ਪਰਾਲੀ ਸਾੜਨ

ਪਰਾਲੀ ਸਾੜਨ ਦੇ ਮਾਮਲਿਆਂ ‘ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਰਿਪੋਰਟ ਜਾਰੀ

ਪਟਿਆਲਾ, 22 ਅਕਤੂਬਰ 2025: ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB) ਦੇ ਨੋਡਲ ਅਧਿਕਾਰੀ ਰਾਜੀਵ ਗੁਪਤਾ, ਸੀਨੀਅਰ ਪਰਿਆਵਰਨ ਅਧਿਕਾਰੀ ਵੱਲੋਂ ਪਰਾਲੀ ਸਾੜਨ ਦੇ ਮਾਮਲਿਆਂ ਬਾਰੇ ਇੱਕ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਅਨੁਸਾਰ, ਪੰਜਾਬ ਭਰ ਵਿੱਚ ਵੱਖ-ਵੱਖ ਟੀਮਾਂ ਸਟਬਲ ਬਰਨਿੰਗ (ਪਰਾਲੀ ਸਾੜਨ) ਨੂੰ ਰੋਕਣ ਲਈ ਤਾਇਨਾਤ ਕੀਤੀਆਂ ਗਈਆਂ ਹਨ।

ਰਿਪੋਰਟ ‘ਚ ਮੁਤਾਬਕ 21 ਅਕਤੂਬਰ ਤੱਕ 179 ਫਿਜ਼ੀਕਲ ਬਰਨਿੰਗ ਸਾਈਟਾਂ ਦਰਜ ਕੀਤੀਆਂ ਹਨ। ਇਨ੍ਹਾਂ ਮਾਮਲਿਆਂ ‘ਚ 8 ਲੱਖ 5 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ, ਜਦਕਿ ਕਰੀਬ 5 ਲੱਖ 65 ਹਜ਼ਾਰ ਰੁਪਏ ਦੀ ਵਸੂਲੀ ਕੀਤੀ ਜਾ ਚੁੱਕੀ ਹੈ।

ਇਸ ਤੋਂ ਇਲਾਵਾ, ਧਾਰਾ-20 ਅਤੇ 23 ਬੀਐਨਐਸ ਐਕਟ ਹੇਠ 149 ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀਆਂ ਹਨ। ਰਿਪੋਰਟ ਮੁਤਾਬਕ ਸਭ ਤੋਂ ਵੱਧ ਪਰਾਲੀ ਸਾੜਨ ਦੇ ਮਾਮਲੇ ਤਰਨ ਤਾਰਨ (56) ਅਤੇ ਅੰਮ੍ਰਿਤਸਰ (51) ਜ਼ਿਲ੍ਹਿਆਂ ‘ਚ ਸਾਹਮਣੇ ਆਏ ਹਨ। ਪਟਿਆਲਾ ਜ਼ਿਲ੍ਹੇ ‘ਚ 10 ਮਾਮਲੇ ਦਰਜ ਕੀਤੇ ਹਨ ਅਤੇ ਇੱਥੇ 6 ਵਿਅਕਤੀਆਂ ਖ਼ਿਲਾਫ਼ ਐਫਆਈਆਰ ਕੀਤੀ ਹੈ।

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਏਅਰ ਕੁਆਲਿਟੀ ਲੈਬੋਰੇਟਰੀ ਦੇ ਵਾਤਾਵਰਨ ਅਧਿਕਾਰੀ ਅਤੁਲ ਕੌਸ਼ਲ ਨੇ ਦੱਸਿਆ ਕਿ ਇਸ ਵੇਲੇ ਪੰਜਾਬ ‘ਚ ਛੇ ਏਅਰ ਕੁਆਲਿਟੀ ਲੈਬਜ਼ ਹਵਾ ਦੀ ਗੁਣਵੱਤਾ ਦੀ ਜਾਂਚ ਕਰ ਰਹੀਆਂ ਹਨ। ਹੁਣ ਤੱਕ ਦੇ ਅੰਕੜਿਆਂ ਮੁਤਾਬਕ, ਸੂਬੇ ਦਾ ਕੁੱਲ ਏਅਰ ਕੁਆਲਿਟੀ ਇੰਡੈਕਸ (AQI) “ਮਾਡਰੇਟ ਤੋਂ ਪੂਅਰ” ਸ਼੍ਰੇਣੀ ‘ਚ ਰਿਹਾ ਹੈ।

ਕੁਝ ਜ਼ਿਲ੍ਹਿਆਂ ਜਿਨ੍ਹਾਂ ‘ਚ ਮੰਡੀ ਗੋਬਿੰਦਗੜ੍ਹ ਆਦਿ ‘ਚ ਹਵਾ ਦੀ ਗੁਣਵੱਤਾ “ਪੂਅਰ” ਸ਼੍ਰੇਣੀ ‘ਚ ਦਾਖ਼ਲ ਹੋ ਚੁੱਕੀ ਹੈ। 19 ਅਕਤੂਬਰ 2025 ਦੀ ਰਿਪੋਰਟ ਮੁਤਾਬਕ, ਜ਼ਿਆਦਾਤਰ ਜ਼ਿਲ੍ਹਿਆਂ ‘ਚ ਹਵਾ “ਮਾਡਰੇਟ” ਸ਼੍ਰੇਣੀ ‘ਚ ਸੀ, ਪਰ 20 ਅਕਤੂਬਰ ਤੋਂ ਬਾਅਦ ਕੁਝ ਜ਼ਿਲ੍ਹਿਆਂ ਦੀ ਏਅਰ ਕੁਆਲਿਟੀ ਘਟ ਕੇ “ਪੂਅਰ” ਸ਼੍ਰੇਣੀ ‘ਚ ਪਹੁੰਚ ਗਈ ਹੈ।

Read More: ਪੰਜਾਬ ਦੇ ਤਾਪਮਾਨ ‘ਚ ਆਈ ਗਿਰਾਵਟ, ਕਈਂ ਸ਼ਹਿਰਾਂ ‘ਚ ਹਵਾ ਦੀ ਗੁਣਵੱਤਾ ਪ੍ਰਦੂਸ਼ਿਤ

Scroll to Top