ਚੰਡੀਗੜ੍ਹ, 22 ਅਗਸਤ 2024: ਪੰਜਾਬ ਹੁਨਰ ਵਿਕਾਸ ਮਿਸ਼ਨ (Punjab Skill Development Mission) ਵੱਲੋਂ ਭਾਰਤੀ ਫੌਜ ਦੀ ਪੈਂਥਰ ਇਨਫੈਂਟਰੀ ਡਿਵੀਜ਼ਨ ਅੰਮ੍ਰਿਤਸਰ ਨਾਲ ਸਮਝੌਤਾ ਸਹੀਬੱਧ ਕੀਤਾ ਗਿਆ ਹੈ | ਇਹ ਪਹਿਲਕਦਮੀ ਉਦਯੋਗਿਕ ਖੇਤਰ ਦੀਆਂ ਲੋੜਾਂ ਮੁਤਾਬਕ ਉਮੀਦਵਾਰਾਂ ਨੂੰ ਹੁਨਰਮੰਦ ਬਣਾਉਣ ਅਤੇ ਰੁਜ਼ਗਾਰ ਦੇ ਉਪਲਬੱਧ ਮੌਕਿਆਂ ਮੁਤਾਬਕ ਕੀਤੀ ਗਈ ਹੈ |
ਇਸ ਸਮਝੌਤੇ ‘ਤੇ ਪੰਜਾਬ ਦੇ ਕੈਬਿਨਟ ਮੰਤਰੀ ਅਮਨ ਅਰੋੜਾ ਦੀ ਹਾਜ਼ਰੀ ‘ਚ ਪੀ.ਐਸ.ਡੀ.ਐਮ. ਦੇ ਮਿਸ਼ਨ ਡਾਇਰੈਕਟਰ ਆਈ.ਏ.ਐਸ. ਸ਼੍ਰੀਮਤੀ ਅੰਮ੍ਰਿਤ ਸਿੰਘ ਅਤੇ ਭਾਰਤੀ ਫੌਜ ਦੀ ਅੰਮ੍ਰਿਤਸਰ ਪੈਂਥਰ ਇਨਫੈਂਟਰੀ ਡਿਵੀਜ਼ਨ ਦੇ 15ਵੇਂ ਡੀ.ਓ.ਯੂ. ਦੇ ਕਮਾਂਡਿੰਗ ਅਫ਼ਸਰ ਕਰਨਲ ਮਿਲਨ ਪਾਂਡੇ ਨੇ ਦਸਤਖ਼ਤ ਕੀਤੇ।
ਇਸ ਪਹਿਲਕਦਮੀ ਦਾ ਮਕਸਦ ਅੰਮ੍ਰਿਤਸਰ ‘ਚ ਰਹਿ ਰਹੀਆਂ ਵੀਰ ਬੀਬੀਆਂ, ਰੱਖਿਆ ਕਰਮੀਆਂ, ਸੇਵਾ ਨਿਭਾ ਰਹੇ ਅਤੇ ਸੇਵਾਮੁਕਤ ਜੇ.ਸੀ.ਓਜ਼ ਦੇ ਪਰਿਵਾਰਾਂ, ਜੰਗੀ ਵਿਧਵਾਵਾਂ ਅਤੇ ਸਰਹੱਦੀ ਖੇਤਰਾਂ ਦੇ ਨੌਜਵਾਨਾਂ ਨੂੰ ਮੁਫ਼ਤ ਹੁਨਰ ਅਤੇ ਕਿੱਤਾਮੁਖੀ ਸਿਖਲਾਈ ਦੇਣਾ ਹੈ।
ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ‘ਚ ਸੇਵਾ ਨਿਭਾ ਰਹੇ ਅਤੇ ਸੇਵਾਮੁਕਤ ਫੌਜੀ ਜਵਾਨਾਂ ਦੇ 240 ਆਸ਼ਰਿਤਾਂ ਨੂੰ ਭਾਰਤੀ ਫੌਜ ਦੀ ਪੈਂਥਰ ਇਨਫੈਂਟਰੀ ਡਿਵੀਜ਼ਨ, ਅੰਮ੍ਰਿਤਸਰ ਵਿਖੇ ਸਿਖਲਾਈ ਦਿੱਤੀ ਜਾਵੇਗੀ। PSDM ਦੇ ਡਾਇਰੈਕਟਰ ਦੇ ਮੁਤਾਬਕ ਇਹ ਸਿਖਲਾਈ ਬਿਊਟੀ ਥੈਰੇਪਿਸਟ, ਡੋਮੈਸਟਿਕ ਡਾਟਾ ਐਂਟਰੀ ਅਪਰੇਟਰ, ਸੈਲਫ-ਇੰਪਲਾਇਡ ਟੇਲਰ ਅਤੇ ਚਾਈਲਡ ਕੇਅਰ ਟੇਕਰ (ਨਾਨ-ਕਲੀਨਿਕਲ) ਵਰਗੇ ਕੋਰਸਾਂ ‘ਤੇ ਕੇਂਦਰਿਤ ਕੀਤਾ ਜਾਵੇਗਾ। ਉਹਨਾਂ ਨੂੰ ਬਿਹਤਰ ਢੰਗ ਨਾਲ ਆਪਣੀ ਰੋਜ਼ੀ-ਰੋਟੀ ਕਮਾਉਣ ਦੇ ਕਾਬਲ ਬਣਾਉਣਾ ਹੈ।