ਤਰਨਤਾਰਨ, 03 ਜੂਨ 2025: ਪੰਜਾਬ ਪੁਲਿਸ (Punjab Police) ਦੇ ਕਾਊਂਟਰ-ਇੰਟੈਲੀਜੈਂਸ ਵਿੰਗ ਨੂੰ ਮਿਲੀ ਮਹੱਤਵਪੂਰਨ ਜਾਣਕਾਰੀ ਦੇ ਆਧਾਰ ‘ਤੇ ਤਰਨਤਾਰਨ ਪੁਲਿਸ ਨੇ ਇੱਕ ਸਾਂਝੇ ਆਪ੍ਰੇਸ਼ਨ ਤਹਿਤ ਗਗਨਦੀਪ ਸਿੰਘ ਉਰਫ਼ ਗਗਨ, ਵਾਸੀ ਮੁਹੱਲਾ ਰੋਡੂਪੁਰ, ਗਲੀ ਨਜ਼ਰ ਸਿੰਘ ਵਾਲੀ, ਤਰਨਤਾਰਨ ਨੂੰ ਗ੍ਰਿਫ਼ਤਾਰ ਕੀਤਾ ਹੈ। ਗਗਨਦੀਪ ‘ਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਅਤੇ ਖਾ.ਲਿ.ਸ.ਤਾਨੀ ਸਮਰਥਕ ਗੋਪਾਲ ਸਿੰਘ ਚਾਵਲਾ ਦੇ ਸੰਪਰਕ ‘ਚ ਰਹਿ ਕੇ ਫੌਜ ਨਾਲ ਸਬੰਧਤ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰਨ ਦਾ ਦੋਸ਼ ਹੈ।
ਪੰਜਾਬ ਪੁਲਿਸ (Punjab Police) ਮੁਤਾਬਕ ਪੁਲਿਸ ਵੱਲੋਂ ਕੀਤੀ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਗਗਨਦੀਪ ਸਿੰਘ ਭਾਰਤੀ ਫੌਜ ਦੀਆਂ ਗਤੀਵਿਧੀਆਂ, ਤਾਇਨਾਤੀ ਅਤੇ ਰਣਨੀਤਕ ਸਥਾਨਾਂ ਨਾਲ ਸਬੰਧਤ ਗੁਪਤ ਜਾਣਕਾਰੀ ਪਾਕਿਸਤਾਨ ਨੂੰ ਭੇਜ ਰਿਹਾ ਸੀ। ਉਹ ਆਪ੍ਰੇਸ਼ਨ ਸੰਧੂਰ ਦੌਰਾਨ ਇਹ ਜਾਣਕਾਰੀ ਸਾਂਝੀ ਕਰ ਰਿਹਾ ਸੀ, ਜਿਸ ਨਾਲ ਦੇਸ਼ ਦੀ ਰਾਸ਼ਟਰੀ ਸੁਰੱਖਿਆ ਲਈ ਗੰਭੀਰ ਖ਼ਤਰਾ ਸੀ।
ਪੁਲਿਸ ਮੁਤਾਬਕ ਜਾਂਚ ‘ਚ ਇਹ ਵੀ ਖੁਲਾਸਾ ਹੋਇਆ ਹੈ ਕਿ ਗਗਨਦੀਪ ਸਿੰਘ ਪਿਛਲੇ ਪੰਜ ਸਾਲਾਂ ਤੋਂ ਪਾਕਿਸਤਾਨ ਸਥਿਤ ਗੋਪਾਲ ਸਿੰਘ ਚਾਵਲਾ ਦੇ ਸੰਪਰਕ ‘ਚ ਸੀ। ਇਸ ਮਾਧਿਅਮ ਰਾਹੀਂ, ਉਸਦੀ ਜਾਣ-ਪਛਾਣ ਪਾਕਿਸਤਾਨ ਦੇ ਆਈਐਸਆਈ ਆਪਰੇਟਿਵ (ਪੀਆਈਓ) ਨਾਲ ਹੋਈ ਸੀ। ਗਗਨਦੀਪ ਨੂੰ ਇਸ ਗਤੀਵਿਧੀ ਲਈ ਭਾਰਤੀ ਬੈਂਕਿੰਗ ਚੈਨਲਾਂ ਰਾਹੀਂ ਵੀ ਭੁਗਤਾਨ ਕੀਤਾ ਗਿਆ ਸੀ, ਜਿਸਨੂੰ ਸਿੱਧੇ ਤੌਰ ‘ਤੇ ਪਾਕਿਸਤਾਨੀ ਏਜੰਟਾਂ ਦੁਆਰਾ ਟ੍ਰਾਂਸਫਰ ਕੀਤਾ ਗਿਆ ਸੀ।
ਗ੍ਰਿਫਤਾਰ ਮੁਲਜ਼ਮ ਤੋਂ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਹੈ, ਜਿਸ ਰਾਹੀਂ ਉਹ ਆਈਐਸਆਈ ਏਜੰਟਾਂ ਨੂੰ ਸੰਵੇਦਨਸ਼ੀਲ ਜਾਣਕਾਰੀ ਭੇਜਦਾ ਸੀ। ਫੋਨ ਤੋਂ 20 ਤੋਂ ਵੱਧ ਸ਼ੱਕੀ ਆਈਐਸਆਈ ਸੰਪਰਕਾਂ ਦੀ ਜਾਣਕਾਰੀ ਵੀ ਬਰਾਮਦ ਕੀਤੀ ਹੈ।
ਤਰਨਤਾਰਨ ਦੇ ਥਾਣਾ ਸਿਟੀ ‘ਚ ਸਰਕਾਰੀ ਭੇਦ ਐਕਟ ਤਹਿਤ ਗਗਨਦੀਪ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਨੇ ਕਿਹਾ ਹੈ ਕਿ ਇਹ ਸਿਰਫ ਸ਼ੁਰੂਆਤ ਹੈ ਅਤੇ ਹੋਰ ਡੂੰਘਾਈ ਨਾਲ ਜਾਂਚ ਇਸ ਜਾਸੂਸੀ ਨੈੱਟਵਰਕ ਦੇ ਹੋਰ ਚਿਹਰੇ ਬੇਨਕਾਬ ਕਰ ਸਕਦੀ ਹੈ।
Read More: ਪੰਜਾਬ ਪੁਲਿਸ ਵੱਲੋਂ 89ਵੇਂ ਦਿਨ ਨਸ਼ਾ ਤਸਕਰੀ ‘ਚ 141 ਜਣੇ ਗ੍ਰਿਫਤਾਰ, 51 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