ਚੰਡੀਗੜ੍ਹ, 22 ਅਗਸਤ 2024: ਪੰਜਾਬ ਪੁਲਿਸ ਨੇ 2016 ਦੇ ਨਾਭਾ ਜੇਲ੍ਹ ਬ੍ਰੇਕ ਕਾਂਡ (Nabha jail break case) ਦੇ ਮੁੱਖ ਸਾਜਿਸ਼ਕਰਤਾ ਰਮਨਜੀਤ ਸਿੰਘ ਉਰਫ਼ ਰੋਮੀ ਦੀ ਹਾਂਗਕਾਂਗ ਤੋਂ ਸੁਰੱਖਿਅਤ ਹਵਾਲਗੀ ਤੋਂ ਬਾਅਦ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਵੱਲੋਂ ਅੱਜ ਭਾਰਤ ਵਾਪਸ ਲਿਆਂਦਾ ਹੈ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲਿਸ ਦੀਆਂ ਕੋਸ਼ਿਸ਼ਾਂ ਸਦਕਾ ਅੱਜ ਮੁੱਖ ਸਾਜ਼ਿਸ਼ਕਰਤਾ ਰੋਮੀ ਨੂੰ ਵਾਪਸ ਭਾਰਤ ਲਿਆਂਦਾ ਗਿਆ ਹੈ। ਡੀਜੀਪੀ ਮੁਤਾਬਕ ਰਮਨਜੀਤ ਸਿੰਘ ਆਈ.ਐੱਸ.ਆਈ ਅਤੇ ਕੇ.ਐੱਲ.ਐੱਫ ਦੇ ਫਰਾਰ ਕੈਦੀਆਂ ਸਮੇਤ ਹਰਮਿੰਦਰ ਸਿੰਘ ਮਿੰਟੂ ਅਤੇ ਕਸ਼ਮੀਰ ਸਿੰਘ ਗਲਵੱਡੀ ਦੇ ਸੰਪਰਕ ‘ਚ ਸੀ | ਡੀਜੀਪੀ ਨੇ ਇਸ ਸਫਲਤਾ ਲਈ ਸੀਬੀਆਈ, ਗ੍ਰਹਿ ਮੰਤਰਾਲੇ, ਵਿਦੇਸ਼ ਮੰਤਰਾਲੇ ਅਤੇ ਹੋਰ ਸਾਰੀਆਂ ਕੇਂਦਰੀ ਏਜੰਸੀਆਂ ਦਾ ਧੰਨਵਾਦ ਕੀਤਾ ਹੈ |
ਪੁਲਿਸ ਮੁਤਾਬਕ ਰਮਨਜੀਤ ਸਿੰਘ ਰੋਮੀ ਨੇ 27 ਨਵੰਬਰ 2016 ਨੂੰ ਸਵੇਰੇ 9 ਵਜੇ ਦੇ ਕਰੀਬ ਵਾਪਰੇ ਨਾਭਾ ਜੇਲ੍ਹ ਬ੍ਰੇਕ ਕਾਂਡ (Nabha jail break case) ‘ਚ ਅਹਿਮ ਭੂਮਿਕਾ ਨਿਭਾਈ ਸੀ। ਇਸ ਕਾਂਡ ‘ਚ ਬਦਮਾਸ਼ਾਂ ਨੇ ਪੁਲਿਸ ਦੀ ਵਰਦੀ ਪਾ ਕੇ ਜੇਲ੍ਹ ‘ਚ ਘੁਸਪੈਠ ਕੀਤੀ ਅਤੇ ਇਸ ਦੌਰਾਨ 6 ਖਤਰਨਾਕ ਕੈਦੀਆਂ/ਬਦਮਾਸ਼ਾਂ ਨੂੰ ਭੱਜਣ ‘ਚ ਮੱਦਦ ਕੀਤੀ | ਇਨ੍ਹਾਂ ਫਰਾਰ ਬਦਮਾਸ਼ਾਂ ‘ਚ ਹਰਮਿੰਦਰ ਸਿੰਘ ਉਰਫ ਮਿੰਟੂ, ਕੁਲਪ੍ਰੀਤ ਸਿੰਘ ਉਰਫ ਨੀਟਾ ਦਿਓਲ, ਗੁਰਪ੍ਰੀਤ ਸਿੰਘ ਸੇਖੋਂ, ਅਮਨਦੀਪ ਸਿੰਘ ਢੋਟੀਆਂ, ਕਸ਼ਮੀਰ ਸਿੰਘ ਉਰਫ ਗਲਵੱਡੀ ਅਤੇ ਬਦਮਾਸ਼ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਵੀ ਸ਼ਾਮਲ ਸਨ।
26 ਜਨਵਰੀ 2018 ਨੂੰ ਰਾਜਸਥਾਨ ਵਿਖੇ ਵਿੱਕੀ ਗੌਂਡਰ ਨੂੰ ਮੁਕਾਬਲੇ ਦੌਰਾਨ ਮਾਰ ਮੁਕਾਇਆ ਸੀ | ਬਾਕੀ ਹੋਰਾਂ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ | ਵਿੱਕੀ ਗੌਂਡਰ ਗੈਂਗ ਦੇ ਮੁੱਖ ਮੈਂਬਰ ਸ਼ੇਰਾ ਖੁੱਬਣ ਨੇ ਇਸ ਕਾਂਡ ਲਈ ਗੈਂਗ ਮੈਂਬਰਾਂ ਨੂੰ ਵਿੱਤੀ ਸਹਾਇਤਾ, ਹਥਿਆਰ ਅਤੇ ਜੇਲ੍ਹ ‘ਚ ਅੰਦਰ ਜਾਣ ਲਈ ਜਾਅਲੀ ਆਈ.ਡੀ ਪ੍ਰਦਾਨ ਕਰਵਾਈਆਂ ਸਨ |
ਡੀਜੀਪੀ ਗੌਰਵ ਯਾਦਵ ਮੁਤਾਬਕ ਜਾਂਚ ਤੋਂ ਬਾਅਦ ਨਾਭਾ ਜੇਲ੍ਹ ਬ੍ਰੇਕ ਦੇ ਕੁੱਲ 26 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਚਾਰਜਸ਼ੀਟ ਕੀਤਾ ਗਿਆ ਸੀ | ਵਿਦੇਸ਼ੀ ਹੈਂਡਲਰ ਰਮਨਜੀਤ ਸਿੰਘ ਉਰਫ਼ ਰੋਮੀ ਭਗੌੜਾ ਐਲਾਨਿਆ ਗਿਆ ਸੀ | ਪੁਲਿਸ ਰੋਮੀ ਖ਼ਿਲਾਫ ਲੁੱਕ ਆਉਟ ਸਰਕੂਲਰ ਅਤੇ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ | ਰੋਮੀ ਦੀ ਹਵਾਲਗੀ ਲੈਣ ਲਈ ਕਾਨੂੰਨੀ ਸਹਾਇਤਾ ਸੰਧੀ ਤਹਿਤ ਇਸ ਕੇਸ ਨੂੰ ਨਿਆਂ ਵਿਭਾਗ ਅਤੇ ਹਾਂਗਕਾਂਗ ਅਦਾਲਤ ‘ਚ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਹਾਂਗਕਾਂਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ 6 ਅਗਸਤ, 2024 ਨੂੰ ਰੋਮੀ ਦੇ ਆਤਮ ਸਮਰਪਣ ਸਬੰਧੀ ਆਦੇਸ਼ ਜਾਰੀ ਕੀਤਾ |