ਆਜ਼ਾਦੀ ਦਿਵਸ 2025

ਪੰਜਾਬ ਪੁਲਿਸ ਨੇ ਪੁੱਛਗਿੱਛ ਲਈ 72 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ‘ਚ ਲਿਆ

ਚੰਡੀਗੜ੍ਹ, 08 ਅਗਸਤ 2025: ਪੰਜਾਬ ਪੁਲਿਸ ਨੇ ਆਉਣ ਵਾਲੇ ਆਜ਼ਾਦੀ ਦਿਵਸ 2025 ਨੂੰ ਸ਼ਾਂਤੀਪੂਰਨ ਅਤੇ ਸੁਰੱਖਿਅਤ ਢੰਗ ਨਾਲ ਮਨਾਉਣ ਲਈ ਸੂਬੇ ਭਰ ‘ਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ, ਸ਼ੁੱਕਰਵਾਰ ਨੂੰ ਪੰਜਾਬ ਭਰ ਦੇ 151 ਰੇਲਵੇ ਸਟੇਸ਼ਨਾਂ ‘ਤੇ ਇੱਕੋ ਸਮੇਂ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ (CASO) ਚਲਾਈ ਗਈ।

ਇਹ ਕਾਰਵਾਈ ਸਾਰੇ 28 ਜ਼ਿਲ੍ਹਿਆਂ ‘ਚ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਦੇ ਨਿਰਦੇਸ਼ਾਂ ਅਤੇ ਵਿਸ਼ੇਸ਼ ਡੀਜੀਪੀ (ਕਾਨੂੰਨ ਅਤੇ ਵਿਵਸਥਾ) ਅਰਪਿਤ ਸ਼ੁਕਲਾ ਦੀ ਨਿਗਰਾਨੀ ਹੇਠ ਕੀਤੀ। ਇਸ ਕਾਰਵਾਈ ਦੌਰਾਨ, ਰੇਲਵੇ ਸਟੇਸ਼ਨਾਂ ‘ਤੇ ਆਉਣ-ਜਾਣ ਵਾਲੇ ਯਾਤਰੀਆਂ ਦੀ ਜਾਂਚ ਕੀਤੀ ਅਤੇ ਪੁੱਛਗਿੱਛ ਲਈ 72 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ‘ਚ ਲਿਆ ਗਿਆ।

ਉਸੇ ਦਿਨ ਪੰਜਾਬ ਪੁਲਿਸ ਨੇ ਨਸ਼ਾ ਤਸਕਰਾਂ ਵਿਰੁੱਧ ਆਪਣੀ ਚੱਲ ਰਹੀ ਕਾਰਵਾਈ ਦੇ 160ਵੇਂ ਦਿਨ ਵੀ ਜਾਰੀ ਰੱਖਿਆ। ਸੂਬੇ ਭਰ ‘ਚ 352 ਥਾਵਾਂ ‘ਤੇ ਛਾਪੇਮਾਰੀ ਕੀਤੀ, ਜਿਸ ‘ਚ 59 ਮਾਮਲੇ ਦਰਜ ਕੀਤੇ ਗਏ ਅਤੇ 96 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਉਨ੍ਹਾਂ ਤੋਂ 1.2 ਕਿਲੋ ਹੈਰੋਇਨ, 1.1 ਕਿਲੋ ਅਫੀਮ, 12,627 ਨਸ਼ੀਲੀਆਂ ਗੋਲੀਆਂ ਅਤੇ 2.3 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਹੁਣ ਤੱਕ, 160 ਦਿਨਾਂ ‘ਚ 25,149 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

‘ਨਸ਼ਾ ਛੁਡਾਊ’ ਪਹਿਲਕਦਮੀ ਦੇ ਤਹਿਤ, ਪੁਲਿਸ ਨੇ 53 ਜਣਿਆਂ ਨੂੰ ਨਸ਼ਾ ਛੱਡਣ ਅਤੇ ਮੁੜ ਵਸੇਬੇ ਦਾ ਇਲਾਜ ਕਰਵਾਉਣ ਲਈ ਰਾਜ਼ੀ ਕੀਤਾ। ਇਸ ਸੁਰੱਖਿਆ ਅਤੇ ਤਲਾਸ਼ੀ ਮੁਹਿੰਮ ‘ਚ 232 ਤੋਂ ਵੱਧ ਪੁਲਿਸ ਟੀਮਾਂ ਅਤੇ 106 ਗਜ਼ਟਿਡ ਅਧਿਕਾਰੀਆਂ ਨੇ ਹਿੱਸਾ ਲਿਆ। ਪੂਰਾ ਦਿਨ ਚੱਲੇ ਇਸ ਆਪ੍ਰੇਸ਼ਨ ਵਿੱਚ 375 ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਗਈ।

Read More: ਆਜ਼ਾਦੀ ਦਿਵਸ ਦੇ ਮੱਦੇਨਜ਼ਰ ਪੰਜਾਬ ਪੁਲਿਸ ਵੱਲੋਂ ਸੂਬੇ ਭਰ ਦੇ 213 ਬੱਸ ਅੱਡਿਆਂ ‘ਤੇ ਕੀਤੀ ਤਲਾਸ਼ੀ

Scroll to Top