ਚੰਡੀਗੜ੍ਹ, 11 ਮਾਰਚ 2025: ਪੰਜਾਬ ਪੁਲਿਸ (Punjab Police) ਨੇ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਰਾਹਗਿਰੀ ਫਾਊਂਡੇਸ਼ਨ ਅਤੇ ਦ ਅਰਬਨ ਲੈਬ ਫਾਊਂਡੇਸ਼ਨ ਨਾਲ ਦੋ ਸਮਝੌਤਿਆਂ ‘ਤੇ ਹਸਤਾਖਰ ਕੀਤੇ। ਇਹਨਾਂ ਸਮਝੌਤਿਆਂ ‘ਤੇ ਸ਼ੈਲੀ ਕੁਲਸ਼੍ਰੇਸ਼ਠ ਅਤੇ ਅਭਿਜੀਤ ਲੋਕਰੇ ਨੇ ਔਨਲਾਈਨ ਅਤੇ ਔਫਲਾਈਨ ਦੋਵਾਂ ਮਾਧਿਅਮਾਂ ਰਾਹੀਂ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ.ਡੀ.ਜੀ.ਪੀ.) ਟ੍ਰੈਫਿਕ ਅਤੇ ਸੜਕ ਸੁਰੱਖਿਆ (Road Safety) ਏ.ਐਸ. ਰਾਏ ਅਤੇ ਸਾਰਿਕਾ ਪਾਂਡਾ ਭੱਟ ਦੀ ਮੌਜੂਦਗੀ ‘ਚ ਦਸਤਖਤ ਕੀਤੇ |
ਏ.ਡੀ.ਜੀ.ਪੀ. ਏ.ਐਸ. ਰਾਏ ਅਤੇ ਟੀਮ ਦੀ ਸੜਕ ਸੁਰੱਖਿਆ ਪ੍ਰਤੀ ਵਚਨਬੱਧਤਾ ਦੀ ਸ਼ਲਾਘਾ ਕਰਦੇ ਹੋਏ, ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਰਾਹਗਿਰੀ ਫਾਊਂਡੇਸ਼ਨ ਅਤੇ ਅਰਬਨ ਲੈਬ ਫਾਊਂਡੇਸ਼ਨ ਨਾਲ ਇਹਨਾਂ ਸਹਿਯੋਗਾਂ ਰਾਹੀਂ ਟ੍ਰੈਫਿਕ (Road Safety) ਪ੍ਰਬੰਧਨ ਅਤੇ ਆਵਾਜਾਈ ਲਈ ਡੇਟਾ-ਅਧਾਰਿਤ ਪਹੁੰਚ ਅਪਣਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਹਿਯੋਗ ਸੂਬੇ ‘ਚ ਸੜਕ ਸੁਰੱਖਿਆ, ਲਾਗੂਕਰਨ ਅਤੇ ਜਨਤਾ ‘ਚ ਜਾਗਰੂਕਤਾ ਵਧਾਉਣ ‘ਚ ਮੱਦਦਗਾਰ ਹੋਵੇਗਾ।
ਉਨ੍ਹਾਂ ਕਿਹਾ ਕਿ ਇਹ ਸਹਿਯੋਗ ਖੋਜ, ਨੀਤੀ ਵਕਾਲਤ, ਸਮਰੱਥਾ ਨਿਰਮਾਣ ਪ੍ਰੋਗਰਾਮਾਂ ਅਤੇ ਸੜਕ ਸੁਰੱਖਿਆ ਉਪਾਵਾਂ ਨੂੰ ਵਿਵਹਾਰਕ ਤੌਰ ‘ਤੇ ਲਾਗੂ ਕਰਨ ‘ਤੇ ਕੇਂਦ੍ਰਿਤ ਹੋਵੇਗਾ, ਜਿਸ ਨਾਲ ਸੁਰੱਖਿਅਤ ਸੜਕਾਂ ਪ੍ਰਤੀ ਪੰਜਾਬ ਦੀ ਵਚਨਬੱਧਤਾ ਹੋਰ ਮਜ਼ਬੂਤ ਹੋਵੇਗੀ।
ਰਾਹਗਿਰੀ ਫਾਊਂਡੇਸ਼ਨ ਦੀ ਨੁਮਾਇੰਦਗੀ ਕਰ ਰਹੀ ਸਾਰਿਕਾ ਪਾਂਡਾ ਭੱਟ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਨੇ ਟ੍ਰੈਫਿਕ ਪੁਲਿਸ ‘ਚ ਇੱਕ ਸਮਰਪਿਤ ਖੋਜ ਵਿੰਗ ਸਥਾਪਤ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ। ਇਹ ਪਹਿਲ ਸੜਕ ਸੁਰੱਖਿਆ ਲਈ ਇੱਕ ਹੋਰ ਵਿਗਿਆਨਕ, ਡੇਟਾ-ਅਧਾਰਤ ਪਹੁੰਚ ਨੂੰ ਸਸ਼ਕਤ ਬਣਾਏਗੀ।
ਦ ਅਰਬਨ ਲੈਬ ਫਾਊਂਡੇਸ਼ਨ ਦੇ ਅਭਿਜੀਤ ਲੋਕਰੇ ਨੇ ਕਿਹਾ ਕਿ ਉਹ ਸੜਕ ਸੁਰੱਖਿਆ ਅਤੇ ਗਿਆਨ ਦੇ ਆਦਾਨ-ਪ੍ਰਦਾਨ ਸੰਬੰਧੀ ਪੰਜਾਬ ਪੁਲਿਸ (Punjab Police) ਦੇ ਯਤਨਾਂ ਨੂੰ ਸਮਝਣ ਦੀ ਉਮੀਦ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਸਹਿਯੋਗ ਟ੍ਰੈਫਿਕ ਪ੍ਰਬੰਧਨ ਅਤੇ ਜਨਤਕ ਸੁਰੱਖਿਆ ਨੂੰ ਬਿਹਤਰ ਬਣਾਉਣ ਵਿੱਚ ਬਹੁਤ ਪ੍ਰਭਾਵਸ਼ਾਲੀ ਸਾਬਤ ਹੋਵੇਗਾ। ਇਸ ਦੌਰਾਨ ਪੰਜਾਬ ਰੋਡ ਸੇਫਟੀ ਐਂਡ ਟ੍ਰੈਫਿਕ ਰਿਸਰਚ ਸੈਂਟਰ ਦੇ ਡਾਇਰੈਕਟਰ ਅਤੇ ਪੰਜਾਬ ਸਰਕਾਰ ਦੇ ਟ੍ਰੈਫਿਕ ਸਲਾਹਕਾਰ ਡਾ. ਨਵਦੀਪ ਅਸੀਜਾ ਵੀ ਮੌਜੂਦ ਸਨ।
Read More: Punjab Police: ਪੰਜਾਬ ਪੁਲਿਸ ਵੱਲੋਂ ਸੜਕ ਸੁਰੱਖਿਆ ਲਈ ਸੇਵ ਲਾਈਫ ਇੰਡੀਆ ਨਾ ਸਮਝੌਤਾ, ਇੰਝ ਕਰੇਗੀ ਕੰਮ