27 ਅਕਤੂਬਰ 2024: ਪੰਜਾਬ ਪੁਲਿਸ (Punjab Police) ਨੇ ਖੁਫੀਆ ਸੂਚਨਾ ਦੇ ਆਧਾਰ ‘ਤੇ ਕੀਤੀ ਗਈ ਕਾਰਵਾਈ ਦੌਰਾਨ ਸਰਹੱਦ ਪਾਰੋਂ ਤਸਕਰੀ ਦੇ ਇੱਕ ਰੈਕੇਟ ਦਾ ਪਰਦਾਫਾਸ਼ ਕੀਤਾ ਹੈ ਅਤੇ ਹੁਣ ਤੱਕ ਦੀ ਸਭ ਤੋਂ ਵੱਡੀ ਹੈਰੋਇਨ ਜ਼ਬਤ ਕੀਤੀ ਹੈ। ਇਸ ਕਾਰਵਾਈ ਵਿੱਚ ਪੁਲੀਸ ਨੇ 105 ਕਿਲੋ ਹੈਰੋਇਨ, 31.93 ਕਿਲੋ ਕੈਫੀਨ ਐਨਹਾਈਡ੍ਰਸ, 17 ਕਿਲੋ ਡੀਐਮਆਰ (ਡਾਈਮੇਥਾਈਲ ਡਾਈਥੋਕਸੀ ਬੈਂਜ਼ਾਈਲ) ਅਤੇ ਭਾਰੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਨਸ਼ਾ ਤਸਕਰ ਨਵਪ੍ਰੀਤ ਸਿੰਘ ਨਵ ਭੁੱਲਰ ਦੇ ਦੋ ਸਾਥੀ ਨਵਜੋਤ ਸਿੰਘ ਅਤੇ ਲਵਪ੍ਰੀਤ ਕੁਮਾਰ (Navjot Singh and Lovepreet Kumar) ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਤਸਕਰੀ ਲਈ ਜਲ ਮਾਰਗਾਂ ਦੀ ਵਰਤੋਂ
ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ ਦੀ ਢੋਆ-ਢੁਆਈ ਲਈ ਜਲ ਮਾਰਗ ਦੀ ਵਰਤੋਂ ਕੀਤੀ ਜਾਂਦੀ ਸੀ। ਪੁਲਿਸ ਨੇ ਟਾਇਰਾਂ ਤੋਂ ਰਬੜ ਦੀਆਂ ਵੱਡੀਆਂ ਟਿਊਬਾਂ ਵੀ ਬਰਾਮਦ ਕੀਤੀਆਂ ਹਨ, ਜੋ ਦਰਸਾਉਂਦੀਆਂ ਹਨ ਕਿ ਇਨ੍ਹਾਂ ਦੀ ਵਰਤੋਂ ਪਾਣੀ ਦੇ ਰਸਤੇ ਰਾਹੀਂ ਤਸਕਰੀ ਦੌਰਾਨ ਕੀਤੀ ਗਈ ਸੀ।
ਹਥਿਆਰਾਂ ਦੀ ਵੱਡੀ ਖੇਪ ਵੀ ਬਰਾਮਦ ਹੋਈ
ਤਸਕਰਾਂ ਕੋਲੋਂ 5 ਵਿਦੇਸ਼ੀ ਪਿਸਤੌਲ ਅਤੇ 1 ਦੇਸੀ ਬਣਿਆ ਪਿਸਤੌਲ ਵੀ ਬਰਾਮਦ ਹੋਇਆ ਹੈ, ਜਿਸ ਤੋਂ ਇਸ ਅੰਤਰਰਾਸ਼ਟਰੀ ਨਸ਼ਾ ਤਸਕਰੀ ਦੀ ਗੰਭੀਰਤਾ ਦਾ ਪਤਾ ਲੱਗਦਾ ਹੈ। ਇਸ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਅੰਮ੍ਰਿਤਸਰ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ।
ਪੁਲਿਸ ਜਾਂਚ ਜਾਰੀ
ਪੁਲਿਸ ਹੁਣ ਇਸ ਨਸ਼ਾ ਤਸਕਰੀ ਦੇ ਹੋਰ ਮੈਂਬਰਾਂ ਨੂੰ ਫੜਨ ਲਈ ਜਾਂਚ ਨੂੰ ਅੱਗੇ ਵਧਾ ਰਹੀ ਹੈ। ਬੈਕਵਰਡ ਅਤੇ ਫਾਰਵਰਡ ਲਿੰਕਸ ਸਥਾਪਤ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਇਸ ਨੈਟਵਰਕ ਵਿੱਚ ਸ਼ਾਮਲ ਹੋਰ ਅਪਰਾਧੀਆਂ ਨੂੰ ਵੀ ਕਾਬੂ ਕੀਤਾ ਜਾ ਸਕੇ।