suspend

ਪੰਜਾਬ ਸਕੂਲ ਸਿੱਖਿਆ ਵਿਭਾਗ ਦੀ ਵੱਡੀ ਕਾਰਵਾਈ, ਗੁਰਦਾਸਪੁਰ ‘ਚ ਦੋ ਅਧਿਆਪਕ ਮੁਅੱਤਲ

ਚੰਡੀਗੜ੍ਹ, 20 ਮਾਰਚ 2025: ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ (ਲੜਕੇ) – ਪ੍ਰੀਖਿਆ ਕੇਂਦਰ 241251, ਗੁਰਦਾਸਪੁਰ ‘ਚ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੌਰਾਨ ਨਕਲ ਕਰਨ ਕਰਵਾਉਣ ‘ਚ ਸ਼ਾਮਲ ਪਾਏ ਗਏ ਸੁਪਰਡੈਂਟ ਅਤੇ ਇਨਵੀਜੀਲੇਟਰ (ਨਿਗਰਾਨ) ਨੂੰ ਮੁਅੱਤਲ ਕਰ ਦਿੱਤਾ ਹੈ। ਇਨ੍ਹ ਅਧਿਆਪਕਾਂ ਖ਼ਿਲਾਫ ਕਾਰਵਾਈ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਹੁਕਮਾਂ ‘ਤੇ ਕੀਤੀ ਹੈ।

ਸਿੱਖਿਆ ਮੰਤਰੀ ਹਰਜੋਤ ਸਿੰਘ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਫਲਾਇੰਗ ਸਕੁਐਡ ਟੀਮਾਂ ਨੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਗੁਰਦਾਸਪੁਰ ‘ਚ ਪ੍ਰੀਖਿਆ ਪ੍ਰੋਟੋਕੋਲ ਦੀਆਂ ਗੰਭੀਰ ਉਲੰਘਣਾਵਾਂ ਦਾ ਪਰਦਾਫਾਸ਼ ਕੀਤਾ। ਜ਼ਿਕਰਯੋਗ ਹੈ ਕਿ 17 ਮਾਰਚ ਨੂੰ ਹੋਈ 10ਵੀਂ ਜਮਾਤ ਦੀ ਅੰਗਰੇਜ਼ੀ ਪ੍ਰੀਖਿਆ ਦੌਰਾਨ, ਫਲਾਇੰਗ ਸਕੁਐਡ ਨੇ ਪਾਇਆ ਕਿ ਨਿਗਰਾਨੀ ਅਧਿਆਪਕਾ ਕਿਰਨਦੀਪ ਕੌਰ (ਹਿੰਦੀ ਅਧਿਆਪਕਾ) ਆਪਣੇ ਮੋਬਾਈਲ ਫੋਨ ‘ਤੇ ਵਟਸਐਪ ਰਾਹੀਂ ਸਵਾਲਾਂ ਦੇ ਜਵਾਬ ਪ੍ਰਾਪਤ ਕਰ ਰਹੀ ਸੀ। ਇਹ ਪ੍ਰੀਖਿਆ ਪ੍ਰਣਾਲੀ ਦੀ ਸਪੱਸ਼ਟ ਉਲੰਘਣਾ ਸੀ ਅਤੇ ਇਹ ਪ੍ਰੀਖਿਆ ਕੇਂਦਰ ਸੁਪਰਡੈਂਟ, ਅਸ਼ਵਨੀ ਕੁਮਾਰ (ਲੈਕਚਰਾਰ) ਦੀ ਲਾਪਰਵਾਹੀ ਕਾਰਨ ਸੰਭਵ ਹੋਇਆ, ਜਿਸਨੇ ਪ੍ਰੀਖਿਆ ਹਾਲ ਦੇ ਅੰਦਰ ਮੋਬਾਈਲ ਫੋਨ ਲੈ ਜਾਣ ਦੀ ਮਨਜ਼ੂਰੀ ਦਿੱਤੀ।

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ “ਅਜਿਹੀ ਉਲੰਘਣਾ ਅਤੇ ਬੇਨਿਯਮੀਆਂ ਨੂੰ ਕਿਸੇ ਵੀ ਹਾਲਤ ‘ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਕਤ ਮਾਮਲੇ ‘ਚ ਦੋਵਾਂ ਅਧਿਆਪਕਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਮੁਅੱਤਲੀ ਦੀ ਮਿਆਦ ਦੌਰਾਨ ਉਹ ਜ਼ਿਲ੍ਹਾ ਸਿੱਖਿਆ ਅਫ਼ਸਰ (ਡੀਈਓ), ਗੁਰਦਾਸਪੁਰ ਨੂੰ ਰਿਪੋਰਟ ਕਰਨਗੇ, ਜਿੱਥੇ ਉਨ੍ਹਾਂ ਦਾ ਹੈੱਡਕੁਆਟਰ ਹੈ।

ਸਕੂਲ ਸਿੱਖਿਆ ਮੰਤਰੀ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਾਧੂ ਵਿਸ਼ੇਸ਼ ਟੀਮਾਂ ਗਠਿਤ ਕਰਕੇ ਅਤੇ ਫਲਾਇੰਗ ਸਕੁਐਡ ਦੀ ਨਫ਼ਰੀ ਵਧਾ ਕੇ ਚੌਕਸੀ ‘ਚ ਹੋਰ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਅਜਿਹੇ ਮਾੜੇ ਅਮਲਾਂ ਦਾ ਮੁਕੰਮਲ ਖਾਤਮਾ ਕਰਕੇ ਪੂਰੇ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਪ੍ਰੀਖਿਆਵਾਂ ਕਰਵਾਈਆਂ ਜਾ ਸਕਣ।

Read More: 10ਵੀਂ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਨਕਲ ਮਰਵਾਉਣ ਦੇ ਮਾਮਲੇ ਵਿੱਚ ਦੋ ਅਧਿਆਪਕ ਮੁਅੱਤਲ

Scroll to Top