Punjab Police

ਪੰਜਾਬ ‘ਚ ਗਣਤੰਤਰ ਦਿਵਸ ਦੇ ਮੱਦੇਨਜ਼ਰ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ

ਚੰਡੀਗੜ੍ਹ/ਫਿਰੋਜ਼ਪੁਰ/ਬਠਿੰਡਾ/ਪਟਿਆਲਾ, 24 ਜਨਵਰੀ 2025: ਪੰਜਾਬ ਸਰਕਾਰ ਨੇ ਅਗਲੇ ਤਿੰਨ ਸਾਲਾਂ ਦੌਰਾਨ ਪੁਲਿਸ ਇਮਾਰਤਾਂ, ਖਾਸ ਕਰਕੇ ਪੁਲਿਸ ਥਾਣਿਆਂ ਅਤੇ ਪੁਲਿਸ ਲਾਈਨਾਂ ਦੇ ਨਵੀਨੀਕਰਨ ਅਤੇ ਆਧੁਨਿਕਰਨ ਲਈ 426 ਕਰੋੜ ਰੁਪਏ ਦੀ ਗ੍ਰਾਂਟ ਨੂੰ ਪ੍ਰਵਾਨਗੀ ਦਿੱਤੀ ਹੈ। ਜਿਸ ਨਾਲ ਪੰਜਾਬ ਪੁਲਿਸ (Punjab Police) ਨੂੰ ਆਪਣੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ‘ਚ ਸਹਾਈ ਸਿੱਧ ਹੋਵੇਗਾ |

ਇਸ ਸੰਬੰਧੀ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਕਿਹਾ ਕਿ 426 ਕਰੋੜ ਰੁਪਏ ਦੀ ਇਸ ਰਕਮ ਦੀ ਵਰਤੋਂ ਪੰਜਾਬ ਭਰ ‘ਚ ਪੁਲਿਸ ਇਮਾਰਤਾਂ, ਖਾਸ ਕਰਕੇ ਪੁਲਿਸ ਥਾਣਿਆਂ, ਪੁਲਿਸ ਲਾਈਨਾਂ ਅਤੇ ਹੋਰ ਪੁਲਿਸ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ ਅਤੇ ਅਪਗ੍ਰੇਡ ਕਰਨ ਹੋਵੇਗੀ।” ਉਨ੍ਹਾਂ ਕਿਹਾ ਕਿ ਇਸ ਨਾਲ ਪੁਲਿਸ ਫੋਰਸ ਦੀ ਕੁਸ਼ਲਤਾ ਅਤੇ ਪ੍ਰਭਾਵਸ਼ੀਲਤਾ ਵਧੇਗੀ।

ਜ਼ਿਕਰਯੋਗ ਹੈ ਕਿ ਗਣਤੰਤਰ ਦਿਵਸ (Republic Day) ਮੱਦੇਨਜਰ ਡੀਜੀਪੀ ਪੰਜਾਬ ਨੇ ਕਾਨੂੰਨ ਵਿਵਸਥਾ ਦੀ ਸਥਿਤੀ ਦਾ ਜਾਇਜ਼ਾ ਲੈਣ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਫਿਰੋਜ਼ਪੁਰ, ਬਠਿੰਡਾ ਅਤੇ ਪਟਿਆਲਾ ਪੁਲਿਸ ਰੇਂਜਾਂ ਦਾ ਦੌਰਾ ਕੀਤਾ।

ਪੰਜਾਬ ਡੀਜੀਪੀ ਗੌਰਵ ਯਾਦਵ ਨੇ ਆਪਣੇ ਦੌਰੇ ਵੇਲੇ ਬਠਿੰਡਾ ‘ਚ ਮੁਰੰਮਤ ਕੀਤੇ ਕਾਨਫਰੰਸ ਹਾਲ ਦਾ ਉਦਘਾਟਨ ਕੀਤਾ ਅਤੇ ਪਟਿਆਲਾ ‘ਚ ਪੁਲਿਸ ਕੰਟਰੋਲ ਰੂਮ (ਪੀਸੀਆਰ) ਨੂੰ 20 ਮੋਟਰਸਾਈਕਲ ਸਮਰਪਿਤ ਕੀਤੇ। ਇਸ ਤੋਂ ਇਲਾਵਾ ਪੁਲਿਸ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ ਲਈ ਕਈ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਹ ਮੋਟਰਸਾਈਕਲ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (CSR) ਫੰਡਿੰਗ ਦੇ ਤਹਿਤ ਪਟਿਆਲਾ ਪੀਸੀਆਰ ‘ਚ ਸ਼ਾਮਲ ਕੀਤੇ ਹਨ।

ਪੰਜਾਬ ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਆਉਣ ਵਾਲੇ ਗਣਤੰਤਰ ਦਿਵਸ-2025 ਦੇ ਸੁਰੱਖਿਅਤ ਅਤੇ ਸ਼ਾਂਤੀਪੂਰਨ ਜਸ਼ਨ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਸੂਬੇ ਭਰ ‘ਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹਨ। ਉਨ੍ਹਾਂ ਕਿਹਾ ਕਿ ਸਾਰੇ ਸੀਪੀ/ਐਸਐਸਪੀ ਨੂੰ ਰਾਤ ਦੇ ਸਮੇਂ ਸੁਰੱਖਿਆ ਸਖ਼ਤ ਕਰਨ, ਗਸ਼ਤ ਤੇਜ਼ ਕਰਨ ਅਤੇ ਰਾਤ ਦੇ ਸਮੇਂ ‘ਚ ਨਾਈਟ ਡੋਮੀਨੇਸ਼ਨ ਆਪ੍ਰੇਸ਼ਨਾਂ ਨੂੰ ਹੋਰ ਤੇਜ਼ੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ।

