ਚੰਡੀਗੜ੍ਹ/ਬਟਾਲਾ, 25 ਅਗਸਤ 2025: ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਬਟਾਲਾ ਪੁਲਿਸ ਨੇ ਪਾਕਿ-ਆਈਐਸਆਈ ਸਮਰਥਿਤ ਦੇਸ਼ ਵਿਰੋਧੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਚਾਰ ਐਸਪੀਐਲ ਐਚਜੀਆਰ-84 ਹੈਂਡ ਗ੍ਰਨੇਡ (ਜਿਸਨੂੰ ਆਰਗੇਸ ਐਚਜੀ-84 ਵੀ ਕਿਹਾ ਜਾਂਦਾ ਹੈ) ਅਤੇ ਇੱਕ ਕਾਲੇ ਧਾਤੂ ਦੇ ਡੱਬੇ ‘ਚ ਪੈਕ 2 ਕਿਲੋਗ੍ਰਾਮ ਆਰਡੀਐਕਸ-ਅਧਾਰਤ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਨੂੰ ਅੰਮ੍ਰਿਤਸਰ ਵੱਲ ਜਾਣ ਵਾਲੀ ਸੜਕ ਦੇ ਨੇੜੇ ਝਾੜੀਆਂ ‘ਚੋਂ ਬਰਾਮਦ ਕੀਤਾ ਗਿਆ ਹੈ।
ਪੰਜਾਬ ਪੁਲਿਸ ਮੁਤਾਬਕ ਪੁਲਿਸ ਟੀਮਾਂ ਨੇ ਇੱਕ ਬਾਓਫੇਂਗ ਡਿਊਲ-ਬੈਂਡ ਐਫਐਮ ਟ੍ਰਾਂਸਸੀਵਰ ਸੈੱਟ, ਇੱਕ ਡੀ-ਆਕਾਰ ਵਾਲਾ ਹੈੱਡਸੈੱਟ ਜੋ ਆਮ ਤੌਰ ‘ਤੇ ਵਾਕੀ-ਟਾਕੀ ਨਾਲ ਵਰਤਿਆ ਜਾਂਦਾ ਹੈ, ਸਮੇਤ ਹੋਰ ਡਿਵਾਈਸ ਵੀ ਬਰਾਮਦ ਕੀਤੇ ਹਨ।
ਡੀਜੀਪੀ ਗੌਰਵ ਯਾਦਵ ਮੁਤਾਬਕ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਖੇਪ ਯੂਕੇ ਅਧਾਰਤ ਬੀਕੇਆਈ ਦੇ ਨਿਸ਼ਾਨ ਸਿੰਘ ਉਰਫ ਨਿਸ਼ਾਨ ਜੋਡੀਆ, ਜੋ ਕਿ ਪਾਕਿ ਆਈਐਸਆਈ ਹਮਾਇਤ ਪ੍ਰਾਪਤ ਪਾਕਿਸਤਾਨ ਅਧਾਰਤ ਅੱ.ਤ.ਵਾ.ਦੀ ਹਰਵਿੰਦਰ ਸਿੰਘ ਰਿੰਦਾ ਦੇ ਇਸ਼ਾਰਿਆਂ ‘ਤੇ ਕੰਮ ਕਰ ਰਿਹਾ ਹੈ ਅਤੇ ਉਨ੍ਹਾਂ ਦੇ ਨਿਰਦੇਸ਼ਾਂ ‘ਤੇ ਰੱਖੀ ਸੀ।
ਪੰਜਾਬ ਡੀਜੀਪੀ ਨੇ ਦੱਸਿਆ ਕਿ ਇੱਕ ਮੁਲਜ਼ਮ ਦੀ ਪਛਾਣ ਰਵਿੰਦਰ ਪਾਲ ਸਿੰਘ ਉਰਫ਼ ਰਵੀ ਵਾਸੀ ਪਿੰਡ ਪੂਰੀਆ ਕਲਾਂ ਵਜੋਂ ਹੋਈ ਹੈ, ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇੱਕ ਹੋਰ ਮੁਲਜ਼ਮ ਦੀ ਪਛਾਣ ਕਰ ਲਈ ਹੈ ਅਤੇ ਪੁਲਿਸ ਟੀਮਾਂ ਵੱਲੋਂ ਉਸਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਸ ਬਾਰੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਬਟਾਲਾ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਹੋਰ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਨੇ ਗੈਂਗਸਟਰ ਨਿਸ਼ਾਨ ਸਿੰਘ ਉਰਫ਼ ਨਿਸ਼ਾਨ ਜੋਡੀਆ, ਜਿਸਨੇ ਵਿਸਫੋਟਕ ਛੁਪਾਉਣ ਅਤੇ ਪ੍ਰਾਪਤ ਕਰਨ ਦਾ ਪ੍ਰਬੰਧ ਕੀਤਾ ਸੀ, ਦੇ ਨਿਰਦੇਸ਼ਾਂ ‘ਤੇ ਇੱਕ ਡੈੱਡ ਲੈਟਰਬਾਕਸ ਤਕਨੀਕ ਜ਼ਰੀਏ ਖੇਪ ਇਕੱਠੀ ਕੀਤੀ ਸੀ।
ਐਸਐਸਪੀ ਨੇ ਦੱਸਿਆ ਕਿ ਨਿਸ਼ਾਨ ਜੋਡੀਆ ਨੂੰ ਗ੍ਰਿਫ਼ਤਾਰ ਕਰਨ ਅਤੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਭਾਰਤ ਵਾਪਸ ਡਿਪੋਰਟ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਸਬੰਧੀ, ਪੰਜਾਬ ਪੁਲਿਸ ਨੇ ਵਿਦੇਸ਼ ਮੰਤਰਾਲੇ ਅਤੇ ਬਰਮਿੰਘਮ ‘ਚ ਭਾਰਤ ਦੇ ਕੌਂਸਲੇਟ ਜਨਰਲ ਨਾਲ ਪੱਤਰ ਵਿਹਾਰ ਸ਼ੁਰੂ ਕੀਤਾ ਹੈ ਅਤੇ ਉਸ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ।
ਪੁਲਿਸ ਨੇ ਇਸ ਸਬੰਧੀ ਐਫ.ਆਈ.ਆਰ ਨੰਬਰ 129 ਮਿਤੀ 21.08.2025 ਨੂੰ ਥਾਣਾ ਸਦਰ ਬਟਾਲਾ ਵਿਖੇ ਵਿਸਫੋਟਕ ਪਦਾਰਥ ਐਕਟ ਦੀ ਧਾਰਾ 3 ਅਤੇ 4 ਤਹਿਤ ਦਰਜ ਕੀਤੀ ਸੀ। ਇਸ ਮਾਮਲੇ ਦੀ ਅਗਲੀ ਜਾਂਚ ਦੌਰਾਨ ਜਿਵੇਂ ਜਿਵੇਂ ਇਨ੍ਹਾਂ ਨੈੱਟਵਰਕਾਂ ਦੀ ਸ਼ਮੂਲੀਅਤ ਸਪੱਸ਼ਟ ਹੁੰਦੀ ਗਈ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ.ਏ.ਪੀ.ਏ.) ਦੀਆਂ ਸੰਬੰਧਿਤ ਧਾਰਾਵਾਂ ਵੀ ਕੇਸ ਵਿੱਚ ਸ਼ਾਮਲ ਕੀਤੀਆਂ ਹਨ।
Read More: Punjab Police: ਪੰਜਾਬ ਪੁਲਿਸ ਦੀ ਭ੍ਰਿਸ਼ਟਾਚਾਰ ਖ਼ਿਲਾਫ ਵੱਡੀ ਕਾਰਵਾਈ, 52 ਪੁਲਿਸ ਅਧਿਕਾਰੀ ਬਰਖਾਸਤ