ਚੰਡੀਗੜ੍ਹ/ਅੰਮ੍ਰਿਤਸਰ, 15 ਦਸੰਬਰ 2025: ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਨਜ਼ਦੀਕੀ ਤਾਲਮੇਲ ਨਾਲ, ਪਾਬੰਦੀਸ਼ੁਦਾ ਬੀਕੇਆਈ ਨਾਲ ਸਬੰਧਤ ਦੋ ਵਿਅਕਤੀਆਂ ਨੂੰ ਮੁੰਬਈ ਪਹੁੰਚਣ ‘ਤੇ ਗ੍ਰਿਫ਼ਤਾਰ ਕੀਤਾ।
ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਸਾਜਨ ਮਸੀਹ ਵਾਸੀ ਵੇਰੋਕੇ, ਗੁਰਦਾਸਪੁਰ ਅਤੇ ਸੁਖਦੇਵ ਕੁਮਾਰ ਉਰਫ਼ ਮੁਨੀਸ਼ ਬੇਦੀ ਵਾਸੀ ਲਾਹੌਰੀ ਗੇਟ (ਜ਼ਿਲ੍ਹਾ ਅੰਮ੍ਰਿਤਸਰ) ਵਜੋਂ ਹੋਈ ਹੈ। ਪੁਲਿਸ ਮੁਤਾਬਕ ਉਨ੍ਹਾਂ ਵਿਰੁੱਧ ਬਟਾਲਾ ਅਤੇ ਅੰਮ੍ਰਿਤਸਰ ਦੇ ਵੱਖ-ਵੱਖ ਥਾਣਿਆਂ ‘ਚ ਕਤਲ, ਇਰਾਦਾ ਕਤਲ, ਹਥਿਆਰਾਂ ਤੇ ਵਿਸਫੋਟਕ ਪਦਾਰਥਾਂ ਨਾਲ ਸਬੰਧਤ ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ) ਤਹਿਤ ਕਈ ਕੇਸ ਦਰਜ ਹਨ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਦੋਵੇਂ ਮੁਲਜ਼ਮ ਪਾਕਿਸਤਾਨ ਅਧਾਰਤ ਆਈਐਸਆਈ-ਸਮਰਥਿਤ ਹਰਵਿੰਦਰ ਸਿੰਘ ਉਰਫ਼ ਰਿੰਦਾ ਤੇ ਅਮਰੀਕਾ ਅਧਾਰਤ ਬੀਕੇਆਈ-ਆਪਰੇਟਿਵ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ ਦੇ ਸਾਥੀ ਸਨ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮ ਦੁਬਈ ਅਤੇ ਅਰਮੀਨੀਆ ਸਮੇਤ ਵਿਦੇਸ਼ੀ ਥਾਵਾਂ ਤੋਂ ਕੰਮ ਕਰ ਰਹੇ ਸਨ ਅਤੇ ਪੰਜਾਬ ‘ਚ ਵਾਰਦਾਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ |
ਪੰਜਾਬ ਪੁਲਿਸ ਵੱਲੋਂ ਵਿਦੇਸ਼ਾਂ ਵਿੱਚ ਪਨਾਹ ਲੈਣ ਵਾਲੇ ਵੱਖ-ਵੱਖ ਲੋੜੀਂਦੇ ਅਪਰਾਧੀਆਂ ਵਿਰੁੱਧ ਲੁੱਕ ਆਊਟ ਸਰਕੂਲਰ ਅਤੇ ਰੈੱਡ ਕਾਰਨਰ ਨੋਟਿਸ ਜਾਰੀ ਕੀਤੇ ਗਏ ਹਨ |
ਪੰਜਾਬ ਡੀਜੀਪੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਬੀਕੇਆਈ ਨਾਲ ਜੁੜੇ ਇੱਕ ਨੈੱਟਵਰਕ ਦਾ ਹਿੱਸਾ ਸਨ, ਜੋ ਅੰਮ੍ਰਿਤਸਰ ਅਤੇ ਬਟਾਲਾ ਦੇ ਕਈ ਥਾਣਿਆਂ ‘ਤੇ ਗ੍ਰਨੇਡ ਹਮਲਿਆਂ ਅਤੇ ਜੌੜੀਆਂ ਕਲਾਂ ਦੇ ਹਰਦੀਪ ਸਿੰਘ ਤੇ ਡੇਰਾ ਬਾਬਾ ਨਾਨਕ ਦੇ ਕਰਿਆਨਾ ਸਟੋਰ ਦੇ ਮਾਲਕ ਰਵੀ ਕੁਮਾਰ ਦੇ ਕਤਲ ਲਈ ਜ਼ਿੰਮੇਵਾਰ ਸਨ। ਸਾਜਨ ਮਸੀਹ ਇੱਕ ਹੋਰ ਮੁੱਖ ਸਹਿਯੋਗੀ ਸ਼ਮਸ਼ੇਰ ਸ਼ੇਰਾ ਉਰਫ਼ ਹਨੀ ਅਰਮੇਨੀਆ ‘ਚ ਰਹਿ ਰਿਹਾ ਹੈ, ਉਸਦੇ ਦੇ ਵੀ ਸੰਪਰਕ ‘ਚ ਸੀ।
ਇਸ ਸਬੰਧੀ ਏਆਈਜੀ ਐਸਐਸਓਸੀ ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਨੇ ਕਿਹਾ ਕਿ ਕੇਂਦਰੀ ਏਜੰਸੀਆਂ ਦੇ ਨਜ਼ਦੀਕੀ ਤਾਲਮੇਲ ਸਦਕਾ ਪ੍ਰਾਪਤ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਅੰਮ੍ਰਿਤਸਰ ਅਤੇ ਕਾਊਂਟਰ ਇੰਟੈਲੀਜੈਂਸ, ਪਠਾਨਕੋਟ ਦੀ ਇੱਕ ਸਾਂਝੀ ਟੀਮ ਤੁਰੰਤ ਮੁੰਬਈ ਰਵਾਨਾ ਹੋਈ ਅਤੇ ਜਿਵੇਂ ਹੀ ਦੋਵੇਂ ਮੁੰਬਈ ਪਹੁੰਚੇ, ਉਹਨਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ।
Read More: ਨਸ਼ਾ ਤਸਕਰੀ ਮਾਮਲੇ ‘ਚ ਅੰਮ੍ਰਿਤਸਰ ਪੁਲਿਸ ਨੇ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਕੀਤਾ ਗ੍ਰਿਫਤਾਰ




