ਚੰਡੀਗੜ੍ਹ, 19 ਸਤੰਬਰ 2024: ਹੁਸ਼ਿਆਰਪੁਰ ‘ਚ ਅੱਜ ਪੰਜਾਬ ਰੋਡਵੇਜ਼ (Punjab Roadways) ਦੀ ਬੱਸ ਨਾਲ ਹਾਦਸਾ ਵਾਪਰਿਆ ਹੈ | ਬੱਸ ਨਾਲ ਇਹ ਹਾਦਸਾ ਹੁਸ਼ਿਆਰਪੁਰ ਦੇ ਟਾਂਡਾ ਦੇ ਅੱਡਾ ਖੁੱਡਾ ਨੇੜੇ ਵਾਪਰਿਆ ਹੈ, ਜਿੱਥੇ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਰੋਡਵੇਜ਼ ਦੀ ਬੱਸ ਦੀ ਸੀਮਿੰਟ ਮਿਕਸਰ ਨਾਲ ਟੱਕਰ ਹੋ ਗਈ | ਜਾਣਕਾਰੀ ਮੁਤਾਬਕ ਇਸ ਹਾਦਸੇ ‘ਚ ਕਰੀਬ 16 ਯਾਤਰੀ ਜ਼ਖਮੀ ਹੋ ਗਏ ਹਨ।
ਹਾਦਸੇ ‘ਚ ਜ਼ਖਮੀਆਂ ਨੂੰ ਤੁਰੰਤ ਬਾਹਰ ਕੱਢ ਕੇ ਦਸੂਹਾ ਅਤੇ ਟਾਂਡਾ ਦੇ ਸਿਵਲ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ। ਬੱਸ ‘ਚ ਸਵਾਰ ਯਾਤਰੀਆਂ ਦੀਆਂ ਡੂੰਘੀਆਂ ਸੱਟਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਇਲਾਜ ਲਈ ਰੈਫਰ ਕੀਤਾ ਜਾ ਰਿਹਾ ਹੈ।
ਹਾਦਸੇ ਦਾ ਸ਼ਿਕਾਰ ਹੋਈ ਪੰਜਾਬ ਰੋਡਵੇਜ਼ (Punjab Roadways) ਬੱਸ ਜਗਰਾਉਂ ਡਿੱਪੂ ਦੀ ਦੱਸੀ ਜਾ ਰਹੀ ਹੈ, ਜੋ ਕਿ ਪਠਾਨਕੋਟ ਤੋਂ ਜਲੰਧਰ ਜਾ ਰਹੀ ਸੀ। ਜਦੋਂ ਇਹ ਬੱਸ ਹੁਸ਼ਿਆਰਪੁਰ ਦੇ ਟਾਂਡਾ ਅੱਡਾ ਖੁੱਡਾ ਨੇੜੇ ਪਹੁੰਚੀ ਤਾਂ ਸੀਮਿੰਟ ਮਿਕਸਰ ਨਾਲ ਟਕਰਾ ਗਈ।
ਜਾਣਕਾਰੀ ਮੁਤਾਬਕ ਬੱਸ ਸਵਾਰੀਆਂ ਨਾਲ ਖਚਾਖਚ ਭਰੀ ਹੋਣ ਕਾਰਨ ਇਸ ਹਾਦਸੇ ‘ਚ ਸਵਾਰੀਆਂ ਗੰਭੀਰ ਜ਼ਖ਼ਮੀ ਹੋ ਗਈਆਂ। ਹਾਦਸੇ ਤੋਂ ਬਾਅਦ ਐਸ.ਆਰ.ਐਫ ਦੀ ਟੀਮ ਨੇ ਜ਼ਖਮੀਆਂ ਨੂੰ ਐਂਬੂਲੈਂਸ ਦੀ ਮੱਦਦ ਨਾਲ ਟਾਂਡਾ ਅਤੇ ਦਸੂਹਾ ਦੇ ਸਿਵਲ ਹਸਪਤਾਲਾਂ ‘ਚ ਪਹੁੰਚਾਇਆ। ਰਾਹਤ ਦੀ ਗੱਲ ਇਹ ਹੈ ਕਿ ਇਸ ਬੱਸ ਹਾਦਸੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਮਿਲੀ ਜਾਣਕਾਰੀ ਮੁਤਾਬਕ ਬੱਸ ‘ਚ ਸਫ਼ਰ ਕਰ ਰਹੇ ਯਾਤਰੀਆਂ ਨੇ ਦੱਸਿਆ ਕਿ ਇਹ ਹਾਦਸਾ ਬੱਸ ਡਰਾਈਵਰ ਦੀ ਗਲਤੀ ਕਾਰਨ ਵਾਪਰਿਆ ਹੈ ਕਿਉਂਕਿ ਉਹ ਬੱਸ ਨੂੰ ਬਹੁਤ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ ਅਤੇ ਡਰਾਈਵਰ ਨੇ ਸਮੇਂ ਸਿਰ ਬਰੇਕਾਂ ਨਹੀਂ ਲਗਾਈਆਂ ਅਤੇ ਬੱਸ ਨਾਲ ਹਾਦਸਾ ਵਾਪਰ ਗਿਆ |
ਇਸਤੋਂ ਪਹਿਲਾਂ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਨਗਰ ਰੋਡ ‘ਤੇ ਬੁੱਧਵਾਰ ਰਾਤ ਨੂੰ ਇਕ 22 ਸਾਲਾ ਨੌਜਵਾਨ ਨੂੰ ਟਿੱਪਰ ਚਾਲਕ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਇਹ ਨੌਜਵਾਨ ਸਾਈਕਲ ‘ਤੇ ਸਵਾਰ ਹੋ ਕੇ ਪਿੰਡ ਪਲਵਾਲ ਨੇੜੇ ਪੁੱਜਾ ਤਾਂ ਟਿੱਪਰ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ ਸੀ ।
ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਸੜਕ ’ਤੇ ਜਾਮ ਲਾ ਦਿੱਤਾ। ਲੋਕਾਂ ਨੇ ਮੰਗ ਕੀਤੀ ਕਿ ਟਿੱਪਰ ਚਾਲਕ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।