PUNJAB POLICE

ਪੰਜਾਬ ਪੁਲਿਸ ਨੇ ਮਿੱਥਕੇ ਕਤਲ ਕਰਨ ਦੀਆ ਵਾਰਦਾਤਾਂ ਨੂੰ ਟਾਲਿਆ, ਆਈ.ਐਸ.ਆਈ. ਹਮਾਇਤ ਪ੍ਰਾਪਤ ਅੱਤਵਾਦੀ ਮਾਡਿਊਲ ਦੇ 3 ਮੈਂਬਰ 8 ਪਿਸਤੌਲਾਂ ਸਮੇਤ ਕਾਬੂ

ਚੰਡੀਗੜ੍ਹ/ਬਠਿੰਡਾ, 22 ਨਵੰਬਰ 2023: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਵਿੱਢੀ ਮੁਹਿੰਮ ਤਹਿਤ ਪੰਜਾਬ ’ਚ ਸੰਗਠਿਤ ਅਪਰਾਧਾਂ ਨੂੰ ਵੱਡਾ ਝਟਕਾ ਦਿੰਦੇ ਹੋਏ ਪੰਜਾਬ ਪੁਲਿਸ (PUNJAB POLICE) ਨੇ ਆਈ.ਐੱਸ.ਆਈ.-ਨਿਯੰਤਰਿਤ ਪਾਕਿ-ਅਧਾਰਤ ਅੱਤਵਾਦੀ ਮਾਡਿਊਲ ਨਾਲ ਸਬੰਧਤ 3 ਕਾਰਕੁੰਨਾਂ ਨੂੰ ਗ੍ਰਿਫਤਾਰ ਕਰਕੇ, ਸੂਬੇ ’ਚ ਮਿੱਥ ਕੇ ਕਤਲ ( ਟਾਰਗੇਟ ਕਿਲਿੰਗ ) ਕਰਨ ਦੀਆਂ ਵਾਰਦਾਤਾਂ ਨੂੰ ਟਾਲ ਦੇਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ।

ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਬੁੱਧਵਾਰ ਨੂੰ ਇੱਥੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਰਾਜਭੁਪਿੰਦਰ ਸਿੰਘ ਉਰਫ ਭਿੰਦਾ ਵਾਸੀ ਪਿੰਡ ਦਿੱਖ, ਬਠਿੰਡਾ ; ਰਮਨ ਕੁਮਾਰ ਵਾਸੀ ਪਿੰਡ ਗੁਰੂਹਰਸਹਾਏ, ਫਾਜ਼ਿਕਲਕਾ ਅਤੇ ਜਗਜੀਤ ਸਿੰਘ ਵਾਸੀ ਢਿੱਲਵਾ ਕਲਾਂ , ਕੋਟਕਪੂਰਾ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਇਨ੍ਹਾਂ ਦੇ ਕਬਜ਼ੇ ’ਚੋਂ 8 ਪਿਸਤੌਲ–ਤਿੰਨ .30 ਬੋਰ ਦੇ ਪਿਸਤੌਲ ਅਤੇ ਪੰਜ .32 ਬੋਰ ਦੇ ਪਿਸਤੌਲ– ਸਮੇਤ 9 ਮੈਗਜ਼ੀਨ ਅਤੇ 30 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਇੱਕ ਚੋਰੀ ਦੀ ਆਲਟੋ ਕਾਰ ਨੂੰ ਵੀ ਜ਼ਬਤ ਕੀਤਾ ਗਿਆ ਹੈ, ਜਿਸ ਵਿੱਚ ਉਕਤ ਸਫ਼ਰ ਕਰ ਰਹੇ ਸਨ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਇਤਲਾਹ ਦੇ ਆਧਾਰ ’ਤੇ ਕਾਊਂਟਰ ਇੰਟੈਲੀਜੈਂਸ ਬਠਿੰਡਾ ਦੀਆਂ ਪੁਲਿਸ ਟੀਮਾਂ (PUNJAB POLICE) ਨੇ ਬਠਿੰਡਾ ਦੇ ਪਿੰਡ ਗੋਬਿੰਦਪੁਰਾ ਵਿਖੇ ਪੁਲ ਨੇੜੇ ਵਿਸ਼ੇਸ਼ ਨਾਕਾ ਲਗਾਇਆ ਅਤੇ ਤਿੰਨਾਂ ਮੁਲਜ਼ਮਾਂ ਨੂੰ ਕਾਬੂ ਕੀਤਾ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਤਹਿਤ ਸੰਗਰੂਰ ਜੇਲ੍ਹ ਵਿੱਚ ਬੰਦ ਵਿਅਕਤੀਆਂ ਦੇ ਸੰਪਰਕ ਵਿੱਚ ਸਨ।

ਇਸ ਸਬੰਧੀ ਹੋਰ ਵੇਰਵੇ ਸਾਂਝੇ ਕਰਦੇ ਹੋਏ ਏ.ਆਈ.ਜੀ. ਕਾਊਂਟਰ ਇੰਟੈਲੀਜੈਂਸ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਫੜੇ ਗਏ ਮੁਲਜ਼ਮਾਂ ਨੇ ਮੱਧ ਪ੍ਰਦੇਸ਼ ਤੋਂ ਹਥਿਆਰ ਲਿਆਂਦੇ ਸਨ ਤਾਂ ਜੋ ਰਾਜ ਵਿੱਚ ਟਾਰਗੇਟ ਕਿਲਿੰਗ ਨੂੰ ਅੰਜਾਮ ਦੇ ਕੇ ਸਮਾਜ ਵਿੱਚ ਦਹਿਸ਼ਤ ਪੈਦਾ ਕੀਤੀ ਜਾ ਸਕੇ । ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਅਗਲੀਆਂ-ਪਿਛਲੀਆਂ ਕੜੀਆਂ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਜਾਰੀ ਹੈ ਅਤੇ ਹੋਰ ਹਥਿਆਰਾਂ ਦੀ ਬਰਾਮਦਗੀ ਦੀ ਆਸ ਹੈ।

ਇਸ ਸਬੰਧ ਵਿਚ ਕੇਸ ਐਫਆਈਆਰ ਨੰ. 151 ਮਿਤੀ 21/11/23 ਨੂੰ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 379, 411, 115, 109 ਅਤੇ 120ਬੀ ਅਤੇ ਅਸਲਾ ਐਕਟ ਦੀਆਂ ਧਾਰਾਵਾਂ 25(7) ਅਤੇ 25(8) ਤਹਿਤ ਥਾਣਾ ਕੈਂਟ ਬਠਿੰਡਾ ਵਿਖੇ ਦਰਜ ਕੀਤਾ ਗਿਆ ਹੈ।

Scroll to Top