ਚੰਡੀਗੜ੍ਹ, 22 ਫਰਵਰੀ 2025: ਪੰਜਾਬ ਪੁਲਿਸ ਨੇ 10 ਕਿੱਲੋ ਹੈਰੋਇਨ ਦੀ ਬਰਾਮਦਗੀ ਦੀ ਚੱਲ ਰਹੀ ਜਾਂਚ ਦੌਰਾਨ ਇੱਕ ਹੋਰ ਮਹੱਤਵਪੂਰਨ ਸਫਲਤਾ ਹਾਸਲ ਕੀਤੀ ਹੈ | ਕਾਊਂਟਰ ਇੰਟੈਲੀਜੈਂਸ (ਸੀਆਈ) ਅੰਮ੍ਰਿਤਸਰ ਨੇ ਹਰਮਨਦੀਪ ਸਿੰਘ ਦੇ ਬਿਆਨ ਦੇ ਆਧਾਰ ‘ਤੇ ਪਿੰਡ ਬੋਪਾਰਾਏ ਬਾਜ ਸਿੰਘ ‘ਚ ਨਹਿਰ ਦੇ ਨੇੜੇ ਲੁਕਾਈ 2 ਕਿੱਲੋ ਹੋਰ ਹੈਰੋਇਨ ਬਰਾਮਦ ਕੀਤੀ, ਜਿਸ ਨਾਲ ਕੁੱਲ ਜ਼ਬਤ 15 ਕਿਲੋ ਹੋ ਗਈ। ਇਹ ਜਾਣਕਾਰੀ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਵੱਲੋਂ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਪੰਜਾਬ ਪੁਲਿਸ ਵੱਲੋਂ ਅੰਮ੍ਰਿਤਸਰ ਦੇ ਪਿੰਡ ਘੁੰਮਣਪੁਰਾ ਦੇ ਨਸ਼ਾ ਤਸਕਰ ਹਰਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ‘ਚੋਂ 10 ਕਿੱਲੋ ਹੈਰੋਇਨ ਬਰਾਮਦ ਕਰਕੇ ਸਰਹੱਦ ਪਾਰੋਂ ਨਸ਼ਾ ਤਸਕਰੀ ਰੈਕੇਟ ਦਾ ਪਰਦਾਫਾਸ਼ ਕਰਨ ਤੋਂ ਕੁਝ ਦਿਨ ਬਾਅਦ ਕੀਤੀ ਗਈ ਹੈ। ਇਹ ਮੁਲਜ਼ਮ ਹਰਮਨਦੀਪ ਵੱਲੋਂ ਕੀਤੇ ਖੁਲਾਸੇ ਦੇ ਆਧਾਰ ‘ਤੇ ਦੂਜੀ ਵੱਡੀ ਰਿਕਵਰੀ ਹੈ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਪੁਲਿਸ ਟੀਮਾਂ ਨੇ ਹਰਮਨਦੀਪ ਦੇ ਸਾਥੀ ਲਵਪ੍ਰੀਤ ਸਿੰਘ ਦੇ ਕਬਜ਼ੇ ‘ਚੋਂ 3 ਕਿਲੋ ਹੈਰੋਇਨ ਬਰਾਮਦ ਕੀਤੀ ਸੀ ਅਤੇ ਉਸਨੂੰ ਵੀ ਗ੍ਰਿਫ਼ਤਾਰ ਕੀਤਾ ਸੀ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪਿਛਲੇ ਸਬੰਧਾਂ ਦੀ ਜਾਂਚ ਦੌਰਾਨ ਮੁਲਜ਼ਮ ਹਰਮਨਦੀਪ ਦੂਜੇ ਨੇ ਖੁਲਾਸਾ ਕੀਤਾ ਕਿ ਉਸਨੇ ਖੁਰਮਣੀਆਂ ਤੋਂ ਰਾਮ ਤੀਰਥ ਲਿੰਕ ਸੜਕ ‘ਤੇ ਪਿੰਡ ਬੋਪਾਰਾਏ ਬਾਜ ਸਿੰਘ ਨੇੜੇ ਨਹਿਰ ਦੇ ਕੰਢੇ ਰੱਖੀ ਇੱਕ ਇੱਟ ਦੇ ਹੇਠਾਂ 2 ਕਿਲੋ ਹੋਰ ਹੈਰੋਇਨ ਛੁਪਾਈ ਸੀ। ਇਸ ਜਾਣਕਾਰੀ ‘ਤੇ ਕਾਰਵਾਈ ਕਰਦਿਆਂ, ਸੀਆਈ ਅੰਮ੍ਰਿਤਸਰ ਦੀਆਂ ਟੀਮਾਂ ਨੇ ਮੁਲਜ਼ਮਾਂ ਦੁਆਰਾ ਦੱਸੀ ਜਗ੍ਹਾ ਤੋਂ 2 ਕਿਲੋ ਹੈਰੋਇਨ ਦੀ ਖੇਪ ਬਰਾਮਦ ਕੀਤੀ।
ਡੀਜੀਪੀ ਨੇ ਕਿਹਾ ਕਿ ਬਰਾਮਦ ਕੀਤੀ ਹੈਰੋਇਨ ਪਾਕਿਸਤਾਨ ਤੋਂ ਤਸਕਰੀ ਕੀਤੀ ਇੱਕ ਵੱਡੀ ਖੇਪ ਦਾ ਹਿੱਸਾ ਸੀ ਜਿਸਦੀ ਤਸਕਰੀ ਪਾਕਿਸਤਾਨ ਸਥਿਤ ਤਸਕਰ ਚਾਚਾ ਬਾਵਾ ਦੀ ਮਦਦ ਨਾਲ ਕੀਤੀ ਗਈ ਸੀ। ਇਹ ਧਿਆਨ ਦੇਣ ਯੋਗ ਹੈ ਕਿ ਚਾਚਾ ਬਾਵਾ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਡਰੋਨ ਦੀ ਵਰਤੋਂ ਕਰਦਾ ਸੀ। ਉਨ੍ਹਾਂ ਅੱਗੇ ਕਿਹਾ ਕਿ ਨੈੱਟਵਰਕ ਵਿੱਚ ਸ਼ਾਮਲ ਹੋਰ ਸਾਥੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਫੜਨ ਲਈ ਹੋਰ ਜਾਂਚ ਜਾਰੀ ਹੈ।
ਇਸ ਸਬੰਧ ਵਿੱਚ, ਐਨਡੀਪੀਐਸ ਐਕਟ ਦੀਆਂ ਧਾਰਾਵਾਂ 21, 25 ਅਤੇ 29 ਤਹਿਤ ਐਫਆਈਆਰ ਨੰਬਰ 8 ਮਿਤੀ 18.02.2025 ਨੂੰ ਪੁਲਿਸ ਸਟੇਸ਼ਨ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਅੰਮ੍ਰਿਤਸਰ ਵਿਖੇ ਦਰਜ ਕੀਤੀ ਗਈ ਸੀ। ਅਗਲੀ ਜਾਂਚ ਦੌਰਾਨ ਹੋਰ ਬਰਾਮਦਗੀਆਂ ਦੀ ਉਮੀਦ ਹੈ।
Read More: Amritsar News: ਅੰਮ੍ਰਿਤਸਰ ਪੁਲਿਸ ਨੇ ਚਾਰ ਨੌਵਜਾਨਾਂ ਨੂੰ ਕੀਤਾ ਗ੍ਰਿਫਤਾਰ, ਜਾਣੋ ਪੂਰਾ ਮਾਮਲਾ