ਪੰਜਾਬ, 19 ਅਗਸਤ 2025: ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ ਅੱ.ਤ.ਵਾ.ਦ ਫੈਲਾਉਣ ਦੀ ਇੱਕ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਪੰਜਾਬ ਪੁਲਿਸ ਮੁਤਾਬਕ ਬੀਕੇਆਈ ਨਾਲ ਜੁੜੇ ਨੈੱਟਵਰਕ ਦਾ ਪਰਦਾਫਾਸ਼ ਕਰਦੇ ਹੋਏ ਪੁਲਿਸ ਨੇ 86 ਪੀ ਹੈਂਡ ਗ੍ਰਨੇਡ ਬਰਾਮਦ ਕੀਤੇ ਹਨ।
ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਕਾਊਂਟਰ ਇੰਟੈਲੀਜੈਂਸ ਨੇ ਰਾਜਸਥਾਨ ਤੋਂ ਰਿਤਿਕ ਨਰੋਲੀਆ ਅਤੇ ਇੱਕ ਨਾਬਾਲਗ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਦੋਵਾਂ ਤੋਂ ਪੁੱਛਗਿੱਛ ਦੌਰਾਨ ਮਿਲੇ ਸੁਰਾਗਾਂ ਦੇ ਆਧਾਰ ‘ਤੇ, ਪੁਲਿਸ ਉਨ੍ਹਾਂ ਦੇ ਹੋਰ ਸਾਥੀਆਂ ਤੱਕ ਪਹੁੰਚਣ ‘ਚ ਕਾਮਯਾਬ ਰਹੀ। ਮੁਲਜ਼ਮ ਵਿਸ਼ਵਜੀਤ ਨੂੰ ਕੋਲਕਾਤਾ ਤੋਂ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਉਹ ਮਲੇਸ਼ੀਆ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਦੋਂ ਕਿ ਜੈਕਸਨ ਨੂੰ ਨਕੋਦਰ ਤੋਂ ਫੜਿਆ ਗਿਆ ਸੀ। ਇਨ੍ਹਾਂ ਗ੍ਰਿਫ਼ਤਾਰੀਆਂ ਕਾਰਨ ਗ੍ਰਨੇਡ ਬਰਾਮਦ ਹੋਏ ਅਤੇ ਸਮੇਂ ਸਿਰ ਇੱਕ ਸੰਭਾਵੀ ਵੱਡੀ ਘਟਨਾ ਨੂੰ ਰੋਕਿਆ ਗਿਆ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੂਰਾ ਮਾਡਿਊਲ ਕੈਨੇਡਾ ਸਥਿਤ ਬੀਕੇਆਈ ਕਿੰਗਪਿਨ ਜ਼ੀਸ਼ਾਨ ਅਖਤਰ ਅਤੇ ਅਜੈ ਗਿੱਲ ਦੇ ਨਿਰਦੇਸ਼ਾਂ ‘ਤੇ ਸਰਗਰਮ ਸੀ। ਪੁਲਿਸ ਜਾਂਚ ‘ਚ ਸਾਹਮਣੇ ਆਇਆ ਕਿ ਜੁਲਾਈ ਦੇ ਆਖਰੀ ਹਫ਼ਤੇ ਮੁਲਜ਼ਮ ਵਿਸ਼ਵਜੀਤ ਅਤੇ ਜੈਕਸਨ ਨੇ ਆਪਣੇ ਸਾਥੀਆਂ ਦੀ ਮੱਦਦ ਨਾਲ ਬਿਆਸ ਤੋਂ ਦੋ ਹੈਂਡ ਗ੍ਰਨੇਡ ਪ੍ਰਾਪਤ ਕੀਤੇ ਸਨ।
ਡੀਜੀਪੀ ਨੇ ਖੁਲਾਸਾ ਕੀਤਾ ਕਿ ਇਨ੍ਹਾਂ ‘ਚੋਂ ਇੱਕ ਗ੍ਰਨੇਡ ਦੀ ਵਰਤੋਂ ਲਗਭਗ 10 ਦਿਨ ਪਹਿਲਾਂ ਐਸਬੀਐਸ ਨਗਰ ‘ਚ ਇੱਕ ਸ਼ਰਾਬ ਦੀ ਦੁਕਾਨ ‘ਚ ਧਮਾਕਾ ਕਰਨ ਲਈਕੀਤਾ ਗਿਆ | ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਨੈੱਟਵਰਕ ਲਗਾਤਾਰ ਸੂਬੇ ‘ਚ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।
ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ‘ਚ ਅੰਮ੍ਰਿਤਸਰ ਸਥਿਤ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ‘ਚ ਐਫ.ਆਈ.ਆਰ ਦਰਜ ਕੀਤੀ ਹੈ। ਪੁਲਿਸ ਹੁਣ ਗ੍ਰਿਫ਼ਤਾਰ ਕੀਤੇ ਗਏ ਮੁਲਜਮਾਂ ਤੋਂ ਪੁੱਛਗਿੱਛ ਕਰਕੇ ਨੈੱਟਵਰਕ ਦੇ ਹੋਰ ਮੈਂਬਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ |




