Dr. Manmohan Singh

Punjab Sports News: ਪੰਜਾਬ ਸਰਕਾਰ ਦੀ ਸਾਲ 2024 ਖੇਡਾਂ ਦੇ ਖੇਤਰ ‘ਚ ਅਹਿਮ ਪ੍ਰਾਪਤੀਆਂ

ਚੰਡੀਗੜ੍ਹ, 25 ਦਸੰਬਰ 2024: Sports News in Punjabi: ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਖੇਤਰ ‘ਚ ਕੀਤੇ ਉਪਰਾਲਿਆਂ ਸਦਕਾ ਸਾਲ 2024 ਦੇਸ਼ ਭਰ ‘ਚ ਸੂਬੇ ਦੇ ਨਾਮ ਰਿਹਾ ਹੈ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਮੁਤਾਬਕ ਪੰਜਾਬ ਨੂੰ ਖੇਡਾਂ ਦੇ ਖੇਤਰ ‘ਚ ਦੇਸ਼ ਦਾ ਨੰਬਰ ਇੱਕ ਸੂਬਾ ਬਣਾਉਣ ਅਤੇ ਸੂਬੇ ‘ਚ ਖੇਡ ਸੱਭਿਆਚਾਰ ਪੈਦਾ ਕਰਨ ਲਈ ਸਾਲ 2023 ‘ਚ ਨਵੀਂ ਖੇਡ ਸੰਸਥਾ ਦਾ ਗਠਨ ਕੀਤਾ ਹੈ। ਮੁੱਖ ਮੰਤਰੀ ਜਿਨ੍ਹਾਂ ਕੋਲ ਖੇਡ ਵਿਭਾਗ ਵੀ ਹੈ, ਇਸ ਨੀਤੀ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਨ ਨਾਲ ਸਾਲ 2024 ‘ਚ ਇਸ ਨੀਤੀ ਦੇ ਸਾਰਥਕ ਨਤੀਜੇ ਸਾਹਮਣੇ ਆਏ ਹਨ।

ਪੰਜਾਬ ਸਰਕਾਰ ਮੁਤਾਬਕ ਇਸ ਸਾਲ ਪੈਰਿਸ ਓਲੰਪਿਕ ‘ਚ ਕੁੱਲ 100 ਭਾਰਤੀ ਖਿਡਾਰੀਆਂ ‘ਚੋਂ 19 ਇਕੱਲੇ ਪੰਜਾਬ ਦੇ ਸਨ। ਇਨ੍ਹਾਂ ਵਿੱਚ 10 ਹਾਕੀ ਖਿਡਾਰੀ, ਛੇ ਨਿਸ਼ਾਨੇਬਾਜ਼ੀ ਦੇ, ਦੋ ਅਥਲੈਟਿਕਸ ਅਤੇ ਇੱਕ ਗੋਲਫ ਦੇ ਖਿਡਾਰੀ ਸ਼ਾਮਲ ਸਨ।

ਇਸ ਤੋਂ ਇਲਾਵਾ ਪੈਰਿਸ ਪੈਰਾਲੰਪਿਕਸ ‘ਚ ਤਿੰਨ ਪੰਜਾਬੀ ਖਿਡਾਰੀਆਂ ਨੇ ਭਾਗ ਲਿਆ, ਜਿਨ੍ਹਾਂ ‘ਚ ਇੱਕ ਪੈਰਾ ਅਥਲੀਟ, ਇੱਕ ਪੈਰਾ ਬੈਡਮਿੰਟਨ ਖਿਡਾਰੀ ਅਤੇ ਇੱਕ ਪੈਰਾ ਪਾਵਰ ਲਿਫਟਰ ਸ਼ਾਮਲ ਹੈ। ਨਵੀਂ ਖੇਡ ਨੀਤੀ ਤਹਿਤ 22 ਖਿਡਾਰੀਆਂ ਨੂੰ 15 ਲੱਖ ਰੁਪਏ ਪ੍ਰਤੀ ਖਿਡਾਰੀ ਦੇ ਹਿਸਾਬ ਨਾਲ ਤਿਆਰੀ ਲਈ ਕੁੱਲ 3.30 ਕਰੋੜ ਰੁਪਏ ਦਿੱਤੇ ਹਨ।

