ਚੰਡੀਗੜ੍ਹ, 19 ਫਰਵਰੀ 2025: ਪੰਜਾਬ ਪੁਲਿਸ (Punjab Police) ਮੁਤਾਬਕ ਕਾਊਂਟਰ ਇੰਟੈਲੀਜੈਂਸ ਟੀਮ ਨੇ ਪਾਕਿਸਤਾਨ ਸਥਿਤ ਬਦਨਾਮ ਤਸਕਰ ਚਾਚਾ ਬਾਵਾ ਦੇ ਇੱਕ ਹੈਂਡਲਰ (Heroin) ਨੂੰ 10 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।
ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਹਰਮਨਦੀਪ ਸਿੰਘ ਵਜੋਂ ਹੋਈ ਹੈ, ਜੋ ਕਿ ਅੰਮ੍ਰਿਤਸਰ ਦੇ ਪਿੰਡ ਘੁੰਮਣਪੁਰਾ ਦਾ ਰਹਿਣ ਵਾਲਾ ਹੈ। ਹੈਰੋਇਨ ਬਰਾਮਦ ਕਰਨ ਤੋਂ ਇਲਾਵਾ, ਪੁਲਿਸ ਟੀਮਾਂ ਨੇ ਉਸ ਦੀ ਕਾਲੇ ਰੰਗ ਦੀ ਹੀਰੋ ਸਪਲੈਂਡਰ ਮੋਟਰਸਾਈਕਲ (PB02EW5675) ਵੀ ਜ਼ਬਤ ਕਰ ਲਈ ਹੈ, ਜਿਸ ‘ਤੇ ਉਹ ਸਵਾਰ ਸੀ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਸੀਆਈ ਅੰਮ੍ਰਿਤਸਰ ਦੀ ਟੀਮ ਨੂੰ ਇੱਕ ਭਰੋਸੇਯੋਗ ਜਾਣਕਾਰੀ ਮਿਲੀ ਸੀ ਕਿ ਮੁਲਜ਼ਮ ਹਰਮਨਦੀਪ ਨੇ ਪਾਕਿਸਤਾਨ ਸਥਿਤ ਨਸ਼ਾ ਤਸਕਰਾਂ ਨਾਲ ਸਬੰਧ ਸਥਾਪਿਤ ਕੀਤੇ ਹਨ ਅਤੇ ਹਾਲ ਹੀ ‘ਚ ਪਾਕਿਸਤਾਨ ਤੋਂ ਹੈਰੋਇਨ ਦੀ ਇੱਕ ਵੱਡੀ ਖੇਪ ਮਿਲੀ ਹੈ, ਜਿਸ ਨੂੰ ਉਹ ਅੰਮ੍ਰਿਤਸਰ ਵਿੱਚ ਡੇਰਾ ਰਾਧਾ ਸਵਾਮੀ ਨੇੜੇ ਰਾਮ ਤੀਰਥ ਰੋਡ, ਮੋੜ ਪਿੰਡ ਕਾਲੇ ਵਿਖੇ ਕਿਸੇ ਨੂੰ ਪਹੁੰਚਾਉਣ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸੂਚਨਾਵਾਂ ‘ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਸੀਆਈ ਅੰਮ੍ਰਿਤਸਰ ਨੇ ਖੁਫੀਆ ਜਾਣਕਾਰੀ ‘ਤੇ ਅਧਾਰਤ ਕਾਰਵਾਈ ਸ਼ੁਰੂ ਕੀਤੀ ਹੈ ਅਤੇ ਅੰਮ੍ਰਿਤਸਰ ਦੇ ਰਾਮ ਤੀਰਥ ਰੋਡ ‘ਤੇ ਸਥਾਪਤ ਇੱਕ ਵਿਸ਼ੇਸ਼ ਪੁਲਿਸ (Punjab Police) ਨਾਕੇ ‘ਤੇ ਹਰਮਨਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਤਲਾਸ਼ੀ ਦੌਰਾਨ ਮੁਲਜ਼ਮ ਤੋਂ 10 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।
ਡੀਜੀਪੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫਤਾਰ ਮੁਲਜ਼ਮ ਲਗਾਤਾਰ ਪਾਕਿਸਤਾਨ ਸਥਿਤ ਤਸਕਰ ਚਾਚਾ ਬਾਵਾ ਦੇ ਸੰਪਰਕ ‘ਚ ਸੀ, ਜਿਸਨੇ ਸੂਬੇ ਦੇ ਹੋਰ ਹਿੱਸਿਆਂ ਨੂੰ ਸਪਲਾਈ ਕਰਨ ਲਈ ਅਟਾਰੀ ਸੈਕਟਰ ‘ਚ ਡਰੋਨ ਰਾਹੀਂ ਹੈਰੋਇਨ ਦੀ ਖੇਪ ਭੇਜੀ ਸੀ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪਿਛਲੇ ਅਤੇ ਅਗਲੇ ਸਬੰਧ ਸਥਾਪਤ ਕਰਨ ਅਤੇ ਇਸ ਨਸ਼ਾ ਤਸਕਰੀ ਰੈਕੇਟ ‘ਚ ਸ਼ਾਮਲ ਹੋਰ ਸਾਥੀਆਂ ਦੀ ਪਛਾਣ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਹੋਰ ਬਰਾਮਦਗੀ ਅਤੇ ਗ੍ਰਿਫ਼ਤਾਰੀਆਂ ਦੀ ਸੰਭਾਵਨਾ ਹੈ।
ਇਸ ਸਬੰਧ ‘ਚ, ਪੁਲਿਸ ਸਟੇਸ਼ਨ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਅੰਮ੍ਰਿਤਸਰ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21, 25 ਅਤੇ 29 ਤਹਿਤ ਐਫਆਈਆਰ ਨੰਬਰ 8 ਮਿਤੀ 18.02.2025 ਦਰਜ ਕੀਤੀ ਹੈ।
Read More: Amritsar News: ਪੁਲਿਸ ਨੇ ਅੰਮ੍ਰਿਤਸਰ ‘ਚ 30 ਕਿੱਲੋ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