July 2, 2024 8:59 pm
Punjab Police

ਪੰਜਾਬ ਪੁਲਿਸ ਵਲੋਂ ਸੂਬੇ ਭਰ ‘ਚ ਤਲਾਸ਼ੀ ਅਭਿਆਨ ਸ਼ੁਰੂ, ਪੁਲਿਸ ਦੀ ਸਰਹੱਦੀ ਇਲਾਕਿਆਂ ‘ਤੇ ਤਿੱਖੀ ਨਜ਼ਰ

ਚੰਡੀਗੜ੍ਹ, 09 ਮਈ 2023: ਪੰਜਾਬ ਪੁਲਿਸ (Punjab Police) ਨੇ ਤਸਕਰਾਂ ਅਤੇ ਅਪਰਾਧਿਕ ਅਨਸਰਾਂ ‘ਤੇ ਨਕੇਲ ਕੱਸਣ ਦੇ ਮਕਸਦ ਨਾਲ ਸੂਬੇ ਭਰ ‘ਚ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਗਿਆ ਹੈ, ਜੋ ਕਿ 2 ਦਿਨ ਚੱਲੇਗਾ | ਪੰਜਾਬ ਦੇ ਡੀ.ਜੀ.ਪੀ. ਪੰਜਾਬ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਅਨੁਸਾਰ ਅੱਜ ਸਵੇਰੇ 10 ਵਜੇ ਤੋਂ ਲੈ ਕੇ 10 ਮਈ ਨੂੰ ਸ਼ਾਮ 7 ਵਜੇ ਤੱਕ ਇੱਕ ਵੱਡਾ ਅਪ੍ਰੇਸ਼ਨ ‘ਵਿਜੀਲ’ ਚਲਾਇਆ ਜਾਵੇਗਾ। ਸੂਬੇ ‘ਚ ਇਸ ਆਪਰੇਸ਼ਨ ਦੌਰਾਨ ਸੀਨੀਅਰ ਪੁਲਿਸ ਅਧਿਕਾਰੀ ਖੁਦ ਫੀਲਡ ‘ਚ ਉਤਰਨਗੇ।

ਇਸ ਦੌਰਾਨ ਨਸ਼ਾ ਤਸਕਰਾਂ, ਸਮਾਜ ਵਿਰੋਧੀ ਅਨਸਰਾਂ, ਅਪਰਾਧੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਸੂਬੇ ਦੀ ਸ਼ਾਂਤੀ ਨੂੰ ਬਰਕਰਾਰ ਰੱਖਣ ਦੇ ਮਕਸਦ ਨਾਲ ਸਰਚ ਅਭਿਆਨ ਚਲਾਇਆ ਜਾਵੇਗਾ। ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਅਤੇ ਭੀੜ-ਭੜੱਕੇ ਵਾਲੇ ਇਲਾਕਿਆਂ ‘ਤੇ ਤਿੱਖੀ ਨਜ਼ਰ ਰੱਖੀ ਜਾਵੇਗੀ। ਪੁਲਿਸ ਵੱਲੋਂ ਰਾਤ ਸਮੇਂ ਫਲੈਗ ਮਾਰਚ ਕੱਢਿਆ ਜਾਵੇਗਾ ਅਤੇ ਉੱਚ ਪੱਧਰੀ ਨਾਕੇ ਵੀ ਲਗਾਏ ਜਾਣਗੇ।

ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਵਾਹਨਾਂ ਦੀ ਵੀ ਚੈਕਿੰਗ ਕੀਤੀ ਜਾਵੇਗੀ। ਪੁਲਿਸ (Punjab Police) ਸਰਹੱਦੀ ਇਲਾਕਿਆਂ ‘ਤੇ ਤਿੱਖੀ ਨਜ਼ਰ ਰੱਖੇਗੀ। ਜ਼ਿਕਰਯੋਗ ਹੈ ਕਿ ਭਲਕੇ 10 ਮਈ ਨੂੰ ਜਲੰਧਰ ‘ਚ ਲੋਕ ਸਭਾ ਉਪ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਦੇ ਮੱਦੇਨਜ਼ਰ ਇਹ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।