ਪੰਜਾਬ ਸਰਕਾਰ ਮੁਤਾਬਕ ਭਾਰਤੀ ਹਾਕੀ ਟੀਮ ਨੇ 2024 ਪੈਰਿਸ ਓਲੰਪਿਕ ‘ਚ ਕਾਂਸੀ ਦਾ ਤਮਗਾ ਜਿੱਤ ਕੇ ਇਤਿਹਾਸ ਰਚਿਆ ਸੀ। ਇਸ ‘ਚ 8 ਖਿਡਾਰੀ ਪੰਜਾਬ ਦੇ ਸਨ। ਮੁੱਖ ਮੰਤਰੀ ਨੇ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੇ ਇਨ੍ਹਾਂ ਖਿਡਾਰੀਆਂ ਨੂੰ ਪ੍ਰਤੀ ਖਿਡਾਰੀ 1 ਕਰੋੜ ਰੁਪਏ ਦੇ ਇਨਾਮ ਵਜੋਂ ਕੁੱਲ 8 ਕਰੋੜ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ। ਦੋ ਪੰਜਾਬੀ ਹਾਕੀ ਖਿਡਾਰੀ ਰਾਖਵੇਂ ਸਨ ਅਤੇ ਉਨ੍ਹਾਂ ਨੂੰ 15-15 ਲੱਖ ਰੁਪਏ ਦਿੱਤੇ ਗਏ ਸਨ। ਇਸ ਤੋਂ ਇਲਾਵਾ ਓਲੰਪਿਕ ‘ਚ ਭਾਗ ਲੈਣ ਵਾਲੇ ਬਾਕੀ 9 ਖਿਡਾਰੀਆਂ ਅਤੇ ਤਿੰਨ ਪੈਰਾ ਖਿਡਾਰੀਆਂ ਨੂੰ ਵੀ ਭਾਗ ਲੈਣ ਲਈ ਪ੍ਰਤੀ ਖਿਡਾਰੀ 15 ਲੱਖ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਤਰ੍ਹਾਂ ਪੈਰਿਸ ਓਲੰਪਿਕ ਅਤੇ ਪੈਰਾਲੰਪਿਕ ਦੇ ਕੁੱਲ 22 ਪੰਜਾਬੀ ਖਿਡਾਰੀਆਂ ਨੂੰ ਤਿਆਰੀ, ਇਨਾਮ ਅਤੇ ਭਾਗੀਦਾਰੀ ਰਾਸ਼ੀ ਸਮੇਤ ਕੁੱਲ 13.10 ਕਰੋੜ ਰੁਪਏ ਦੀ ਰਾਸ਼ੀ ਵੰਡੀ ਗਈ। ਪੈਰਿਸ ਓਲੰਪਿਕ ‘ਚ ਭਾਰਤੀ ਟੀਮ ਦਾ ਕਪਤਾਨ ਹਰਮਨਪ੍ਰੀਤ ਸਿੰਘ ਵੀ 10 ਗੋਲ ਕਰਕੇ ਓਲੰਪਿਕ ਦਾ ਟਾਪ ਸਕੋਰਰ ਬਣਿਆ, ਜਿਸ ਨੇ ਪੰਜਾਬੀਆਂ ਦਾ ਨਾਂ ਦੁਨੀਆ ਭਰ ‘ਚ ਰੌਸ਼ਨ ਕੀਤਾ।

