UPI service

ਪੰਜਾਬ ਰਾਜ ਸਹਿਕਾਰੀ ਬੈਂਕ ਨੇ ਗ੍ਰਾਹਕਾਂ ਲਈ UPI ਸੇਵਾ ਦੀ ਕੀਤੀ ਸ਼ੁਰੂਆਤ

ਚੰਡੀਗੜ੍ਹ, 30 ਸਤੰਬਰ 2024: ਪੰਜਾਬ ਸਰਕਾਰ ਵੱਲੋਂ ਗ੍ਰਾਹਕਾਂ ਨੂੰ ਪੈਸੇ ਦੇ ਆਨਲਾਈਨ ਲੈਣ-ਦੇਣ ਦੇ ਯੋਗ ਬਣਾਉਣ ਲਈ ਪੰਜਾਬ ਰਾਜ ਸਹਿਕਾਰੀ ਬੈਂਕ ‘ਚ ਯੂ.ਪੀ.ਆਈ. ਸੇਵਾ (UPI service)ਦੀ ਸ਼ੁਰੂਆਤ ਕੀਤੀ ਗਈ ਹੈ। ਪੰਜਾਬ ਸਰਕਾਰ ਮੁਤਾਬਕ ਇਹ ਸਹਿਕਾਰੀ ਖੇਤਰ ‘ਚ ਬੈਂਕਿੰਗ ਸੇਵਾ ‘ਚ ਨਵਾਂ ਮੀਲ ਪੱਥਰ ਸਥਾਪਿਤ ਕਰੇਗੀ |

ਇਸ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਇਹ ਸਹੂਲਤ ਸਹਿਕਾਰੀ ਬੈਂਕਾਂ ‘ਚ ਪੈਸੇ ਦੇ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕਰੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬੈਂਕ ਦੀਆਂ 18 ਬਰਾਂਚਾਂ ‘ਚ UPI ਦੀ ਸਹੂਲਤ ਦੀ ਸ਼ੁਰੂਆਤ ਕੀਤੀ ਹੈ। ਇਸ ਦਾ ਉਦੇਸ਼ ਵਧੇਰੇ ਪਾਰਦਰਸ਼ਤਾ ਤੇ ਜਵਾਬਦੇਹੀ ਰਾਹੀਂ ਬੈਂਕ ਦੀ ਕਾਰਜਪ੍ਰਣਾਲੀ ਨੂੰ ਹੋਰ ਸੁਚਾਰੂ ਬਣਾਉਣਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਬੈਂਕ ਦੇ ਗ੍ਰਾਹਕਾਂ, ਗੂਗਲ ਪੇਅ, ਵਟਸਐਪ, ਫੋਨ ਪੇਅ, ਪੇਅਟੀਐਮ, ਭੀਮ ਅਤੇ ਹੋਰ ਐਪਲੀਕੇਸ਼ਨਾਂ ਵਰਗੇ ਪਲੇਟਫਾਰਮਾਂ ਦੀ ਵਰਤੋਂ ਕਰ ਕੇ ਪੈਸੇ ਦਾ ਲੈਣ-ਦੇਣ ਕਰਨ ਦੇ ਯੋਗ ਹੋਣਗੇ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਸਹੂਲਤ ਨਾਲ ਬੈਂਕ ਦੇ ਗ੍ਰਾਹਕਾਂ ਦੂਜੇ ਬੈਂਕ ਖਾਤਿਆਂ ਤੋਂ ਪੰਜਾਬ ਰਾਜ ਸਹਿਕਾਰੀ ਬੈਂਕ ਦੇ ਖਾਤਿਆਂ ‘ਚ ਪੈਸੇ ਭੇਜ ਅਤੇ ਪ੍ਰਾਪਤ ਕਰ ਸਕਣਗੇ। ਉਨ੍ਹਾਂ ਕਿਹਾ ਕਿ ਸ਼ੁਰੂਆਤ ‘ਚ ਗ੍ਰਾਹਕਾਂ UPI ਰਾਹੀਂ ਪ੍ਰਤੀ ਦਿਨ 50,000 ਰੁਪਏ ਤੱਕ ਦਾ ਲੈਣ-ਦੇਣ ਕਰ ਸਕਣਗੇ, ਜਿਸ ਨੂੰ ਆਉਣ ਵਾਲੇ ਦਿਨਾਂ ‘ਚ ਵਧਾ ਕੇ 1 ਲੱਖ ਰੁਪਏ ਕਰ ਦਿੱਤਾ ਜਾਵੇਗਾ। ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ‘ਚ ਸਹਿਕਾਰੀ ਖੇਤਰ ਨੂੰ ਮਜ਼ਬੂਤ ​​ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਜਿਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ।

ਇਸ ਮੌਕੇ ਬੈਂਕ ਦੇ ਚੇਅਰਮੈਨ ਜਗਦੇਵ ਸਿੰਘ ਬਾਮ ਨੇ ਕਿਹਾ ਕਿ ਇਹ ਸਹੂਲਤ (UPI service) ਬੈਂਕ ਦੇ ਗ੍ਰਾਹਕਾਂ ਲਈ ਵੱਡਾ ਤੋਹਫਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਸਹੂਲਤ ਬੈਂਕ ਦੀਆਂ ਹੋਰ ਸ਼ਾਖਾਵਾਂ ‘ਚ ਵੀ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਬੈਂਕ ਪਹਿਲਾਂ ਹੀ ਮੋਬਾਈਲ ਬੈਂਕਿੰਗ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ, ਜਿਸ ਰਾਹੀਂ ਗਾਹਕ IMPS ਅਤੇ RTGS ਰਾਹੀਂ ਲੈਣ-ਦੇਣ ਕਰ ਸਕਦੇ ਹਨ।

 

Scroll to Top