ਚੰਡੀਗੜ੍ਹ/ਅੰਮ੍ਰਿਤਸਰ, 11 ਅਗਸਤ 2023: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਿਆਂ ਵਿਰੁੱਧ ਵਿੱਢੀ ਜੰਗ ਦੌਰਾਨ ਪੰਜਾਬ ਪੁਲਿਸ (PUNJAB POLICE) ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕਰਦਿਆਂ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ 5 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਹਰਪਾਲ ਸਿੰਘ ਉਰਫ਼ ਭੱਲਾ ਵਾਸੀ ਪਿੰਡ ਲੱਖਾ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ 5 ਕਿਲੋ ਹੈਰੋਇਨ ਬਰਾਮਦ ਕਰਨ ਤੋਂ ਇਲਾਵਾ ਉਸ ਕੋਲੋਂ ਬਜਾਜ ਪਲੈਟੀਨਾ ਮੋਟਰਸਾਈਕਲ ਬਰਾਮਦ ਕੀਤਾ ਹੈ ਜਿਸ ਦਾ ਰਜਿਸਟ੍ਰੇਸ਼ਨ ਨੰਬਰ ਪੀ.ਬੀ.46 ਟੀ 4291 ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇੰਟੈਲੀਜੈਂਸ ਅਧਾਰਿਤ ਕਾਰਵਾਈ ਦੌਰਾਨ ਅੰਮ੍ਰਿਤਸਰ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ ਤਰਨ ਤਾਰਨ ਦੇ ਡੇਰਾ ਰਾਧਾ ਸਵਾਮੀ ਨੇੜੇ ਪਿੰਡ ਵਾਂ ਤਾਰਾ ਸਿੰਘ-ਪਿੰਡ ਬਾਸਰਕੇ ਰੋਡ ‘ਤੇ ਵਿਸ਼ੇਸ਼ ਚੈਕਿੰਗ ਦੌਰਾਨ ਮੁਲਜ਼ਮ ਹਰਪਾਲ ਨੂੰ ਉਸ ਸਮੇਂ ਕਾਬੂ ਕੀਤਾ, ਜਦੋਂ ਉਹ ਆਪਣੇ ਪਲੈਟੀਨਾ ਮੋਟਰਸਾਈਕਲ ‘ਤੇ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਵਿਅਕਤੀ ਦੀ ਤਲਾਸ਼ੀ ਲੈਣ ‘ਤੇ ਪੁਲਿਸ ਟੀਮਾਂ ਨੇ ਉਸ ਦੇ ਕਬਜ਼ੇ ‘ਚੋਂ 5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ।
ਡੀਜੀਪੀ ਨੇ ਦੱਸਿਆ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਸਰਹੱਦ ਪਾਰੋਂ ਨਸ਼ਾ ਤਸਕਰੀ ਵਿੱਚ ਸਰਗਰਮੀ ਨਾਲ ਸ਼ਾਮਲ ਸੀ। ਉਹਨਾਂ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਹੈਰੋਇਨ ਦੀ ਇਹ ਖੇਪ ਡਰੋਨ ਰਾਹੀਂ ਭੇਜੀ ਗਈ ਹੈ।
ਹੋਰ ਵੇਰਵੇ ਸਾਂਝਾ ਕਰਦਿਆਂ ਏਆਈਜੀ ਐਸਐਸਓਸੀ ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਪਾਕਿਸਤਾਨ ਅਧਾਰਤ ਸਮੱਗਲਰਾਂ ਅਤੇ ਉਹਨਾਂ ਵਿਅਕਤੀਆਂ ਦੀ ਪਛਾਣ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਇਹ ਖੇਪ ਪ੍ਰਾਪਤ ਕਰਨੀ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਇਸ ਸੰਬਧੀ ਥਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਅੰਮ੍ਰਿਤਸਰ ਵਿਖੇ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ 21, 25 ਅਤੇ 29 ਤਹਿਤ ਐਫਆਈਆਰ ਨੰਬਰ 24 ਮਿਤੀ 10/08/23 ਨੂੰ ਮਾਮਲਾ ਦਰਜ ਕੀਤਾ ਗਿਆ ਹੈ।