ਚੰਡੀਗ੍ਹੜ, 11 ਜੁਲਾਈ 2023: ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਬਾਰਿਸ਼ ਪੈ ਰਹੀ ਹੈ। ਹਿਮਾਚਲ ਦੇ ਸਾਰੇ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਹੈ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਪੁੱਲ ਅਤੇ ਸੜਕਾਂ ਨੂੰ ਕਾਫੀ ਨੁਕਸਾਨ ਪੁੱਜਾ ਹੈ । ਹੜ੍ਹਾਂ ਦੀ ਸਥਿਤੀ ਕਾਰਨ ਪੰਜਾਬ ਰੋਡਵੇਜ਼ (Punjab Roadways) ਨੇ ਇਹਤਿਆਤ ਵਜੋਂ ਆਪਣੀਆਂ ਬੱਸਾਂ ਦੇ ਲੰਬੇ ਰੂਟ ਰੱਦ ਕਰ ਦਿੱਤੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬਾਰਿਸ਼ ਰੁਕਣ ਅਤੇ ਮਾਹੌਲ ਸੁਧਰਨ ਤੋਂ ਬਾਅਦ ਹੀ ਬੱਸਾਂ ਹਿਮਾਚਲ ਪ੍ਰਦੇਸ਼ ਦੇ ਰੂਟਾਂ ‘ਤੇ ਚੱਲਣਗੀਆਂ।
ਵਿਭਾਗੀ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਬਾਰਿਸ਼ ਦਾ ਕਹਿਰ ਨਾ ਰੁਕਿਆ ਤਾਂ ਪੰਜਾਬ ਵਿੱਚ ਵੀ ਉਨ੍ਹਾਂ ਇਲਾਕਿਆਂ ਦੇ ਬੱਸ ਰੂਟ ਰੱਦ ਹੋ ਸਕਦੇ ਹਨ, ਜਿੱਥੇ ਹੜ੍ਹ ਵਰਗੀ ਦੀ ਸਥਿਤੀ ਜ਼ਿਆਦਾ ਗੰਭੀਰ ਹੈ। ਪੰਜਾਬ ਰੋਡਵੇਜ਼ ਦੀਆਂ ਬੱਸਾਂ ਸੂਬੇ ਦੀ ਸਰਹੱਦ ਨਾਲ ਲੱਗਦੇ ਹਿਮਾਚਲ ਦੇ ਊਨਾ ਅਤੇ ਵਿਸ਼ਵ ਪ੍ਰਸਿੱਧ ਧਾਰਮਿਕ ਸਥਾਨ ਮਾਤਾ ਚਿੰਤਪੁਰਨੀ ਤੱਕ ਹੀ ਚੱਲ ਰਹੀਆਂ ਹਨ। ਇਸ ਤੋਂ ਅੱਗੇ ਸਾਰੇ ਰੂਟ ਰੱਦ ਕਰ ਦਿੱਤੇ ਗਏ ਹਨ। ਇੱਥੇ ਬਹੁਤ ਜ਼ਿਆਦਾ ਪਹਾੜੀ ਇਲਾਕਾ ਨਾ ਹੋਣ ਕਾਰਨ ਇੱਥੇ ਰਸਤੇ ਚੱਲਦੇ ਰਹਿੰਦੇ ਹਨ ਅਤੇ ਇਸ ਇਲਾਕੇ ਵਿੱਚ ਬਰਸਾਤ ਦਾ ਵੀ ਜ਼ਿਆਦਾ ਅਸਰ ਨਹੀਂ ਹੁੰਦਾ। ਨਾ ਹੀ ਹੁਣ ਤੱਕ ਇਸ ਖੇਤਰ ਵਿੱਚ ਹੜ੍ਹ ਵਰਗੀ ਸਥਿਤੀ ਹੈ।