ਚੰਡੀਗੜ੍ਹ, 09 ਅਗਸਤ 2023: ਮਣੀਪੁਰ ‘ਚ ਹਿੰਸਾ (Manipur violence) ਖ਼ਿਲਾਫ਼ ਅੱਜ ਪੰਜਾਬ ਬੰਦ ਰਹੇਗਾ । ਵਾਲਮੀਕਿ, ਰਵਿਦਾਸੀਆ ਅਤੇ ਈਸਾਈ ਭਾਈਚਾਰੇ ਨੇ ਸਾਂਝੇ ਤੌਰ ‘ਤੇ ਬੰਦ ਦਾ ਸੱਦਾ ਦਿੱਤਾ ਹੈ। ਬੰਦ ਦੇ ਸੱਦੇ ਦੇ ਮੱਦੇਨਜ਼ਰ ਸਰਕਾਰੀ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ। ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਪ੍ਰਾਈਵੇਟ ਸਕੂਲਾਂ ਨੂੰ ਵੀ ਬੰਦ ਰੱਖਿਆ ਗਿਆ ਹੈ। ਇਸਦੇ ਨਾਲ ਹੀ ਜਲੰਧਰ, ਬਰਨਾਲਾ ਅਤੇ ਗੁਰਦਾਸਪੁਰ ਵਿੱਚ ਬੰਦ ਦਾ ਅਸਰ ਦੇਖਣ ਨੂੰ ਮਿਲਿਆ ਹੈ। ਜਲੰਧਰ ਦੇ ਸਾਰੇ ਪ੍ਰਮੁੱਖ ਬਾਜ਼ਾਰ ਬੰਦ ਰਹੇ।
ਲੋਕਾਂ ਦਾ ਕਹਿਣਾ ਹੈ ਕਿ ਉਹ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨਗੇ। ਇਸ ਦੌਰਾਨ ਹਾਈਵੇਅ ਜਾਮ ਕੀਤੇ ਜਾਣਗੇ। ਬਾਜ਼ਾਰ ਬੰਦ ਰਹਿਣਗੇ। ਸਿਰਫ਼ ਮੈਡੀਕਲ ਸਹੂਲਤਾਂ ਵਰਗੀਆਂ ਐਮਰਜੈਂਸੀ ਸੇਵਾਵਾਂ ਨੂੰ ਛੋਟ ਦਿੱਤੀ ਜਾਵੇਗੀ। ਬੰਦ ਦੌਰਾਨ ਐਂਬੂਲੈਂਸ, ਫਾਇਰ ਬ੍ਰਿਗੇਡ ਅਤੇ ਡਿਊਟੀ ‘ਤੇ ਮੌਜੂਦ ਫੌਜੀ ਵਾਹਨਾਂ ਨੂੰ ਜਾਮ ਵਿੱਚ ਨਹੀਂ ਰੋਕਿਆ ਜਾਵੇਗਾ। ਬੰਦ ਨੂੰ ਲੈ ਕੇ ਜਲੰਧਰ ਅਤੇ ਲੁਧਿਆਣਾ ‘ਚ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ।
ਰੋਡਵੇਜ਼ ਦੀਆਂ ਬੱਸਾਂ ਨੂੰ ਫਿਲਹਾਲ ਰਸਮੀ ਤੌਰ ‘ਤੇ ਰੋਕਿਆ ਨਹੀਂ ਗਿਆ ਹੈ ਪਰ ਧਰਨਾ ਸ਼ੁਰੂ ਹੁੰਦੇ ਹੀ ਉਨ੍ਹਾਂ ਨੂੰ ਆਪਣੇ ਨੇੜਲੇ ਬੱਸ ਸਟੈਂਡ ‘ਤੇ ਰੋਕ ਦਿੱਤਾ ਜਾਵੇਗਾ। ਪ੍ਰਾਈਵੇਟ ਅਪਰੇਟਰ ਵੀ ਕਿਸੇ ਨੁਕਸਾਨ ਤੋਂ ਬਚਣ ਲਈ ਬੱਸਾਂ ਨਹੀਂ ਚਲਾਉਣਗੇ।
ਜਲੰਧਰ ਬੰਦ ਦੇ ਲਿਹਾਜ਼ ਨਾਲ ਸਭ ਤੋਂ ਸੰਵੇਦਨਸ਼ੀਲ ਸ਼ਹਿਰ ਹੈ। ਇਸ ਦੇ ਮੱਦੇਨਜ਼ਰ ਕਪੂਰਥਲਾ ਚੌਕ, ਰਵਿਦਾਸ ਚੌਕ, ਬੀਐਸਐਫ ਚੌਕ, ਨਕੋਦਰ ਚੌਕ ਤੇ ਬੀਐਮਸੀ ਚੌਕ ’ਤੇ ਬੈਰੀਕੇਡਿੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਧਰਨਾਕਾਰੀਆਂ ਨੇ ਲੰਬਾ ਪਿੰਡ ਚੌਕ ਅਤੇ ਰਾਮਾ ਮੰਡੀ ਵਿੱਚ ਜਾਮ ਲਗਾ ਦਿੱਤਾ ਹੈ। ਇਸਾਈ ਭਾਈਚਾਰੇ ਦੇ ਲੋਕ ਇੱਥੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਅਤੇ ਲੁਧਿਆਣਾ ‘ਚ ਜਲੰਧਰ ਬਾਈਪਾਸ ‘ਤੇ ਜਾਮ ਲਗਾ ਕੇ ਪ੍ਰਦਰਸ਼ਨ ਕੀਤਾ ਜਾਵੇਗਾ।