ਚੰਡੀਗੜ੍ਹ/ਸ੍ਰੀ ਅਨੰਦਪੁਰ ਸਾਹਿਬ, 13 ਨਵੰਬਰ 2025: ਸਪੈਸ਼ਲ ਡੀਜੀਪੀ ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਨੂੰ ਲੈ ਕੇ ਪੰਜਾਬ ਪੁਲਿਸ ਨੇ ਸੰਗਤਾਂ ਦੀ ਸਹੂਲਤ ਅਤੇ ਸੁਰੱਖਿਆ ਲਈ ਉੱਨਤ ਨਿਗਰਾਨੀ, ਫੋਰਸ ਦੀ ਰਣਨੀਤਕ ਤਾਇਨਾਤੀ ਅਤੇ 24 ਘੰਟੇ ਤਾਲਮੇਲ ਸਥਾਪਤ ਕਰਕੇ ਵਿਆਪਕ, ਬਹੁ-ਪੱਧਰੀ ਸੁਰੱਖਿਆ ਵਾਲੀ ਅਤੇ ਸੁਵਿਧਾਜਨਕ ਯੋਜਨਾ ਲਾਗੂ ਕੀਤੀ ਹੈ।
ਸ੍ਰੀ ਅਨੰਦਪੁਰ ਸਾਹਿਬ ਵਿਖੇ 23 ਤੋਂ 25 ਨਵੰਬਰ, 2025 ਤੱਕ ਕਰਵਾਏ ਜਾਣ ਵਾਲੇ ਵਿਆਪਕ ਯਾਦਗਾਰੀ ਸਮਾਗਮਾਂ ‘ਚ ਦੁਨੀਆ ਭਰ ਤੋਂ ਵੱਡੀ ਗਿਣਤੀ ‘ਚ ਸੰਗਤਾਂ ਦੇ ਪਹੁੰਚਣ ਦੀ ਉਮੀਦ ਹੈ। ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਸਪੈਸ਼ਲ ਡੀਜੀਪੀ ਸੁਰੱਖਿਆ ਸੁਧਾਂਸ਼ੂ ਐਸ ਸ੍ਰੀਵਾਸਤਵ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ ਜ਼ਮੀਨੀ ਪੱਧਰ ‘ਤੇ ਵਿਆਪਕ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਸਮੀਖਿਆ ਬੈਠਕ ਦੌਰਾਨ ਏਡੀਜੀਪੀ ਕਾਨੂੰਨ ਅਤੇ ਵਿਵਸਥਾ ਐਸਪੀਐਸ ਪਰਮਾਰ ਅਤੇ ਐਸਐਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਵੀ ਮੌਜੂਦ ਸਨ।
ਸਪੈਸ਼ਲ ਡੀਜੀਪੀ ਨੇ ਦੱਸਿਆ ਕਿ ਸਮਾਗਮਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਯਕੀਨੀ ਬਣਾਉਣ ਲਈ ਏਡੀਜੀਪੀ ਰੈਂਕ ਦੇ ਨੋਡਲ ਅਫਸਰ ਦੀ ਨਿਗਰਾਨੀ ਹੇਠ ਲਗਭਗ 10,000 ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਸੱਤ ਆਈਜੀਜ਼/ਡੀਆਈਜੀਜ਼ ਰੈਂਕ ਦੇ ਅਧਿਕਾਰੀ, 22 ਕਮਾਂਡੈਂਟ, 45 ਐਸਪੀਜ਼ ਅਤੇ 94 ਡੀਐਸਪੀਜ਼ ਤਾਇਨਾਤ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸਾਰੇ ਆਉਣ-ਜਾਣ ਵਾਲੇ ਸਥਾਨਾਂ ‘ਤੇ ਚਿਹਰੇ ਦੀ ਪਛਾਣ ਕਰਨ ਵਾਲੀ ਤਕਨਾਲੋਜੀ ਨਾਲ ਲੈਸ 300 ਤੋਂ ਵੱਧ ਏਆਈ-ਸਮਰੱਥ ਸੀਸੀਟੀਵੀ ਕੈਮਰੇ, 10 ਪੀਟੀਜ਼ੈਡ ਕੈਮਰੇ, ਅਤੇ 25 ਏਐਨਪੀਆਰ (ਆਟੋਮੈਟਿਕ ਨੰਬਰ ਪਲੇਟ ਪਛਾਣ) ਕੈਮਰੇ ਲਗਾਏ ਹਨ ਅਤੇ ਇਨ੍ਹਾਂ ਦੀ ਨਿਗਰਾਨੀ ਲਈ ਇੱਕ ਉੱਚ-ਤਕਨੀਕੀ ਕੰਟਰੋਲ ਰੂਮ ਸਥਾਪਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੱਤ ਡਰੋਨ ਟੀਮਾਂ ਨਿਰੰਤਰ ਹਵਾਈ ਨਿਗਰਾਨੀ ਕਰਨਗੀਆਂ।
ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਕਿਹਾ, “ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਰੋਪੜ ਜ਼ਿਲ੍ਹੇ ਅਤੇ ਇਸਦੇ ਆਲੇ ਦੁਆਲੇ ਦੇ ਸਨੈਚਰਾਂ ਨਾਲ ਸਬੰਧਤ ਡੇਟਾ ਨੂੰ ਚਿਹਰੇ ਦੀ ਪਛਾਣ ਕਰਨ ਵਾਲੀ ਪ੍ਰਣਾਲੀ ਨਾਲ ਜੋੜਿਆ ਗਿਆ ਹੈ। ਕਾਨੂੰਨ ਵਿਵਸਥਾ ਨੂੰ ਬਿਹਤਰ ਢੰਗ ਨਾਲ ਬਣਾਈ ਰੱਖਣ ਲਈ ਮਾਊਂਟਡ ਪੁਲਿਸ ਪੈਟਰੋਲਿੰਗ ਅਤੇ ਸਮਾਰਟ ਬੈਰੀਕੇਡਾਂ ਦੀ ਵਰਤੋਂ ਵੀ ਕੀਤੀ ਜਾਵੇਗੀ।”
ਨਿਰਵਿਘਨ ਟ੍ਰੈਫਿਕ ਪ੍ਰਬੰਧਨ ਅਤੇ ਸੰਗਤਾਂ ਦੀ ਘੱਟ ਤੋਂ ਘੱਟ ਅਸੁਵਿਧਾ ਲਈ, ਜ਼ਿਲ੍ਹਾ ਪੁਲਿਸ ਨੇ ਆਈਆਈਟੀ ਰੋਪੜ ਨਾਲ ਮਿਲ ਕੇ ਅਸਲ-ਸਮੇਂ ਦੀ ਨਿਗਰਾਨੀ ਨਾਲ ਤਿਆਰ ਕੀਤੇ ਜਾ ਰਹੇ 101 ਏਕੜ ‘ਚ ਫੈਲੇ ਕੁੱਲ 35 ਪਾਰਕਿੰਗ ਸਥਾਨਾਂ ਦੀ ਵਿਗਿਆਨਕ ਢੰਗ ਨਾਲ ਮੈਪਿੰਗ ਕੀਤੀ ਹੈ। ਇਸ ਤੋਂ ਇਲਾਵਾ, 24 ਘੰਟੇ ਚੱਲਣ ਵਾਲੀਆਂ ਸ਼ਟਲ ਸੇਵਾਵਾਂ ਸੰਗਤਾਂ ਨੂੰ ਸਾਰੇ ਸਥਾਨਾਂ ਦੇ ਦਰਸ਼ਨਾਂ ਲਈ ਲੈ ਕੇ ਜਾਣਗੀਆਂ ਅਤੇ 10,000 ਸੰਗਤਾਂ ਦੀ ਕੁੱਲ ਸਮਰੱਥਾ ਵਾਲੀਆਂ ਤਿੰਨ ਟੈਂਟ ਸਿਟੀਆਂ ਸਥਾਪਤ ਕੀਤੀਆਂ ਜਾ ਰਹੀਆਂ ਹਨ।
ਇਸਦੇ ਨਾਲ ਹੀ ਹਾਈਵੇਅ ਦੇ ਨਾਲ ਇੱਕ ਸਮਰਪਿਤ ਪੈਦਲ ਸੜਕ ਅਤੇ ਵਾਹਨਾਂ ਦੀ ਆਵਾਜਾਈ ਨੂੰ ਨਿਯਮਤ ਕਰਨ ਲਈ 60 ਬਾਹਰੀ ਡਾਇਵਰਜੈਂਸ ਪੁਆਇੰਟ ਅਤੇ ਨਾਕੇ ਸਥਾਪਤ ਕੀਤੇ ਜਾਣਗੇ। ਸਪੈਸ਼ਲ ਡੀਜੀਪੀ ਨੇ ਇਹ ਵੀ ਦੱਸਿਆ ਕਿ ਸਮਾਗਮਾਂ ‘ਚ ਸ਼ਾਮਲ ਹੋਣ ਵਾਲੇ ਵੀਵੀਆਈਪੀ ਮਹਿਮਾਨਾਂ ਲਈ ਅੱਠ ਹੈਲੀਪੈਡ ਵੀ ਸਥਾਪਿਤ ਕੀਤੇ ਜਾ ਰਹੇ ਹਨ।
Read More: CM ਭਗਵੰਤ ਮਾਨ ਵੱਲੋਂ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਪਹਿਲੇ ਜੱਥੇ ਨੂੰ ਹਰੀ ਝੰਡੀ ਦੇ ਕੇ ਰਵਾਨਾ




