ਚੰਡੀਗੜ੍ਹ/ਅੰਮ੍ਰਿਤਸਰ, 14 ਨਵੰਬਰ 2025: ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਅੰਮ੍ਰਿਤਸਰ ਨੇ ਕਾਊਂਟਰ ਇੰਟੈਲੀਜੈਂਸ ਪਠਾਨਕੋਟ ਨਾਲ ਸਾਂਝੇ ਆਪ੍ਰੇਸ਼ਨ ‘ਚ ਤਿੰਨ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਗੈਂਗਸਟਰ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ | ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ‘ਚੋਂ ਦੋ ਮੈਗਜ਼ੀਨ ਅਤੇ 15 ਜ਼ਿੰਦਾ ਕਾਰਤੂਸਾਂ ਸਮੇਤ ਦੋ .30 ਬੋਰ ਸਟਾਰ-ਮਾਰਕ ਪਿਸਤੌਲ ਬਰਾਮਦ ਕੀਤੇ ਹਨ।
ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਯੂਸਫ਼ ਮਸੀਹ, ਵਾਸੀ ਧਰਮਕੋਟ ਬੱਗਾ, ਬਟਾਲਾ, ਸੈਮੂਅਲ ਮਸੀਹ ਉਰਫ਼ ਅੰਕਿਤ ਉਰਫ਼ ਅੰਕੀ, ਵਾਸੀ ਪਿੰਡਾ ਰੋੜੀ, ਬਟਾਲਾ ਅਤੇ ਸਾਹਿਬਜੀਤ ਸਿੰਘ ਉਰਫ਼ ਸਾਭੀ, ਵਾਸੀ ਹਰੂਵਾਲ (ਬਟਾਲਾ) ਵਜੋਂ ਹੋਈ ਹੈ। ਪੁਲਿਸ ਨੇ ਦੋ ਹਥਿਆਰ ਬਰਾਮਦ ਕਰਨ ਤੋਂ ਇਲਾਵਾ ਉਨ੍ਹਾਂ ਦੀ ਮਾਰੂਤੀ ਸਵਿਫਟ ਕਾਰ, ਜਿਸਦਾ ਰਜਿਸਟ੍ਰੇਸ਼ਨ ਨੰਬਰ ਪੀਬੀ02ਡੀਕਿਉ0314 ਨੂੰ ਵੀ ਜ਼ਬਤ ਕਰ ਲਿਆ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮ ਅਰਮੀਨੀਆ ਅਧਾਰਤ ਲੋੜੀਂਦੇ ਗੈਂਗਸਟਰ ਰਾਜਾ ਹਾਰੂਵਾਲ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਹੇ ਸਨ, ਜਿਸਨੇ ਬਰਾਮਦ ਕੀਤੇ ਹਥਿਆਰਾਂ ਦੀ ਡਲਿਵਰੀ ਦਾ ਪ੍ਰਬੰਧ ਕੀਤਾ ਸੀ। ਉਨ੍ਹਾਂ ਕਿਹਾ ਕਿ ਇਹ ਮਾਡਿਊਲ ਹਥਿਆਰਾਂ ਅਤੇ ਪੈਸੇ ਦਾ ਲੈਣ-ਦੇਣ ਕਰਨ ਤੋਂ ਇਲਾਵਾ ਜਬਰੀ ਵਸੂਲੀ ਲਈ ਕਈ ਵਿਅਕਤੀਆਂ ਦੀ ਰੇਕੀ ਵੀ ਕਰ ਰਿਹਾ ਸੀ।
ਏਆਈਜੀ ਐਸਐਸਓਸੀ ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਨੇ ਕਿਹਾ ਕਿ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਬਟਾਲਾ ਖੇਤਰ ਤੋਂ ਮੁਲਜ਼ਮਾਂ ਦੇ ਕਬਜ਼ੇ ‘ਚੋਂ ਹਥਿਆਰ ਬਰਾਮਦ ਕਰਨ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਤਿੰਨੋਂ ਵਿਅਕਤੀਆਂ ਦਾ ਅਪਰਾਧਿਕ ਰਿਕਾਰਡ ਹੈ ਜਿਨ੍ਹਾਂ ਵਿਰੁੱਧ ਬਟਾਲਾ, ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿੱਚ ਅਗਵਾ, ਕਤਲ ਦੀ ਕੋਸ਼ਿਸ਼ ਅਤੇ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਮਾਮਲੇ ਦਰਜ ਹਨ।
Read More: ਮੋਹਾਲੀ ‘ਚ ਪੁਲਿਸ ਨੇ ਸਕਾਰਪੀਓ ਕਾਰ ‘ਚੋਂ 10 ਕਰੋੜ ਰੁਪਏ ਦੀ ਜਾਅਲੀ ਕਰੰਸੀ ਕੀਤੀ ਜ਼ਬਤ




