July 7, 2024 1:14 pm
China Dor

ਪੰਜਾਬ ਪੁਲਿਸ ਨੇ ਇੱਕ ਹਫ਼ਤੇ ‘ਚ ਚਾਈਨਾ ਡੋਰ ਦੇ 1502 ਬੰਡਲ ਕੀਤੇ ਜ਼ਬਤ, 56 ਗ੍ਰਿਫਤਾਰ

ਚੰਡੀਗੜ੍ਹ, 30 ਜਨਵਰੀ 2023: ਪੰਜਾਬ ਸਰਕਾਰ ਵੱਲੋਂ ਸਿੰਥੈਟਿਕ ਸਮੱਗਰੀ ਨਾਲ ਬਣੀਆਂ ਚਾਈਨਾ ਡੋਰ (China Dor) ਦੀ ਵਿਕਰੀ, ਸਟੋਰੇਜ਼ ਅਤੇ ਖਰੀਦ ‘ਤੇ ਪਾਬੰਦੀ ਲਗਾਉਣ ਦੇ ਹੁਕਮਾਂ ਤੋਂ ਇੱਕ ਹਫ਼ਤੇ ਬਾਅਦ ਪੰਜਾਬ ਪੁਲਿਸ ਨੇ ਪਤੰਗ ਉਡਾਉਣ ਲਈ ਵਰਤੀਆਂ ਜਾਣ ਵਾਲੀਆਂ ਮਾਰੂ ਚਾਈਨਾ ਡੋਰ ਵਿਰੁੱਧ ਵਿੱਢੀ ਮੁਹਿੰਮ ਤੇਜ਼ ਕਰ ਦਿੱਤੀ ਹੈ |

ਚਾਈਨਾ ਡੋਰ ਵੇਚਣ ਵਾਲਿਆਂ ਵਿਰੁੱਧ ਕੀਤੀ ਗਈ ਕਾਰਵਾਈ ਬਾਰੇ ਹਫ਼ਤਾਵਾਰੀ ਵੇਰਵੇ ਸਾਂਝੇ ਕਰਦਿਆਂ ਆਈਜੀ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ 50 ਐਫਆਈਆਰ ਦਰਜ ਕੀਤੀਆਂ ਹਨ, ਚਾਈਨਾ ਡੋਰ ਦੇ 1502 ਬੰਡਲ ਜ਼ਬਤ ਕੀਤੇ ਹਨ ਅਤੇ ਇਸ ਡੋਰ ਨੂੰ ਵੇਚਣ ਵਾਲੇ 56 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।

19 ਦਸੰਬਰ, 2022 ਤੋਂ ਹੁਣ ਤੱਕਪੰਜਾਬ ਪੁਲਿਸ ਨੇ ਚਾਈਨਾ ਡੋਰ (China Dor) ਵਿਰੁੱਧ ਮੁਹਿੰਮ ਸ਼ੁਰੂ ਕਰਕੇ 284 ਐਫਆਈਆਰ ਦਰਜ ਕੀਤੀਆਂ ਹਨ, ਚਾਈਨਾ ਡੋਰ ਦੇ ਕੁੱਲ 12,866 ਬੰਡਲ ਜ਼ਬਤ ਕੀਤੇ ਹਨ ਅਤੇ 311 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਪੁਲਿਸ ਚਾਈਨਾ ਡੋਰ ਖਰੀਦਣ/ਵੇਚਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰੇਗੀ। ਜ਼ਿਕਰਯੋਗ ਹੈ ਕਿ ਸੂਬੇ ਦੇ ਸਮੂਹ ਐੱਸਐੱਚਓਜ਼ ਨੂੰ ਛਾਪੇਮਾਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਕੋਈ ਵੀ ਆਪਣੇ ਅਧਿਕਾਰ ਖੇਤਰ ਵਿੱਚ ਚਾਈਨਾ ਡੋਰ ਨਾ ਵੇਚ ਸਕੇ।