ਐਕਸਪੋਰਟ ਪ੍ਰੀਪੇਅਰਡਨੈੱਸ ਇੰਡੈਕਸ

ਪੰਜਾਬ ਨੂੰ ਐਕਸਪੋਰਟ ਪ੍ਰੀਪੇਅਰਡਨੈੱਸ ਇੰਡੈਕਸ 2024 ‘ਚ ‘ਲੀਡਰ ਸਟੇਟ’ ਵਜੋਂ ਮਾਨਤਾ

ਚੰਡੀਗੜ੍ਹ, 17 ਜਨਵਰੀ 2026: ਪੰਜਾਬ ਦੇ ਉਦਯੋਗ ਅਤੇ ਵਣਜ, ਨਿਵੇਸ਼ ਪ੍ਰੋਤਸਾਹਨ, ਬਿਜਲੀ, ਸਥਾਨਕ ਸਰਕਾਰਾਂ ਬਾਰੇ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਨੀਤੀ ਆਯੋਗ ਵੱਲੋਂ ਜਾਰੀ ਕੀਤੇ ਐਕਸਪੋਰਟ ਪ੍ਰੀਪੇਅਰਡਨੈੱਸ ਇੰਡੈਕਸ (EPI) 2024 ਲਈ ਪੰਜਾਬ ਨੂੰ ‘ਲੀਡਰ ਸਟੇਟ’ ਵਜੋਂ ਮਾਨਤਾ ਮਿਲੀ ਹੈ।

ਜਿਕਰਯੋਗ ਹੈ ਕਿ ਐਕਸਪੋਰਟ ਪ੍ਰੀਪੇਅਰਡਨੈੱਸ ਇੰਡੈਕਸ ਇੱਕ ਵਿਆਪਕ, ਡੇਟਾ-ਅਧਾਰਤ ਢਾਂਚਾ ਹੈ, ਜੋ ਨੀਤੀ ਆਯੋਗ ਵੱਲੋਂ ਭਾਰਤ ਦੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਨਿਰਯਾਤ ਸਬੰਧੀ ਤਿਆਰੀ ਦਾ ਮੁਲਾਂਕਣ ਕਰਨ ਲਈ ਵਿਕਸਤ ਕੀਤਾ ਹੈ। ਇਸ ਢਾਂਚੇ ਤਹਿਤ ਚਾਰ ਮੁੱਖ ਥੰਮ੍ਹ, ਜਿਨ੍ਹਾਂ ਚ ਨੀਤੀ ਢਾਂਚਾ, ਵਪਾਰਕ ਵਾਤਾਵਰਣ, ਨਿਰਯਾਤ ਈਕੋਸਿਸਟਮ ਅਤੇ ਨਿਰਯਾਤ ‘ਚ ਕੀਤੇ ਪ੍ਰਦਰਸ਼ਨ ਦੇ ਆਧਾਰ ’ਤੇ ਸੰਸਥਾਗਤ ਸਮਰੱਥਾ, ਖੋਜ ਅਤੇ ਵਿਕਾਸ ਬੁਨਿਆਦੀ ਢਾਂਚਾ, ਲੌਜਿਸਟਿਕਸ ਅਤੇ ਟਰਾਂਸਪੋਰਟ ਕਨੈਕਟੀਵਿਟੀ ਸਮੇਤ 70 ਤੋਂ ਵੱਧ ਸੂਚਕਾਂ ਦਾ ਅਧਿਐਨ ਕਰਦਿਆਂ ਮੁਲਾਂਕਣ ਕੀਤਾ ਜਾਂਦਾ ਹੈ।

ਐਕਸਪੋਰਟ ਪ੍ਰੀਪੇਅਰਡਨੈੱਸ ਇੰਡੈਕਸ 2024 ਰਿਪੋਰਟ ਨੀਤੀ ਆਯੋਗ ਦੇ ਸੀ.ਈ.ਓ. ਬੀ.ਵੀ.ਆਰ. ਸੁਬ੍ਰਾਹਮਣੀਅਮ ਅਤੇ ਨੀਤੀ ਆਯੋਗ ਦੇ ਮੈਂਬਰ ਅਰਵਿੰਦ ਵਿਰਮਾਨੀ ਵੱਲੋਂ ਜਾਰੀ ਕੀਤੀ, ਜਿਨ੍ਹਾਂ ਨੇ ਇਸ ਸਾਲ ਦੇ ਮੁਲਾਂਕਣ ‘ਚ ਕਾਰਗੁਜ਼ਾਰੀ ਅਤੇ ਮਹੱਤਵਪੂਰਨ ਲਾਭਾਂ ਲਈ ਪੰਜਾਬ ਦੀ ਪ੍ਰਸ਼ੰਸਾ ਕੀਤੀ ਜੋ ਮਜ਼ਬੂਤ ਨੀਤੀਗਤ ਸਹਾਇਤਾ, ਬੁਨਿਆਦੀ ਢਾਂਚਾ ਵਿਕਾਸ ਅਤੇ ਵਧ ਰਹੇ ਨਿਰਯਾਤ ਵਾਤਾਵਰਣ ਦਾ ਪ੍ਰਤੱਖ ਪ੍ਰਮਾਣ ਹੈ।

ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਈ.ਪੀ.ਆਈ.-2024 ‘ਚ ਪੰਜਾਬ ਨੇ ਲੈਂਡਲਾਕਡ ਸੂਬਿਆਾਂ ‘ਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਇਸਨੂੰ ‘ਲੀਡਰ ਸਟੇਟ’ ਐਲਾਨਿਆ ਗਿਆ ਹੈ। ਇਹ ਪ੍ਰਾਪਤੀ ਇਸ ਕਰਕੇ ਵੀ ਅਹਿਮ ਤੇ ਵਿਸ਼ੇਸ਼ ਹੈ ਕਿਉਂਕਿ ਚੋਟੀ ਦੇ ਸੱਤ ਦਰਜਾ ਪ੍ਰਾਪਤ ਸੂਬਿਆਂ ‘ਚੋਂ 5 ਤੱਟਵਰਤੀ ਸੂਬੇ ਹਨ, ਜਿਨ੍ਹਾਂ ਕੋਲ ਸਮੁੰਦਰੀ ਬੰਦਰਗਾਹਾਂ ਤੱਕ ਅੰਦਰੂਨੀ ਪਹੁੰਚ ਹੈ।

ਸੰਜੀਵ ਅਰੋੜਾ ਨੇ ਕਿਹਾ ਕਿ ਈਪੀਆਈ-2024 ‘ਚ ਨੀਤੀ ਲਾਗੂ ਕਰਨ, ਪ੍ਰਸ਼ਾਸਕੀ ਸੁਧਾਰਾਂ ਅਤੇ ਨਤੀਜਾ-ਅਧਾਰਤ ਪ੍ਰਦਰਸ਼ਨ ’ਤੇ ਧਿਆਨ ਕੇਂਦਰਿਤ ਕੀਤਾ ਹੈ, ਜੋ ਰਾਜ ਦੀ ਉਦਯੋਗਿਕ ਅਤੇ ਨਿਰਯਾਤ ਦੀ ਅਸਲ ਕਾਰਗੁਜ਼ਾਰੀ ਦੀ ਤਸਵੀਰ ਪੇਸ਼ ਕਰਦਾ ਹੈ। ਪੰਜਾਬ ਦੀ ਤਰੱਕੀ ਕੱਪੜਾ ਉਦਯੋਗ, ਖੇਤੀਬਾੜੀ-ਪ੍ਰੋਸੈਸਿੰਗ, ਨਿਰਮਾਣ ਅਤੇ ਸਹਾਇਕ ਖੇਤਰਾਂ ਲਈ ਉਪਲਬੱਧ ਪ੍ਰਗਤੀਸ਼ੀਲ, ਖੇਤਰ-ਵਿਸ਼ੇਸ਼ ਉਦਯੋਗਿਕ ਨੀਤੀਆਂ ਦਾ ਨਤੀਜਾ ਹੈ।

ਕਾਰੋਬਾਰ ਕਰਨ ‘ਚ ਆਸਾਨੀ ਸਬੰਧੀ ਸੁਧਾਰ ਜਿਸ ‘ਚ ਆਸਾਨ ਰੈਗੂਲੇਟਰੀ ਪ੍ਰਵਾਨਗੀਆਂ ਅਤੇ ਲਾਈਫ਼ਸਾਇਕਲ ਸ਼ਾਮਲ ਹੈ। ਇਹ ਇੱਕ ਲਚਕੀਲਾ ਨਿਰਯਾਤ ਈਕੋਸਿਸਟਮ ਹੈ ਜੋ ਐਮ.ਐਸ.ਐਮ.ਈਜ਼. ਦੇ ਨਾਲ-ਨਾਲ ਵੱਡੇ ਪੱਧਰ ’ਤੇ ਨਿਰਯਾਤਕਾਂ ਦਾ ਸਮਰਥਨ ਕਰਦਾ ਹੈ ਅਤੇ ਬਿਨਾਂ ਭੂਗੋਲਿਕ ਰੁਕਾਵਟਾਂ ਤੋਂ ਸੰਸਥਾਗਤ ਮਜ਼ਬੂਤੀ ਅਤੇ ਲੌਜਿਸਟਿਕਸ ਸਹੂਲਤ ਪ੍ਰਦਾਨ ਕਰ ਕੇ ਮੁਕਾਬਲੇਬਾਜ਼ੀ ਦੇ ਸਮਰੱਥ ਬਣਾਉਂਦਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਨੇ ਲਗਾਤਾਰ ਰਾਸ਼ਟਰੀ ਮਾਨਤਾ ਪ੍ਰਾਪਤ ਕੀਤੀ ਹੈ, ਜਿਸ ‘ਚ ਕਾਰੋਬਾਰ ਕਰਨ ‘ਚ ਆਸਾਨੀ 2024 ‘ਚ ਟਾਪ ਅਚੀਵਰ ਦਾ ਦਰਜਾ ਪ੍ਰਾਪਤ ਕਰਨਾ ਅਤੇ ਓਡੀਓਪੀ ਐਵਾਰਡ- 2024 ‘ਚ ਰਾਜ ਸ਼੍ਰੇਣੀ ‘ਚ ਸੋਨ ਤਮਗਾ ਜਿੱਤਣਾ ਸ਼ਾਮਲ ਹੈ, ਜੋ ਪੰਜਾਬ ਦੇ ਕਾਰੋਬਾਰ-ਅਨੁਕੂਲ ਅਤੇ ਸੁਧਾਰ-ਅਧਾਰਤ ਸ਼ਾਸਨ ਦਾ ਜਿਉਂਦਾ-ਜਾਗਦਾ ਸਬੂਤ ਹੈ।

Read More: ਭਾਰਤ ਸਰਕਾਰ ਵੱਲੋਂ ਜਾਰੀ ਸੂਬਿਆਂ ਦੀ ਸਟਾਰਟਅੱਪ ਈਕੋਸਿਸਟਮ ਰੈਂਕਿੰਗ ‘ਚ ਪੰਜਾਬ ਫਿਰ ਤੋਂ ਮੋਹਰੀ: ਸੰਜੀਵ ਅਰੋੜਾ

ਵਿਦੇਸ਼

Scroll to Top