July 7, 2024 6:18 am
Fazilka

ਪੰਜਾਬ ਹੁਨਰ ਵਿਕਾਸ ਮਿਸ਼ਨ ਫਾਜ਼ਿਲਕਾ ਵਲੋਂ ਜਲਦ ਸ਼ੁਰੂ ਹੋਣਗੇ ਮੁਫ਼ਤ ਹੁਨਰ ਸਿਖਲਾਈ ਕੋਰਸ

ਫਾਜ਼ਿਲਕਾ, 16 ਫਰਵਰੀ 2023: ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਦੇ ਦਿਸ਼ਾ-ਨਿਰਦੇਸ਼ਾਂ ਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਰਾਸ਼ਟਰੀ ਸ਼ਹਿਰੀ ਅਜੀਵਿਕਾ ਮਿਸ਼ਨ ਸਕੀਮ ਦੇ ਤਹਿਤ ਬਹੁਤ ਜਲਦ ਜ਼ਿਲ੍ਹਾ ਫਾਜ਼ਿਲਕਾ (Fazilka) ਵਿਚ ਮੁਫ਼ਤ ਹੁਨਰ ਸਿਖਲਾਈ ਦੇ ਕੋਰਸ ਸ਼ੁਰੂ ਕੀਤੇ ਜਾਣਗੇ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੰਦੀਪ ਕੁਮਾਰ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰੋਜਗਾਰ ਦੇ ਨਾਲ-ਨਾਲ ਨੌਜਵਾਨਾਂ ਨੂੰ ਸਵੈ-ਰੋਜਗਾਰ ਦੇ ਕਾਬਲ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਨੂੰ ਸਕਿਲ ਅਨੁਸਾਰ ਹੁਨਰਮੰਦ ਬਣਾਉਣ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ ਤਾਂ ਜੋ ਨੌਜਵਾਨ ਵਰਗ ਆਪਣੇ ਪੈਰਾਂ ‘ਤੇ ਖੜਾ ਹੋਵੇ ਤੇ ਆਪਣੇ ਪਰਿਵਾਰ ਦਾ ਸਹਾਰਾ ਬਣੇ ਤੇ ਚੰਗੀ ਆਮਦਨ ਦੀ ਪ੍ਰਾਪਤੀ ਕਰ ਸਕੇ।

ਵਧੇਰੇ ਜਾਣਕਾਰੀ ਦਿੰਦਿਆਂ ਪੰਜਾਬ ਸ੍ਕਿਲ ਡਿਵੈਲਪਮੈਂਟ ਮਿਸ਼ਨ ਦੇ ਮੈਨੇਜਰ ਨਵਦੀਪ ਅਸੀਜਾ ਨੇ ਦੱਸਿਆ ਕਿ ਇਨ੍ਹਾਂ ਕੋਰਸਾਂ ਵਿਚ ਕੇਵਲ ਸ਼ਹਿਰੀ ਲੜਕੇ ਅਤੇ ਲੜਕੀਆਂ, ਜਿਨ੍ਹਾਂ ਦੀ ਪਰਿਵਾਰਕ ਆਮਦਨ 3 ਲੱਖ ਤੋਂ ਘੱਟ ਹੋਵੇ, ਦਾਖਲਾ ਲੈ ਸਕਦੇ ਹਨ। ਫਾਜ਼ਿਲਕਾ (Fazilka)
ਵਿਚ ਸ਼ੁਰੂ ਹੋਣ ਵਾਲੇ ਵੱਖ-ਵੱਖ ਮੁਫ਼ਤ ਕੋਰਸ ਰਿਸੈਪਸ਼ਨਿਸਟ, ਅਸਿਸਟੈਂਟ ਬਿਊਟੀ ਥੈਰੇਪਿਸਟ, ਸੈਲਫ ਇੰਪਲਾਈਡ ਟੇਲਰ, ਕਸਟਮਰ ਕੇਅਰ ਐਗਜ਼ੀਕਿਊਟਿਵ, ਹਾਉਸ ਕੀਪਰ ਕਮ ਕੂਕ, ਫਿਨੀਸ਼ਰ ਪੈਕਰ, ਪਲੰਬਰ, ਸੈਂਪਲੰਗ ਟੇਲਰ, ਸੀ.ਸੀ.ਟੀ. ਵੀ ਇੰਸਟਾਲੇਸ਼ਨ, ਫੀਲਡ ਤਕਨੀਸ਼ੀਅਨ ਹੋਮ ਅਪਲਾਈਸ, ਫੀਲਡ ਤਕਨੀਸ਼ੀਅਨ ਨੈਟਵਰਕਿੰਗ ਤੇ ਸਟੋਰੇਜ, ਐਲ.ਈ.ਡੀ.ਰਿਪੇਅਰ ਤਕਨੀਸ਼ੀਅਨ, ਮੋਬਾਈਲ ਟਾਵਰ ਤਕਨੀਸ਼ੀਅਨ, ਆਟੋਮੇਟਿਵ ਇਲੈਕਟਰੀਸ਼ੀਅਨ ਅਤੇ ਏਅਰ ਰਿਸਰਵੇਸ਼ਨ ਏਜੰਟ ਹਨ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਰਸਾਂ ‘ਚ ਦਾਖਲਾ ਲੈਣ ਲਈ ਘੱਟੋ-ਘੱਟ ਯੋਗਤਾ 10ਵੀਂ ਪਾਸ ਹੋਣੀ ਚਾਹੀਦੀ ਹੈ ਅਤੇ ਉਮਰ 18-35 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਰਸਾਂ ਦੀ ਸਿਖਲਾਈ ਦੌਰਾਨ ਸਿੱਖਿਆਰਥੀਆਂ ਨੂੰ ਮੁਫ਼ਤ ਕਿਤਾਬਾਂ, ਵਰਦੀ ਅਤੇ ਟਰੇਨਿੰਗ ਸਮਗਰੀ ਦਿੱਤੀ ਜਾਵੇਗੀ। ਕੋਰਸ ਪੂਰਾ ਹੋਣ ਉਪਰੰਤ ਸਰਕਾਰ ਵਲੋਂ ਮਾਨਤਾ ਪ੍ਰਾਪਤ ਸਰਟੀਫਿਕੇਟ ਅਤੇ ਪਲੇਸਮੈਂਟ ਦੀ ਸਹੂਲਤ ਵੀ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਦਾਖਲੇ ਸਬੰਧੀ ਜਾਂ ਹੋਰ ਕੋਈ ਵੀ ਜਾਣਕਾਰੀ ਲਈ ਮੋਬਾਈਲ ਨੰ. 7717302458 ਜਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਦਫਤਰ ਪੰਜਾਬ ਸਕਿਲ ਡਿਵੈਲਪਮੈਂਟ ਦੇ ਕਮਰਾ ਨੰ. 316-ਏ, ਦੂਜੀ ਮੰਜਲ ਵਿਖੇ ਪਹੁੰਚ ਕੇ ਸੰਪਰਕ ਕੀਤਾ ਜਾ ਸਕਦਾ ਹੈ।