ਚੰਡੀਗੜ੍ਹ, 13 ਫਰਵਰੀ 2025: ਪੰਜਾਬ ਪੁਲਿਸ (Punjab Police) ਵੱਲੋਂ ਧੋਖੇਬਾਜ਼ ਇਮੀਗ੍ਰੇਸ਼ਨ ਸਲਾਹਕਾਰਾਂ ‘ਤੇ ਆਪਣੀ ਕਾਰਵਾਈ ਜਾਰੀ ਰੱਖਦਿਆਂ ਵਿਸ਼ੇਸ਼ ਜਾਂਚ ਟੀਮ (SIT) ਨੇ ਟ੍ਰੈਵਲ ਏਜੰਟਾਂ ਵਿਰੁੱਧ ਦੋ ਹੋਰ ਐਫ.ਆਈ.ਆਰ ਦਰਜ ਕੀਤੀਆਂ ਹਨ, ਜਿਸ ਨਾਲ ਕੁੱਲ ਐਫ.ਆਈ.ਆਰ ਦੀ ਗਿਣਤੀ 10 ਹੋ ਗਈ ਹੈ।
ਇਹ ਦੋ ਐਫ.ਆਈ.ਆਰ ਉਨ੍ਹਾਂ ਏਜੰਟਾਂ ਵਿਰੁੱਧ ਦਰਜ ਕੀਤੀਆਂ ਹਨ ਜਿਨ੍ਹਾਂ ਨੇ ਕਥਿਤ ਤੌਰ ‘ਤੇ ਪੀੜਤਾਂ ਨੂੰ ਸੰਯੁਕਤ ਰਾਜ ਅਮਰੀਕਾ ‘ਚ ਗੈਰ-ਕਾਨੂੰਨੀ ਪ੍ਰਵੇਸ਼ ਦੀ ਸਹੂਲਤ ਦੇਣ ਦੇ ਝੂਠੇ ਵਾਅਦੇ ਕਰਕੇ ਧੋਖਾ ਦਿੱਤਾ ਸੀ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਸੀ।
ਪੁਲਿਸ (Punjab Police) ਨੇ ਇਸ ਸੰਬੰਧ ‘ਚ ਜਸਕਰਨ ਸਿੰਘ, ਮਹਿੰਦਰ ਸਿੰਘ, ਹਰਦੇਵ ਕੌਰ ਅਤੇ ਸੁਜਾਨ ਸਿੰਘ, ਸਾਰੇ ਵਾਸੀ ਟਾਹਲੀ, ਟਾਂਡਾ, ਜ਼ਿਲ੍ਹਾ ਹੁਸ਼ਿਆਰਪੁਰ ਵਿਰੁੱਧ ਐਫਆਈਆਰ ਨੰਬਰ 4, ਮਿਤੀ 11/2/2025 ਦਰਜ ਕੀਤੀ ਹੈ। ਇਸ ਦੇ ਨਾਲ ਹੀ, ਟਾਂਡਾ, ਹੁਸ਼ਿਆਰਪੁਰ ਦੇ ਏਜੰਟ ਹੈਪੀ ਅਤੇ ਤਰਨਤਾਰਨ ਦੇ ਏਜੰਟ ਗਿੱਲ ਵਿਰੁੱਧ ਭਾਰਤੀ ਦੰਡ ਸੰਹਿਤਾ (BNS) ਅਤੇ ਇਮੀਗ੍ਰੇਸ਼ਨ ਐਕਟ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਐਫਆਈਆਰ ਨੰਬਰ 5, ਮਿਤੀ 11/2/2025 ਨੂੰ ਪੁਲਿਸ ਸਟੇਸ਼ਨ ਐਨਆਰਆਈ ਹੁਸ਼ਿਆਰਪੁਰ ਵਿਖੇ ਦਰਜ ਕੀਤੀ ਹੈ।
ਏਡੀਜੀਪੀ ਪ੍ਰਵੀਨ ਸਿਨਹਾ ਦੀ ਅਗਵਾਈ ਵਾਲੀ ਐਸਆਈਟੀ, ਡਿਪੋਰਟੀਆਂ ਦੀਆਂ ਸ਼ਿਕਾਇਤਾਂ ਦੀ ਜਾਂਚ ਕਰ ਰਹੀ ਹੈ ਜਿਨ੍ਹਾਂ ਨੂੰ ਟ੍ਰੈਵਲ ਏਜੰਟਾਂ ਨੇ ਅਮਰੀਕਾ ‘ਚ ਗੈਰ-ਕਾਨੂੰਨੀ ਪ੍ਰਵੇਸ਼ ਦੇ ਝੂਠੇ ਵਾਅਦੇ ਕਰਕੇ ਧੋਖਾ ਦਿੱਤਾ ਸੀ। ਟੀਮ ਡਿਪੋਰਟ ਕੀਤੇ ਵਿਅਕਤੀਆਂ ਦੇ ਬਿਆਨ ਦਰਜ ਕਰ ਰਹੀ ਹੈ ਅਤੇ ਧੋਖੇਬਾਜ਼ ਟਰੈਵਲ ਏਜੰਟਾਂ ਵਿਰੁੱਧ ਐਫਆਈਆਰ ਦਰਜ ਕਰ ਰਹੀ ਹੈ।
