ਚੰਡੀਗੜ੍ਹ 18 ਮਾਰਚ 2026: ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਹੁਨਰਮੰਦ ਵਿਦਿਆਰਥੀਆਂ ਨੂੰ ਪੰਜਾਬ ਵਿਧਾਨ ਸਭਾ ‘ਚ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ | ਇਨ੍ਹਾਂ ਵਿਦਿਆਰਥੀਆਂ ਨੇ ਸਿਵਲ ਸੇਵਾਵਾਂ ਪ੍ਰੀਖਿਆ ‘ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ।
ਇਸ ਮੌਕੇ ਕੁਲਤਾਰ ਸਿੰਘ ਸੰਧਵਾਂ ਨੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਸਮਰਪਣ ਅਤੇ ਸੰਘਰਸ਼ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਨੌਜਵਾਨ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਦੀ ਸਫਲਤਾ ਹੋਰਨਾਂ ਨੌਜਵਾਨਾਂ ਲਈ ਪ੍ਰੇਰਣਾ ਹੈ। ਸਮਾਗਮ ਦੌਰਾਨ ਅਮਨ ਅਲੂਣ, ਰਸਨੀਤ ਕੌਰ, ਮਨਪ੍ਰੀਤ ਕੌਰ, ਜਯੰਤ ਗਰਗ ਅਤੇ ਕ੍ਰਿਤਿਕਾ ਚੌਧਰੀ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ।
ਕੁਲਤਾਰ ਸਿੰਘ ਸੰਧਵਾਂ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਿਵਲ ਸੇਵਾਵਾਂ ਪ੍ਰਤੀਯੋਗੀ ਪ੍ਰੀਖਿਆ ਪਾਸ ਕਰਨਾ ਇੱਕ ਵੱਡੀ ਪ੍ਰਾਪਤੀ ਹੈ, ਜਿਸ ਲਈ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਦ੍ਰਿੜ ਇਰਾਦੇ ਦੀ ਲੋੜ ਹੁੰਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਲੋਕਾਂ ਦੀ ਸੇਵਾ ‘ਚ ਤਨਦੇਹੀ ਨਾਲ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਹਮੇਸ਼ਾ ਸੱਚਾਈ, ਇਮਾਨਦਾਰੀ ਅਤੇ ਨਿਆਂ ਨੂੰ ਤਰਜੀਹ ਦੇਣ।
ਉਨ੍ਹਾਂ ਕਿਹਾ ਕਿ ਕਲਮ ਅਤੇ ਕੁਰਸੀ ਦੀ ਤਾਕਤ ਜੇਕਰ ਲੋਕਾਂ ਦੀ ਭਲਾਈ ਲਈ ਵਰਤੀ ਜਾਵੇ ਤਾਂ ਹੀ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਂਦਾ ਸਕੇਗਾ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੇਸ਼ ਦੇ ਸਾਰੇ ਹੁਨਰਮੰਦ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪੰਜਾਬ ਦੀਆਂ ਧੀਆਂ-ਪੁੱਤਰਾਂ ਨੇ ਇੱਕ ਵਾਰ ਫਿਰ ਆਪਣੀ ਪ੍ਰਤਿਭਾ ਅਤੇ ਜਨੂੰਨ ਨਾਲ ਸਾਬਤ ਕਰ ਦਿੱਤਾ ਹੈ ਕਿ ਜੇਕਰ ਇਰਾਦੇ ਮਜ਼ਬੂਤ ਹੋਣ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ ਹੁੰਦੀ।
ਪਟਿਆਲਾ ਦੀਆਂ ਹੀਰੇ ਵਰਗੀਆਂ ਧੀਆਂ ਸਿਮਰਨਦੀਪ ਕੌਰ ਅਤੇ ਰਸਨੀਤ ਕੌਰ, ਬਲਾਚੌਰ ਦੀ ਕ੍ਰਿਤਿਕਾ ਚੌਧਰੀ ਅਤੇ ਮਾਨਸਾ ਦੀ ਮਨਪ੍ਰੀਤ ਕੌਰ ਅਤੇ ਆਕ੍ਰਿਤੀ ਸਿੰਗਲਾ ਨੇ ਆਪਣੇ ਪਰਿਵਾਰਾਂ ਅਤੇ ਪੰਜਾਬ ਦਾ ਮਾਣ ਵਧਾਇਆ ਹੈ।
ਅੰਤ ‘ਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਾਡੀ ਸਰਕਾਰ ਭਵਿੱਖ ‘ਚ ਵੀ ਅਜਿਹੇ ਹੁਸ਼ਿਆਰ ਤੇ ਅਗਾਂਹਵਧੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੀ ਰਹੇਗੀ। ਇਸ ਮੌਕੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਗੋਲਡੀ ਕੰਬੋਜ ਅਤੇ ਹੋਰ ਕਈ ਆਗੂ ਇਸ ਸਨਮਾਨ ਸਮਾਗਮ ‘ਚ ਮੌਜੂਦ ਸਨ।
Read More: ਵਨ ਸਟਾਪ ਸੈਂਟਰਾਂ ਰਾਹੀਂ 17,651 ਔਰਤਾਂ ਨੂੰ ਦਿੱਤੀ ਮੁਫ਼ਤ ਸਹਾਇਤਾ: ਡਾ. ਬਲਜੀਤ ਕੌਰ




