Khanna police

ਪੰਜਾਬ ਪੁਲਿਸ ਨੇ ਖੰਨਾ ਦੇ ਸ਼ਿਵਪੁਰੀ ਮੰਦਿਰ ਚੋਰੀ ਦਾ ਮਾਮਲਾ ਸੁਲਝਾਇਆ, 3.6 ਕਿੱਲੋ ਚਾਂਦੀ ਸਮੇਤ ਚਾਰ ਗ੍ਰਿਫਤਾਰ

ਖੰਨਾ, 22 ਅਗਸਤ 2024: ਖੰਨਾ ਪੁਲਿਸ (Khanna police) ਨੇ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ‘ਚ ਮੰਦਰਾਂ ਅਤੇ ਗੁਰਦੁਆਰਿਆਂ ਵਰਗੇ ਧਾਰਮਿਕ ਸਥਾਨਾਂ ‘ਤੇ ਚੋਰੀਆਂ ‘ਚ ਸ਼ਾਮਲ ਇੱਕ ਅੰਤਰਰਾਜੀ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਸ਼ਿਵ ਮੰਦਰ ਚੋਰੀ ਦੇ ਮਾਮਲੇ ਨੂੰ ਹੱਲ ਕੀਤਾ ਹੈ। ਇਹ ਜਾਣਕਾਰੀ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਦਿੱਤੀ ਹੈ ।

ਇਹ ਅਪਰੇਸ਼ਨ ਚੰਡੀਗੜ੍ਹ ਪੁਲਿਸ, ਬਟਾਲਾ ਪੁਲਿਸ, ਊਧਮ ਸਿੰਘ ਨਗਰ ਪੁਲਿਸ, ਉਤਰਾਖੰਡ ਅਤੇ ਲਖਨਊ ਪੁਲਿਸ ਦੇ ਸਹਿਯੋਗ ਨਾਲ ਚਲਾਇਆ ਗਿਆ | ਫੜੇ ਗਏ ਵਿਅਕਤੀਆਂ ਦੀ ਪਛਾਣ ਰੇਸ਼ਮ ਸਿੰਘ ਉਰਫ਼ ਰਿੰਕੂ ਵਾਸੀ ਸਿੰਧੀ ਝਾਲਾ ਜ਼ਿਲ੍ਹਾ ਊਧਮ ਸਿੰਘ ਨਗਰ ਉੱਤਰਾਖੰਡ, ਰਵੀ ਕੁਮਾਰ ਵਾਸੀ ਮਹਿੰਦਪੁਰ, ਰੋਪੜ, ਹਨੀ ਵਾਸੀ ਮਹਿੰਦਪੁਰ, ਰੋਪੜ ਅਤੇ ਰਾਜੀਵ ਕੁਮਾਰ ਉਰਫ਼ ਸੋਨੀ ਵਾਸੀ ਕੁਮਾਰਪੁਰਮ, ਲਖਨਊ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ |

ਜਾਣਕਾਰੀ ਮੁਤਾਬਕ 15 ਅਗਸਤ ਨੂੰ ਤੜਕਸਾਰ 4:30 ਵਜੇ ਅਣਪਛਾਤੇ ਵਿਅਕਤੀ ਸ਼ਿਵਪੁਰੀ ਮੰਦਰ ਦੀ ਛੱਤ ਤੋਂ ਖਿੜਕੀਆਂ ਰਾਹੀਂ ਦਾਖਲ ਹੋ ਕੇ ਸੋਨੇ-ਚਾਂਦੀ ਦੇ ਗਹਿਣੇ ਜਿੰਨਾਂ ‘ਚ ਚਾਂਦੀ ਦੀ ਗਾਗਰ , ਸ਼ਿਵਲਿੰਗ ਮਹਾਰਾਜ ’ਤੇ ਪਾਈ ਮਾਲਾ, ਕ੍ਰਿਸ਼ਨ ਮਹਾਰਾਜ ਦੀ ਚਾਂਦੀ ਦੀ ਬੰਸਰੀ, ਚਾਂਦੀ ਦੇ ਮੁਕਟ ਅਤੇ ਮੰਦਰ ਦੀਆਂ ਸਾਰੀਆਂ ਮੂਰਤੀਆਂ ਦੇ ਸੋਨੇ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਏ ਸਨ । ਇਸ ਤੋਂ ਇਲਾਵਾ ਉਨ੍ਹਾਂ ਨੇ ਸ਼ਿਵਲਿੰਗ ਮਹਾਰਾਜ ਦੀ ਬੇਅਦਬੀ ਕੀਤੀ। ਪੁਲਿਸ ਟੀਮਾਂ ਨੇ ਇਸ ਮਾਮਲੇ ‘ਚ ਸ਼ਾਮਲ ਚਾਰ ਮੁਲਜ਼ਮਾਂ ਕੋਲੋਂ ਮੰਦਰ ‘ਚੋਂ ਚੋਰੀ ਕੀਤੀ 3.63 ਕਿਲੋ ਚਾਂਦੀ ਬਰਾਮਦ ਕੀਤੀ ਹੈ।

Scroll to Top