ਵੱਖ-ਵੱਖ ਰੇਂਜਾਂ ਦੇ ਅਧਿਕਾਰੀਆਂ ਨਾਲ ਕਾਨੂੰਨ ਵਿਵਸਥਾ ਸਮੀਖਿਆ ਮੀਟਿੰਗਾਂ ਦੀ ਪ੍ਰਧਾਨਗੀ ਕਰਦਿਆਂ ਡੀਜੀਪੀ ਨੇ ਪੰਜਾਬ ਸਰਕਾਰ ਨਿਰਦੇਸ਼ਾਂ ਅਨੁਸਾਰ ਸੂਬੇ ‘ਚ ਸਖ਼ਤ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਅਲਰਟ ਅਤੇ ਜ਼ਰੂਰੀ ਜਾਣਕਾਰੀ ਸਾਂਝੀ ਕੀਤੀ।

ਡੀਜੀਪੀ ਨੇ ਸੀਪੀ/ਐਸਐਸਪੀ ਨੂੰ ਨਿਰਦੇਸ਼ ਦਿੱਤੇ ਕਿ ਉਹ ਜਨਤਕ ਥਾਵਾਂ ‘ਤੇ ਪੁਲਿਸ ਦੀ ਮੌਜੂਦਗੀ ਵਧਾਉਣ ਅਤੇ ਆਪਣੇ-ਆਪਣੇ ਖੇਤਰਾਂ ‘ਚ ਸੰਵੇਦਨਸ਼ੀਲ ਥਾਵਾਂ ‘ਤੇ ਨਿਗਰਾਨੀ ਅਤੇ ਗਸ਼ਤ ਵਧਾਉਣ। ਇਸ ਤੋਂ ਇਲਾਵਾ ਪੁਲਿਸ ਚੈੱਕ ਪੋਸਟਾਂ ਦੀ ਗਿਣਤੀ ਵਧਾਉਣ ਦੇ ਵੀ ਆਦੇਸ਼ ਜਾਰੀ ਕੀਤੇ ਹਨ।

ਖੇਡਾਂ ‘ਚ ਯੋਗਦਾਨ ਨੂੰ ਮਾਨਤਾ ਦਿੰਦਿਆਂ ਡੀਜੀਪੀ ਪੰਜਾਬ ਗੌਰਵ ਯਾਦਵ ਨੇ ‘ਯੂਥ ਕਨੈਕਟ’ ਪ੍ਰੋਗਰਾਮ ਤਹਿਤ, ਜ਼ਿਲ੍ਹਾ ਸੰਗਰੂਰ ‘ਚ ਨੌਜਵਾਨ ਖਿਡਾਰੀਆਂ ਨੂੰ ਸਿਖਲਾਈ ਦੇਣ ‘ਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ 6 ਕੋਚਾਂ ਨੂੰ ਤਰੱਕੀ ਦਿੱਤੀ ਹੈ। ਇਸ ਪਹਿਲ ਦਾ ਉਦੇਸ਼ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਹੈ ਤਾਂ ਜੋ ਉਨ੍ਹਾਂ ਨੂੰ ਨਸ਼ੇ ਤੋਂ ਦੂਰ ਰੱਖ ਕੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾ ਸਕੇ। ਇਸ ਪ੍ਰੋਗਰਾਮ ਰਾਹੀਂ, ਆਮ ਪਰਿਵਾਰਾਂ ਦੇ ਘੱਟੋ-ਘੱਟ 78 ਬੱਚਿਆਂ ਨੂੰ ਖੇਡਾਂ ‘ਚ ਉਨ੍ਹਾਂ ਦੀਆਂ ਪ੍ਰਾਪਤੀਆਂ ਦੇ ਆਧਾਰ ‘ਤੇ ਨੌਕਰੀਆਂ ਪ੍ਰਾਪਤ ਕਰਨ ‘ਚ ਮੱਦਦ ਕੀਤੀ ਹੈ।

ਇਸ ਮੌਕੇ ਡੀਜੀਪੀ ਵੱਲੋਂ ਪਟਿਆਲਾ ਰੇਂਜ ਦੇ ਪੰਜਾਬ ਪੁਲਿਸ (Punjab Police) ਅਧਿਕਾਰੀਆਂ ਨੂੰ ਆਪਣੀਆਂ ਡਿਊਟੀਆਂ ਪੂਰੀ ਲਗਨ, ਸਮਰਪਣ ਅਤੇ ਜੋਸ਼ ਨਾਲ ਨਿਭਾਉਣ ਲਈ ਪ੍ਰਸ਼ੰਸਾ ਡਿਸਕਾਂ ਨਾਲ ਸਨਮਾਨਿਤ ਵੀ ਕੀਤਾ | ਇਸ ਸਮੇਂ ਦੌਰਾਨ ਕੁੱਲ 46 ਅਧਿਕਾਰੀਆਂ ਨੂੰ ਡੀਜੀਪੀ ਡਿਸਕ ਨਾਲ ਸਨਮਾਨਿਤ ਕੀਤਾ ਗਿਆ |

Read More: China Dor: ਚੀਨੀ ਡੋਰ ਖ਼ਿਲਾਫ ਪੰਜਾਬ ਪੁਲਿਸ ਦੀ ਕਈਂ ਸ਼ਹਿਰਾਂ ‘ਚ ਛਾਪੇਮਾਰੀ, 90 FIR ਦਰਜ

Scroll to Top