ਇਸ ਸਾਲ ਪੰਜਾਬ ਦੇ 11 ਨਾਮਵਰ ਖਿਡਾਰੀਆਂ ਨੂੰ ਪੀ.ਸੀ.ਐਸ. ਅਤੇ ਡੀ.ਐਸ.ਪੀ. ਨੌਕਰੀਆਂ ਦਿੱਤੀਆਂ । ਇਨ੍ਹਾਂ 9 ਹਾਕੀ ਖਿਡਾਰੀਆਂ ‘ਚੋਂ ਚਾਰ ਖਿਡਾਰੀ ਹਾਰਦਿਕ ਸਿੰਘ, ਰੁਪਿੰਦਰ ਪਾਲ ਸਿੰਘ, ਸਿਮਰਨਜੀਤ ਸਿੰਘ ਅਤੇ ਗੁਰਜੰਟ ਸਿੰਘ ਨੂੰ ਪੀ.ਸੀ.ਐਸ. ਅਤੇ ਪੰਜ ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ, ਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਸ਼ਮਸ਼ੇਰ ਸਿੰਘ ਅਤੇ ਵਰੁਣ ਕੁਮਾਰ ਅਤੇ ਇੱਕ ਅਥਲੀਟ ਤੇਜਿੰਦਰ ਪਾਲ ਸਿੰਘ ਤੂਰ ਅਤੇ ਇੱਕ ਕ੍ਰਿਕਟਰ ਹਰਮਨਪ੍ਰੀਤ ਕੌਰ ਨੂੰ ਡੀ.ਐਸ.ਪੀ. ਲਗਾਇਆ ।

ਖੇਡਾਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਲ 2023 ‘ਚ ਨਵੀਂ ਖੇਡ ਨੀਤੀ ਲਾਗੂ ਕੀਤੀ। ਇਸ ਨੀਤੀ ਤਹਿਤ 1000 ਕਲੱਸਟਰ ਪੱਧਰੀ ਖੇਡ ਨਰਸਰੀਆਂ ਦੀ ਸਥਾਪਨਾ ਕੀਤੀ ਜਾਣੀ ਹੈ | ਜਿਸ ‘ਚ ਬਿਹਤਰ ਕੋਚਿੰਗ, ਖੇਡਾਂ (Sports) ਦਾ ਸਾਮਾਨ ਅਤੇ ਰਿਫਰੈਸ਼ਮੈਂਟ ਵਾਲੀਆਂ ਕਲੱਸਟਰ ਪੱਧਰ ਦੀਆਂ 1000 ਖੇਡ ਨਰਸਰੀਆਂ ਬਣਾਈਆਂ ਜਾਣੀਆਂ ਹਨ | ਇਸਦੇ ਨਾਲ ਹੀ ਸਾਲ 2024 ‘ਚ ਪਹਿਲੇ ਪੜਾਅ ‘ਚ 260 ਨਰਸਰੀਆਂ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ |

ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ‘ਚ ਪਹਿਲੀ ਵਾਰ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਸ਼ੁਰੂਆਤ ਕੀਤੀ ਹੈ ਤਾਂ ਜੋ ਉੱਭਰਦੇ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਦਾ ਮੌਕਾ ਦਿੱਤਾ ਜਾ ਸਕੇ। ਸਾਲ 2024 ‘ਚ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਤੀਜਾ ਸੀਜ਼ਨ ਸਫਲਤਾਪੂਰਵਕ ਕਰਵਾਇਆ ਗਿਆ, ਜਿਸ ‘ਚ 9 ਉਮਰ ਵਰਗ ਦੀਆਂ 37 ਖੇਡਾਂ ‘ਚ ਲਗਭਗ ਪੰਜ ਲੱਖ ਖਿਡਾਰੀਆਂ ਨੇ ਭਾਗ ਲਿਆ। ਮੁੱਖ ਮੰਤਰੀ ਨੇ ਪਹਿਲੀ ਵਾਰ ਪੈਰਾ ਖੇਡਾਂ ਨੂੰ ‘ਖੇਡਾਂ ਵਤਨ ਪੰਜਾਬ ਦੀਆ’ ਦਾ ਹਿੱਸਾ ਬਣਾਇਆ ਹੈ ਤਾਂ ਜੋ ਹਰ ਖਿਡਾਰੀ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲੇ।

Read More: Punjab Tourism: ਪੰਜਾਬ ਸਰਕਾਰ ਵੱਲੋਂ ਸਾਲ 2024 ਦੌਰਾਨ ਸੈਰ-ਸਪਾਟੇ ਦੇ ਵਿਕਾਸ ਲਈ ਕੀਤੇ ਇਹ ਅਹਿਮ ਕਾਰਜ

Scroll to Top