ਡੀਜੀਪੀ ਗੌਰਵ ਯਾਦਵ ਨੇ ਧੋਖਾਧੜੀ ਵਾਲੇ ਇਮੀਗ੍ਰੇਸ਼ਨ ਨੈੱਟਵਰਕਾਂ ਵਿਰੁੱਧ ਕਾਰਵਾਈ ਕਰਨ ਅਤੇ ਨਾਗਰਿਕਾਂ ਦੇ ਸ਼ੋਸ਼ਣ ਨੂੰ ਖਤਮ ਕਰਨ ਲਈ ਪੰਜਾਬ ਪੁਲਿਸ ਦੀ ਦ੍ਰਿੜ ਵਚਨਬੱਧਤਾ ਪ੍ਰਗਟਾਈ।
ਉਨ੍ਹਾਂ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਨਾਲ ਕੋਈ ਵੀ ਜਾਣਕਾਰੀ ਸਾਂਝੀ ਕਰਨ ਜੋ ਇਨ੍ਹਾਂ ਮੁਲਜਮਾਂ ਨੂੰ ਫੜਨ ‘ਚ ਮੱਦਦ ਕਰ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਧੋਖਾਧੜੀ ਦੇ ਨੈੱਟਵਰਕਾਂ ਨੂੰ ਖ਼ਤਮ ਕਰਨ ਲਈ ਜਨਤਕ ਸਹਿਯੋਗ ਬਹੁਤ ਜ਼ਰੂਰੀ ਹੈ। ਲੋਕਾਂ ਨੂੰ ਇਸ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ ਤਾਂ ਜੋ ਦੂਸਰੇ ਅਜਿਹੇ ਧੋਖੇਬਾਜ਼ ਇਮੀਗ੍ਰੇਸ਼ਨ ਸਲਾਹਕਾਰਾਂ ਦੇ ਸ਼ਿਕਾਰ ਹੋਣ ਤੋਂ ਬਚ ਸਕਣ।
ਇਹ ਜ਼ਿਕਰਯੋਗ ਹੈ ਕਿ 2024 ਦੇ ਅਖੀਰ ‘ਚ ਪੰਜਾਬ ਪੁਲਿਸ ਦੇ ਐਨਆਰਆਈ ਮਾਮਲਿਆਂ ਦੇ ਵਿੰਗ ਅਤੇ ਸਾਈਬਰ ਕ੍ਰਾਈਮ ਵਿੰਗ ਨੇ ਪ੍ਰੋਟੈਕਟੋਰੇਟ ਆਫ਼ ਇਮੀਗ੍ਰੈਂਟਸ, ਚੰਡੀਗੜ੍ਹ ਦੇ ਤਾਲਮੇਲ ਨਾਲ, 43 ਟ੍ਰੈਵਲ ਏਜੰਸੀਆਂ ਵਿਰੁੱਧ ਬਿਨਾਂ ਲੋੜੀਂਦੇ ਲਾਇਸੈਂਸ ਦੇ ਸੋਸ਼ਲ ਮੀਡੀਆ ‘ਤੇ ਗੈਰ-ਕਾਨੂੰਨੀ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਵਿਦੇਸ਼ਾਂ ‘ਚ ਨੌਕਰੀਆਂ ਦਾ ਲਾਲਚ ਦੇਣ ਦੇ ਦੋਸ਼ ‘ਚ ਕੇਸ ਦਰਜ ਕੀਤਾ ਸੀ।
Read More: Amritsar: ਅੰਮ੍ਰਿਤਸਰ ਪੁਲਿਸ ਨੇ 5 ਨ.ਸ਼ਾ ਤ.ਸ.ਕ.ਰਾਂ ਨੂੰ ਕੀਤਾ ਕਾਬੂ, ਕੁਝ ਸਮਾਨ ਹੋਇਆ ਬਰਾਮਦ