14 ਫਰਵਰੀ 2025: ਸੂਬੇ ਦੇ ਸਿੱਖਿਆ ਢਾਂਚੇ ਵਿੱਚ ਕ੍ਰਾਂਤੀ ਲਿਆਉਣ ਦੇ ਉਦੇਸ਼ ਨਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (bhagwant singh maan) ਨੇ ਅੱਜ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਦੇ ਡਿਜੀਟਲ ਸਿੱਖਿਆ ਪ੍ਰੋਗਰਾਮ ਤਹਿਤ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਲੈਪਟਾਪ ਵੰਡਣ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਡਿਜੀਟਲ ਸਿੱਖਿਆ ਵਾਤਾਵਰਣ ਵਿੱਚ ਲੋੜੀਂਦੇ ਉਪਕਰਣਾਂ ਨਾਲ ਲੈਸ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਲੈਪਟਾਪ ਸਾਰੇ ਵਿਦਿਆਰਥੀਆਂ ਲਈ ਸੁਰੱਖਿਆ ਅਤੇ ਸਿੱਖਿਆ ਤੱਕ ਪਹੁੰਚ ਨੂੰ ਯਕੀਨੀ ਬਣਾਉਂਦੇ ਹੋਏ ਡਿਜੀਟਲ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੇ ਇੱਕ ਵਿਸ਼ਾਲ ਯਤਨ ਦਾ ਹਿੱਸਾ ਹਨ।
ਉਥੇ ਹੀ CM ਮਾਨ ਨੇ ਕਿਹਾ ਕਿ ਇਸ ਪਹਿਲਕਦਮੀ ਦੇ ਪਹਿਲੇ ਪੜਾਅ ਤਹਿਤ ਦਿੱਤੇ ਜਾ ਰਹੇ “ਪ੍ਰਾਈਮ ਬੁੱਕ 4ਜੀ” ਲੈਪਟਾਪ (laptop) ਦੁਨੀਆ ਦੇ ਸਭ ਤੋਂ ਕਿਫਾਇਤੀ ਲੈਪਟਾਪਾਂ ਵਿੱਚੋਂ ਇੱਕ ਹਨ, ਜੋ ਵਿਸ਼ੇਸ਼ ਤੌਰ ‘ਤੇ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਲਈ ਤਿਆਰ ਕੀਤੇ ਗਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਲੈਪਟਾਪ ਲੁਧਿਆਣਾ ਜ਼ਿਲ੍ਹੇ ਦੇ 14 ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਈ.ਆਈ., ਪੀ.ਏ.ਐਲ. ਰਾਹੀਂ ਦਿੱਤੇ ਜਾ ਰਹੇ ਹਨ। ਮਾਈਂਡਸਪਾਰਕ ਸਾਫਟਵੇਅਰ ਮਾਡਿਊਲਾਂ ਨਾਲ ਲੈਸ ਹੈ ਜੋ ਵਿਅਕਤੀਗਤ ਸਿਖਲਾਈ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਕ੍ਰਾਂਤੀਕਾਰੀ ਪ੍ਰੋਜੈਕਟ ਦਾ ਉਦੇਸ਼ ਵਿਦਿਆਰਥੀਆਂ ਤੱਕ ਡਿਜੀਟਲ ਸਿੱਖਿਆ ਦੀ ਪਹੁੰਚ ਯਕੀਨੀ ਬਣਾਉਣਾ ਹੈ, ਤਾਂ ਜੋ ਸਾਰੇ ਪਿਛੋਕੜ ਵਾਲੇ ਵਿਦਿਆਰਥੀਆਂ ਨੂੰ ਆਧੁਨਿਕ ਤਕਨਾਲੋਜੀ ਨਾਲ ਜੋੜਿਆ ਜਾ ਸਕੇ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਈ.ਆਈ., ਪੀ.ਏ.ਐਲ. ਮਾਈਂਡਸਪਾਰਕ ਤਕਨਾਲੋਜੀ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਤੱਕ ਪਹੁੰਚ ਪ੍ਰਦਾਨ ਕਰਦੀ ਹੈ ਅਤੇ ਵਿਦਿਆਰਥੀਆਂ ਦੀਆਂ ਵਿਅਕਤੀਗਤ ਜ਼ਰੂਰਤਾਂ ਅਨੁਸਾਰ ਸਿੱਖਿਆ ਨੂੰ ਤਿਆਰ ਕਰਨ ‘ਤੇ ਵੀ ਕੇਂਦ੍ਰਿਤ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਲੈਪਟਾਪ, ਕਿਫਾਇਤੀ ਅਤੇ ਟਿਕਾਊ ਹੋਣ ਦੇ ਨਾਲ-ਨਾਲ, ਸੁਰੱਖਿਅਤ ਓਪਰੇਟਿੰਗ ਸਿਸਟਮ, ਨਿਯੰਤਰਿਤ ਪਹੁੰਚ ਅਤੇ ਡੇਟਾ ਇਨਕ੍ਰਿਪਸ਼ਨ ਵਰਗੇ ਆਧੁਨਿਕ ਡਿਜੀਟਲ ਸੁਰੱਖਿਆ ਮਾਪਦੰਡਾਂ ਨਾਲ ਵੀ ਲੈਸ ਹਨ, ਜੋ ਇਹ ਯਕੀਨੀ ਬਣਾਉਣਗੇ ਕਿ ਸਿੱਖਣ ਦਾ ਤਜਰਬਾ ਸੁਰੱਖਿਅਤ ਅਤੇ ਸੁਚਾਰੂ ਹੋਵੇ।
ਉਨ੍ਹਾਂ ਇਸ ਪ੍ਰੋਗਰਾਮ ਦੀ ਸਫਲਤਾ ਲਈ ਪ੍ਰਸ਼ਾਸਨ ਨੂੰ ਵਧਾਈ ਦਿੱਤੀ। ਮੁੱਖ ਮੰਤਰੀ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਕਾਨਵੈਂਟ ਸਕੂਲਾਂ ਦੇ ਵਿਦਿਆਰਥੀਆਂ ਦੇ ਬਰਾਬਰ ਬਣਾਉਣ ਦੀ ਆਪਣੀ ਵਚਨਬੱਧਤਾ ਦੁਹਰਾਈ ਅਤੇ ਕਿਹਾ ਕਿ ਇਸ ਲਈ ਹਰ ਸੰਭਵ ਯਤਨ ਕੀਤੇ ਜਾਣਗੇ।
ਇਸ ਦੌਰਾਨ, ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਇਹ ਪਹਿਲਕਦਮੀ ਕਿਫਾਇਤੀ ਅਤੇ ਉੱਚ-ਵਿਸ਼ੇਸ਼ਤਾ ਵਾਲੇ ਲੈਪਟਾਪ ਪ੍ਰਦਾਨ ਕਰਕੇ ਸਿੱਖਿਆ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਇੱਕ ਪ੍ਰਯੋਗਾਤਮਕ ਮਾਡਲ ‘ਤੇ ਅਧਾਰਤ ਹੈ।
ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਡਿਜੀਟਲ ਹੁਨਰ ਅਤੇ ਗਿਆਨ ਪ੍ਰਦਾਨ ਕਰੇਗਾ ਅਤੇ ਸਿੱਖਿਆ ਦੇ ਤਰੀਕਿਆਂ ਵਿੱਚ ਡਿਜੀਟਲ ਸਰੋਤਾਂ ਨੂੰ ਏਕੀਕ੍ਰਿਤ ਕਰਨ ਦਾ ਮੌਕਾ ਪ੍ਰਦਾਨ ਕਰੇਗਾ। ਜੋਰਵਾਲ ਨੇ ਕਿਹਾ ਕਿ ਇਸ ਪਹਿਲਕਦਮੀ ਰਾਹੀਂ, ਪ੍ਰਸ਼ਾਸਨ ਨੇ ਡਿਜੀਟਲ ਸਿੱਖਿਆ ਵਿੱਚ ਸੰਪੂਰਨ ਅਤੇ ਵਿਦਿਆਰਥੀ-ਕੇਂਦ੍ਰਿਤ ਗੁਣਵੱਤਾ ਵਾਲੀ ਸਿੱਖਿਆ ਅਤੇ ਸੁਰੱਖਿਆ ਪ੍ਰਦਾਨ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ।
Read More: CM ਮਾਨ ਨੇ ਸ਼ੁਭਮਨ ਗਿੱਲ ਤੇ ਅਰਸ਼ਦੀਪ ਸਿੰਘ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