ਪਟਿਆਲਾ, 23 ਫਰਵਰੀ 2023: ਪੰਜਾਬ ਪੁਲਿਸ ਬੱਚਿਆਂ ਨੂੰ ਸਕੂਲਾਂ ਵਿਚ ਆਪਸ ਵਿਚ ਗੱਲਬਾਤ ਪੰਜਾਬੀ ਵਿਚ ਕਰਨ ਵਾਸਤੇ ਉਤਸ਼ਾਹਿਤ ਕਰੇਗੀ। ਇਹ ਪ੍ਰਗਟਾਵਾ ਐਸ ਐਸ ਪੀ ਵਰੁਣ ਸ਼ਰਮਾ (SSP Varun Sharma) ਨੇ ਕੀਤਾ ਹੈ। ਉਹ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਕਲੱਬ ਅਤੇ ਮਾਤ ਭਾਸ਼ਾ ਜਾਗਰੂਕਤਾ ਮੰਚ ਵੱਲੋਂ ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਕਰਵਾਏ ਸਮਾਗਮ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। ਇਸ ਸਮਾਗਮ ਵਿਚ ਉੱਘੇ ਵਿਦਵਾਨ ਡਾ. ਸੀ ਪੀ ਕੰਬੋਜ ਦਾ ਮਾਤਾ ਭਾਸ਼ਾ ਸੇਵਕ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਐਸ ਐਸ ਪੀ ਵਰੁਣ ਸ਼ਰਮਾ ਨੇ ਕਿਹਾ ਕਿ ਪਟਿਆਲਾ ਪੁਲਿਸ ਨੇ ਵੀ ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਵਾਸਤੇ ਕਈ ਅਹਿਮ ਕਦਮ ਚੁੱਕੇ ਹਨ। ਉਹਨਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਥਾਣਿਆਂ ਤੇ ਚੌਂਕੀਆਂ ਦੇ ਬੋਰਡ ਪੰਜਾਬੀ ਵਿਚ ਲਿਖਵਾਏ ਗਏ ਹਨ ਅਤੇ ਸਾਰੇ 2500 ਮੁਲਾਜ਼ਮਾਂ ਦੇ ਨਾਵਾਂ ਦੀਆਂ ਤਖਤੀਆਂ (ਨੇਮ ਪਲੇਟਾਂ) ਪੰਜਾਬੀ ਵਿਚ ਹੀ ਲਿਖਵਾਈਆਂ ਗਈਆਂ ਹਨ। ਉਹਨਾਂ ਕਿਹਾ ਕਿ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਕੰਮ ਕਰਨ ਲਈ ਅਸੀਂ ਪੂਰੀ ਤਰ੍ਹਾਂ ਵਚਨਬੱਧ ਹਾਂ।
ਸਮਾਗਮ ਨੂੰ ਸੰਬੋਧਨ ਕਰਦਿਆਂ ਭਾਸ਼ਾ ਵਿਭਾਗ ਦੇ ਕਾਰਜਕਾਰੀ ਡਾਇਰੈਕਟਰ ਸਰਦਾਰਨੀ ਵੀਰਪਾਲ ਕੌਰ ਨੇ ਕਿਹਾ ਕਿ ਬਹੁਤ ਖੁਸ਼ੀ ਦੀ ਗੱਲ ਹੈ ਕਿ ਪਟਿਆਲਾ ਮੀਡੀਆ ਕਲੱਬ ਅਤੇ ਮਾਤ ਭਾਸ਼ਾ ਜਾਗਰੂਕਤਾ ਮੰਚ ਵੱਲੋਂ ਮਾਂ ਬੋਲੀ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਭਾਸ਼ਾ ਵਿਭਾਗ ਵੀ ਪੰਜਾਬੀ ਦੀ ਪ੍ਰਫੁੱਲਤਾ ਵਾਸਤੇ ਵਚਨਬੱਧ ਹੈ। ਉਹਨਾਂ ਕਿਹਾ ਕਿ ਬੀਤੇ ਦਿਨੀਂ ਅਸੀਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸੂਬਾ ਪੱਧਰੀ ਸਮਾਗਮ ਕਰਵਾਇਆ ਹੈ ਜਿਸ ਵਿਚ ਬਹੁਤ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕੀਤੀ। ਉਹਨਾਂ ਨੇ ਇਹਨਾਂ ਉਪਰਾਲਿਆਂ ਵਿਚ ਸਹਿਯੋਗ ਲਈ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਸੀ ਪੀ ਕੰਬੋਜ ਨੇ ਦੱਸਿਆ ਕਿ ਉਹਨਾਂ ਨੇ ਵੀ ਆਪਣੇ ਕੈਰੀਅਰ ਦੇ ਸ਼ੁਰੂਆਤ 8 ਸਾਲ ਬਤੌਰ ਪੱਤਰਕਾਰ ਹੀ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਉਹਨਾਂ ਨੁੰ ਫਖ਼ਰ ਹੈ ਕਿ ਉਹ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ।
ਇਸ ਤੋਂ ਪਹਿਲਾਂ ਪਟਿਆਲਾ ਮੀਡੀਆ ਕਲੱਬ ਦੇ ਪ੍ਰਧਾਨ ਨਵਦੀਪ ਢੀਂਗਰਾ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਮੰਚ ਦੇ ਸੰਯੋਜਕ ਗੁਰਮਿੰਦਰ ਸਮਦ ਨੇ ਡਾ. ਕੰਬੋਜ ਦੀ ਸਖ਼ਸੀਅਤ ਬਾਰੇ ਚਾਨਣਾ ਪਾਇਆ। ਮੰਚ ਦੇ ਸਹਿ ਸੰਯੋਜਕ ਅਮਨ ਅਰੋੜਾ ਨੇ ਮੰਚ ਦੀਆਂ ਗਤੀਵਿਧੀਆਂ ਬਾਰੇ ਦੱਸਿਆ। ਸ਼ਾਇਰ ਅੰਮ੍ਰਿਤਪਾਲ ਸ਼ੈਦਾ ਨੇ ਮਾਂ ਬੋਲੀ ਬਾਰੇ ਪੰਜਾਬੀ ਗਜ਼ਲ ਸੁਣਾਈ। ਸੀਨੀਅਰ ਪੱਤਰਕਾਰ ਗਗਨਦੀਪ ਆਹੂਜਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਪਟਿਆਲਾ ਮੀਡੀਆ ਕਲੱਬ ਦੇ ਚੇਅਰਮੈਨ ਸਰਦਾਰ ਸਰਬਜੀਤ ਸਿੰਘ ਭੰਗੂ ਨੇ ਬਾਖੂਬੀ ਨਿਭਾਈ। ਇਸ ਮੌਕੇ ਐਸ ਐਸ ਪੀ ਵਰੁਣ ਸ਼ਰਮਾ (SSP Varun Sharma) ਅਤੇ ਨਾਭਾ ਪਾਵਰ ਲਿਮਟਿਡ ਦੇ ਰਵਿੰਦਰ ਸਿੰਘ ਲਾਲ ਅਤੇ ਡਾ. ਮਨੀਸ਼ ਸਰਹਿੰਦੀ ਨੇ ਕਲੱਬ ਵਿਚ ਐਨ ਪੀ ਐਲ ਵੱਲੋਂ ਲਗਵਾਏ 5 ਕਿਲੋਵਾਟ ਦੇ ਸੋਲਰ ਯੂਨਿਟ ਦਾ ਉਦਘਾਟਨ ਵੀ ਕੀਤਾ।
