babbu maan

ਵੱਡਾ ਸਿਆਸੀ ਧਮਾਕਾ ਪੰਜਾਬੀ ਗਾਇਕ ਬੱਬੂ ਮਾਨ ਵਲੋਂ ‘ਜੂਝਦਾ ਪੰਜਾਬ ਮੰਚ’ ਦਾ ਐਲਾਨ

ਚੰਡੀਗੜ੍ਹ 14 ਦਸੰਬਰ 2021 : ਪੰਜਾਬੀ ਗਾਇਕ ਬੱਬੂ ਮਾਨ (Babbu Maan)ਨੇ ਅੱਜ ਸਾਥੀਆਂ ਅਮਿਤੋਜ ਮਾਨ, ਗੁਲ ਪਨਾਗ ਤੇ ਹੋਰਨਾਂ ਨਾਲ ਮਿਲ ਕੇ ‘ਜੂਝਦਾ ਪੰਜਾਬ’ ਨਾਂ ਦੀ ਜਥੇਬੰਦੀ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਅੱਜ ਇਕ ਪ੍ਰੈੱਸ ਕਾਨਫਰੰਸ ਵੀ ਕੀਤੀ ਗਈ।
ਇਸ ਦੇ ਨਾਲ ਹੀ ‘ਜੂਝਦਾ ਪੰਜਾਬ ਮੰਚ’ (‘jujhda Punjab’) ਦੇ ਇੰਸਟਾਗ੍ਰਾਮ ਅਕਾਊਂਟ ’ਤੇ ਲੋਗੋ ਨਾਲ ਇਕ ਲੰਮੀ ਪੋਸਟ ਵੀ ਲਿਖੀ ਗਈ ਹੈ। ਇਸ ਲੋਗੋ ਨਾਲ ਲਿਖਿਆ ਹੈ, ‘ਖ਼ਬਰਾਂ ਹੋਣ ਜਾਂ ਭਾਸ਼ਣ, ਹਰ ਪਾਸੇ ਪੰਜਾਬ ਬਚਾਉਣਾ, ਪੰਜਾਬ ਬਚਾਉਣਾ ਹੀ ਸੁਣਾਈ ਦਿੰਦਾ ਹੈ। ਕੀ ਇਹ ਨਾਅਰਾ, ਮਹਿਜ਼ ਜੁਮਲਾ ਬਣ ਕੇ ਤਾਂ ਨਹੀਂ ਰਹਿ ਜਾਵੇਗਾ? ਕਿਉਂਕਿ ਪੰਜਾਬ ਬਚਾਉਣਾ ਕਿਵੇਂ ਹੈ, ਇਹ ਤਾਂ ਕੋਈ ਦੱਸ ਹੀ ਨਹੀਂ ਰਿਹਾ। ਗੁਰੂਆਂ ਦੀ ਵਰਸੋਈ ਹੋਈ ਇਸ ਪੰਜ ਦਰਿਆਵਾਂ ਦੀ ਧਰਤੀ ’ਤੇ ਸਾਡੇ ਮੁੰਡੇ, ਕੁੜੀਆਂ ਦਾ ਜੀਅ ਲੱਗਣਾ ਹੱਟ ਗਿਆ ਹੈ।’

ਪੋਸਟ ’ਚ ਅੱਗੇ ਲਿਖਿਆ ਹੈ, ‘ਕਿਸਾਨ ਤੇ ਮਜ਼ਦੂਰ ਕਰਜ਼ੇ ਦੇ ਬੋਝ ਹੇਠ ਖ਼ੁਦਕੁਸ਼ੀ ਕਰਨ ਲਈ ਮਜਬੂਰ ਹਨ। ਸ਼ਾਨਮਈ ਇਤਿਹਾਸ ਵਾਲੇ ਲੋਕ ਨਸ਼ੇ, ਕਾਲੇ ਪੀਲੀਓ ਤੇ ਕੈਂਸਰ ਵਰਗੀਆਂ ਅਲਾਮਤਾਂ ਦੀ ਜਕੜ ’ਚ ਹਨ। ਪੰਜਾਬ 3 ਲੱਖ ਕਰੋੜ ਦਾ ਕਰਜ਼ਈ ਹੈ। ਕਾਨੂੰਨ ਦੇ ਰਾਜ ਦੀ ਬਜਾਏ ਸੱਤਾ, ਧਨ ਤੇ ਬਾਹੂਬਲ ਦਾ ਬੋਲਬਾਲਾ ਹੈ। ਸਿਆਸੀ ਧਿਰਾਂ ਪੂਰੀ ਤਰ੍ਹਾਂ ਕਾਰਪੋਰੇਟ ਸੱਭਿਆਚਾਰ ’ਚ ਲਿਪਤ ਹੋ ਗਈਆਂ ਹਨ ਤੇ ਇਨ੍ਹਾਂ ਦਾ ਮਕਸਦ ਲੋਕਾਂ ਦੀ ਭਲਾਈ ਦੀ ਬਜਾਏ ਉਨ੍ਹਾਂ ਦੀ ਲੁੱਟ ਹੋ ਗਿਆ ਹੈ।’
ਪੋਸਟ ਦੇ ਅਖੀਰ ’ਚ ਲਿਖਿਆ ਹੈ, ‘ਅਜਿਹੇ ਮੌਕੇ ਇਕ ਸਾਲ ਤੋਂ ਵੱਧ ਸਮੇਂ ਤਕ ਦਿੱਲੀ ਦੀਆਂ ਬਰੂਹਾਂ ’ਤੇ ਚੱਲਿਆ ਕਿਸਾਨ ਅੰਦੋਲਨ ਪੰਜਾਬ ਦੀ ਹੋਂਦ ਦੀ ਲੜਾਈ ਲੜਿਆ ਹੈ। ਬਾਬੇ ਨਾਨਕ ਦੇ ‘ਸਰਬੱਤ ਦਾ ਭਲਾ’ ਤੇ ਆਪਸੀ ਸੰਵਾਦ ਨੇ ਇਸ ਅੰਦੋਲਨ ਨੂੰ ਫਤਿਹ ਦਾ ਰਾਹ ਦਿਖਾਇਆ। ਆਪਣੀ ਹੋਂਦ ਦੀ ਲੜਾਈ ਜਿੱਤਣ ਤੋਂ ਬਾਅਦ ਹੁਣ ਪੰਜਾਬੀ 2022 ਦੀਆਂ ਵਿਧਾਨ ਸਭਾ ਚੋਣਾਂ ’ਚੋਂ ਬਿਹਤਰ ਭਵਿੱਖ ਲੋਚਦੇ ਹਨ।’

Scroll to Top