ਭਾਸ਼ਾ ‘ਚ ਗੱਲ ਕਰਦੇ ਹੋ ਜਿਸਨੂੰ ਉਹ ਸਮਝਦਾ ਹੈ ਤਾਂ ਉਹ ਲਫ਼ਜ਼ ਉਸਦੇ ਦਿਮਾਗ ‘ਚ ਜਾਂਦੇ ਹਨ, ਪਰ ਜੇ ਤੁਸੀਂ ਉਸ ਨਾਲ ਉਸਦੀ ਮਾਂ ਬੋਲੀ ‘ਚ ਗੱਲ ਕਰਦੇ ਹੋ ਤਾਂ ਉਹ ਉਸਦੇ ਦਿਲ ਤੱਕ ਪਹੁੰਚਦੀ ਹੈ।’’ਉਸ ਤੋਂ ਪ੍ਰੇਰਿਤ ਹੋ ਕੇ ਤਿਆਰ ਕੀਤਾ ਹੈ ਤਾਂ ਜੋ ਮਾਂ ਬੋਲੀ ਪੰਜਾਬੀ ਦੀ ਸ਼ਾਨਾਮੱਤੀ ਵਿਰਾਸਤ ਨੂੰ ਹੋਰ ਪ੍ਰਫੁੱਲਿਤ ਕੀਤਾ ਜਾ ਸਕੇ।

ਰਾਜ ਸੂਚਨਾ ਕਮਿਸ਼ਨਰ ਪੰਜਾਬ ਨੇ ਕਿਹਾ ਕਿ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ-2026 ਦਾ ਉਦੇਸ਼ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜ ਕੇ ਮਾਤ ਭਾਸ਼ਾ ਨੂੰ ਅਪਣਾਉਣ, ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਣ ਪ੍ਰਤੀ ਜਾਗਰੂਕ ਕਰਨਾ ਹੈ। ਵਧੀਕ ਮੁੱਖ ਸਕੱਤਰ, ਸੁਸ਼ਾਸਨ ਅਤੇ ਸੂਚਨਾ ਤਕਨਾਲੋਜੀ, ਪੰਜਾਬ, ਡੀ.ਕੇ. ਤਿਵਾੜੀ ਨੇ ਹਰਪ੍ਰੀਤ ਸੰਧੂ ਵੱਲੋਂ ਤਿਆਰ ਕੀਤੇ ਸਾਹਿਤਕ ਬਰੋਸ਼ਰ ਦੀ ਸ਼ਲਾਘਾ ਕੀਤੀ ਅਤੇ ਇਸਨੂੰ ਪੰਜਾਬੀ ਭਾਸ਼ਾ ਦੇ ਪ੍ਰਚਾਰ ਲਈ ਸਾਰਥਕ ਕਾਰਜ ਦੱਸਿਆ।

ਇਸ ਦੌਰਾਨ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ, ਵਰਿੰਦਰਜੀਤ ਸਿੰਘ ਬਿਲਿੰਗ, ਡਾ. ਭੁਪਿੰਦਰ ਸਿੰਘ ਬਾਠ, ਸੰਦੀਪ ਸਿੰਘ ਧਾਲੀਵਾਲ ਅਤੇ ਪੂਜਾ ਗੁਪਤਾ ਨੇ ਵੀ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਕਿਉਂਕਿ ਮਾਂ ਬੋਲੀ ਸਾਡੀ ਸੱਭਿਆਚਾਰਕ ਪਛਾਣ ਅਤੇ ਵਿਰਾਸਤ ਦੀ ਆਤਮਾ ਹੈ, ਜੋ ਸਾਨੂੰ ਆਪਣੀਆਂ ਜੜ੍ਹਾਂ ਨਾਲ ਜੋੜਦੀ ਹੈ ਅਤੇ ਸਾਡੇ ਇਤਿਹਾਸ ਅਤੇ ਰਹੁ-ਰੀਤਾਂ ਨੂੰ ਅਗਲੀਆਂ ਪੀੜ੍ਹੀਆਂ ਤੱਕ ਲਿਜਾਂਦੀ ਹੈ। ਰਾਜ ਸੂਚਨਾ ਕਮਿਸ਼ਨਰਾਂ ਨੇ ਕਿਹਾ ਕਿ ਆਪਣੀ ਮਾਤ ਭਾਸ਼ਾ ਨੂੰ ਸੰਭਾਲ ਕੇ ਅਤੇ ਉਤਸ਼ਾਹਿਤ ਕਰਕੇ, ਅਸੀਂ ਨਾ ਸਿਰਫ਼ ਆਪਣੀ ਵਿਰਾਸਤ ਦਾ ਸਨਮਾਨ ਕਰਦੇ ਹਾਂ ਸਗੋਂ ਮਨੁੱਖਤਾ ਦੀ ਵਿਭਿੰਨਤਾ ਅਤੇ ਏਕਤਾ ‘ਚ ਵੀ ਯੋਗਦਾਨ ਪਾਉਂਦੇ ਹਾਂ।

Read More: ਬਲਜਿੰਦਰ ਸਿੰਘ ਚੌਂਦਾ ਨੇ ਪੰਜਾਬ SC ਭੋਂ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆ

ਵਿਦੇਸ਼

Scroll to Top