ਸਮਾਗਮ ਵਿਚ ਜ਼ਿਲ੍ਹਾ ਲੋਕ ਸੰਪਰਕ ਅਫਸਰ ਹਾਕਮ ਥਾਪਰ, ਮਾਤ ਭਾਸ਼ਾ ਜਾਗਰੂਕਤਾ ਮੰਚ ਦੇ ਸਰਪ੍ਰਸਤ ਸੁਰਿੰਦਰ ਸਿੰਘ ਚੱਢਾ, ਮੈਂਬਰ ਡਾ. ਕੁਲਪਿੰਦਰ ਸ਼ਰਮਾ, ਰਵਿੰਦਰ ਰਵੀ, ਵਿਨੋਦ ਬਾਲੀ, ਸੋਮਨਾਥ ਆਜ਼ਾਦ, ਰਵਿਕਾਂਤ ਸੈਣੀ, ਰਾਜਵੀਰ ਸਿੰਘ, ਪਟਿਆਲਾ ਮੀਡੀਆ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਕੁਲਵੀਰ ਸਿੰਘ ਧਾਲੀਵਾਲ, ਖਜਾਨਚੀ ਖੁਸ਼ਵੀਰ ਤੂਰ, ਸਕੱਤਰ ਜਨਰਲ ਰਾਣਾ ਰਣਧੀਰ, ਮੀਤ ਪ੍ਰਧਾਨ ਪਰਮੀਤ ਸਿੰਘ ਅਤੇ ਜਗਤਾਰ ਸਿੰਘ, ਸਕੱਤਰ ਗੁਰਵਿੰਦਰ ਸਿੰਘ ਔਲਖ, ਜੁਆਇੰਟ ਸਕੱਤਰ ਕਮਲ ਦੂਆ, ਪ੍ਰੈਸ ਸਕੱਤਰ ਧਰਮਿੰਦਰ ਸਿੰਘ ਸਿੱਧੂ, ਸਾਬਕਾ ਪ੍ਰਧਾਨ ਰਵੇਲ ਸਿੰਘ ਭਿੰਡਰ ਅਤੇ ਗੁਰਪ੍ਰੀਤ ਸਿੰਘ ਚੱਠਾ, ਸੀਨੀਅਰ ਪੱਤਰਕਾਰ ਜਸਪਾਲ ਸਿੰਘ ਢਿੱਲੋਂ, ਅਰਵਿੰਦ ਸ੍ਰੀਵਾਸਤਵ, ਪ੍ਰੇਮ ਵਰਮਾ, ਗੁਲਸ਼ਨ ਸ਼ਰਮਾ, ਲਖਵਿੰਦਰ ਸਿੰਘ ਔਲਖ, ਸੁੰਦਰ ਸ਼ਰਮਾ, ਅਜੈ ਸ਼ਰਮਾ, ਅਨੂ ਅਲਬਰਟ, ਮਨਦੀਪ ਸਿੰਘ ਖਰੋੜ, ਹਰਵਿੰਦਰ ਸਿੰਘ ਭਿੰਡਰ, ਰਾਜੇਸ਼ ਸੱਚਰ, ਪਰਗਟ ਸਿੰਘ ਬਲਬੇੜਾ, ਪਰਮਜੀਤ ਸਿੰਘ ਪਰਵਾਨਾ, ਅਮਰਜੀਤ ਸਿੰਘ ਵੜੈਚ, ਰਵੀ ਜੱਬਲ, ਰਾਮ ਸਰੂਪ ਪੰਜੋਲਾ, ਨਰਿੰਦਰ ਸਿੰਘ ਬਠੋਈ, ਸੁਧੀਰ ਪਾਹੂਜਾ, ਜਸਵਿੰਦਰ ਜੁਲਕਾਂ, ਪਰਮਿੰਦਰ ਸਿੰਘ ਰਾਏਪੁਰ, ਕੰਵਲਜੀਤ ਸਿੰਘ ਜਗਬਾਣੀ, ਭਾਸ਼ਾ ਵਿਭਾਗ ਦੇ ਸੀਨੀਅਰ ਸੁਖਦਰਸ਼ਨ ਸਿੰਘ ਚਹਿਲ, ਸੁਖਜੀਤ ਸਿੰਘ ਮੱਟੂ, ਐਸ ਐਚ ਓ ਜਸਪ੍ਰੀਤ ਸਿੰਘ ਕਾਹਲੋਂ ਅਤੇ ਹੋਰ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ।