PPCC

ਪੰਜਾਬ ਪ੍ਰਦੇਸ਼ ਕਾਂਗਰਸ ਨੇ ਪੰਜਾਬ ‘ਚ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਹੈਲਪਲਾਈਨ ਨੰਬਰ ਸ਼ੁਰੂ ਕੀਤੇ

ਚੰਡੀਗੜ੍ਹ, 10 ਜੁਲਾਈ, 2023: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਨੇ ਸੋਮਵਾਰ ਨੂੰ ਪੰਜਾਬ ਦੇ ਕਈ ਹਿੱਸਿਆਂ ਵਿੱਚ ਹਾਲ ਹੀ ਵਿੱਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਲਈ ਹੈਲਪਲਾਈਨ ਨੰਬਰ ਸ਼ੁਰੂ ਕੀਤੇ ਹਨ। ਹੈਲਪਲਾਈਨ ਨੰਬਰ ਹਨ: 89682-15758 ਅਤੇ 82880-25875।

ਪੰਜਾਬ ਵਿੱਚ ਲਗਾਤਾਰ ਮੀਂਹ ਅਤੇ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਦੀ ਪੂਰਨ ਸਹਾਇਤਾ ਕਰਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਵਾਸੀਆਂ ਲਈ ਸ਼ੁਰੂ ਕੀਤੇ ਗਏ ਹੈਲਪਲਾਈਨ ਨੰਬਰ 24×7 ਉਪਲਬਧ ਰਹਿਣਗੇ ਅਤੇ ਪਾਰਟੀ ਵਰਕਰਾਂ, ਸਮਰਥਕਾਂ ਦੁਆਰਾ ਸਟਾਫ਼ ਅਤੇ ਲੀਡਰਸ਼ਿਪ ਵੱਲੋਂ ਤਿੱਖੀ ਨਿਗਰਾਨੀ ਰੱਖੀ ਜਾਵੇਗੀ। ਲੋਕ ਭੋਜਨ, ਰਿਹਾਇਸ਼, ਡਾਕਟਰੀ ਦੇਖਭਾਲ, ਬਚਾਅ ਅਤੇ ਹੋਰ ਜ਼ਰੂਰੀ ਸੇਵਾਵਾਂ ਲਈ ਸਹਾਇਤਾ ਲੈਣ ਲਈ ਹੈਲਪਲਾਈਨ ਨੰਬਰਾਂ ‘ਤੇ ਕਾੱਲ ਕਰ ਸਕਦੇ ਹਨ। ਵੜਿੰਗ ਨੇ ਅੱਗੇ ਕਿਹਾ ਕਿ ਅਸੀਂ ਪੰਜਾਬ ਅਤੇ ਇਸ ਦੇ ਲੋਕਾਂ ਦੀ ਸੇਵਾ ਕਰਨ ਲਈ ਵਚਨਬੱਧ ਹਾਂ ਅਤੇ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਅਸੀਂ ਲੋੜਵੰਦਾਂ ਨੂੰ ਸਮੇਂ ਸਿਰ ਸਹਾਇਤਾ ਪ੍ਰਦਾਨ ਕਰਵਾਈਏ।

ਭਗਵੰਤ ਮਾਨ ਦੀ ਸੂਬੇ ਤੋਂ ਗੈਰ-ਹਾਜ਼ਰੀ ਅਤੇ ਪੰਜਾਬ ‘ਚ ਸੰਕਟ ਦੇ ਸਮੇਂ ਹਰਿਆਣਾ ‘ਚ ਰੈਲੀ ਕਰਨ ‘ਤੇ ਵਰ੍ਹਦਿਆਂ ਵੜਿੰਗ ਨੇ ਕਿਹਾ ਕਿ ਅਜਿਹੇ ਸਮੇਂ ਜਦੋਂ ਮੁੱਖ ਮੰਤਰੀ ਨੂੰ ਸਾਰੀ ਸਥਿਤੀ ‘ਤੇ ਨਜ਼ਰ ਰੱਖਣੀ ਚਾਹੀਦੀ ਸੀ ਅਤੇ ਪੀੜ੍ਹਤਾਂ ਲਈ ਤੁਰੰਤ ਰਾਹਤ ਅਤੇ ਸਹਾਇਤਾ ਦੇ ਹੁਕਮ ਦੇਣੇ ਚਾਹੀਦੇ ਸਨ, ਉਦੋਂ ਉਹ ਆਪਣੀ ‘ਫੋਕੀ ਮਸ਼ੂਹਰੀਆਂ ਵਾਲੀ ਸਰਕਾਰ’ ਦੇ ਪ੍ਰਚਾਰ ‘ਚ ਰੁੱਝੇ ਹੋਏ ਹਨ। ਪੰਜਾਬ ਦੇ ਲੋਕ ਕਦੇ ਵੀ ਅਜਿਹਾ ਮੁੱਖ ਮੰਤਰੀ ਨਹੀਂ ਚਾਹੁੰਦੇ ਜੋ ਲੋੜ ਵੇਲੇ ਆਪਣੇ ਸੂਬੇ ਅਤੇ ਲੋਕਾਂ ਨੂੰ ਨਜ਼ਰਅੰਦਾਜ਼ ਕਰੇ ਅਤੇ ਆਪਣੀ ਪਾਰਟੀ ਦੇ ਪ੍ਰਚਾਰ ਲਈ ਕਦੇ ਪਲੇਟਫਾਰਮ ਨਾ ਛੱਡੇ।

ਵੜਿੰਗ ਨੇ ਅਜਿਹੀ ਗੰਭੀਰ ਸਥਿਤੀ ਵਿੱਚ ਮੁੱਖ ਮੰਤਰੀ ਦੀ ਘੋਰ ਅਣਗਹਿਲੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਸੀਂ ਸਵੈ-ਪ੍ਰਮੋਸ਼ਨ ਵਿੱਚ ਕੀਮਤੀ ਸਮਾਂ ਬਰਬਾਦ ਕਰਨ ਦੀ ਬਜਾਏ, ਅਸੀਂ ਸੂਬਾ ਸਰਕਾਰ ਨੂੰ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਰਾਹਤ ਅਤੇ ਸਹਾਇਤਾ ਪ੍ਰਦਾਨ ਕਰਨ ਦੀ ਅਪੀਲ ਕਰਦੇ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਅੱਜ ਸ਼ੁਰੂ ਕੀਤੇ ਗਏ ਹੈਲਪਲਾਈਨ ਨੰਬਰ ਪਾਰਟੀ ਲਈ ਵੱਧ ਤੋਂ ਵੱਧ ਲੋਕਾਂ ਨਾਲ ਜੁੜਨ ਅਤੇ ਲੋੜਵੰਦਾਂ ਨੂੰ ਸਮੇਂ ਸਿਰ ਸਹਾਇਤਾ ਪ੍ਰਦਾਨ ਕਰਨ ਦਾ ਇੱਕ ਵਧੀਆ ਜ਼ਰੀਆ ਹਨ।

Scroll to Top